(ਸਮਾਜ ਵੀਕਲੀ) ਹੋਰ ਰਮਨਿਆ ,ਹਾਲ ਸੁਣਾ ਕਿਵੇਂ ਕਿੱਧਰ ਨੂੰ ਜਾਈ ਜਾਂਦਾ ,ਮੇਰੀ ਗੱਲ ਤਾਂ ਸੁਣਦਾ ਜਾ, ਕੁਝ ਨਹੀਂ ਬੱਲਿਆ ਬਸ ਥੋੜਾ ਜਿਹਾ ਪਰੇਸ਼ਾਨ ਆ, ਲੰਘੀ ਜਾ ਰਿਹਾ ਹਾਂ। ਫਿਰ ਬਲਜਿੰਦਰ ਰਮਨ ਨੂੰ ਰੋਕ ਕੇ ਉਸ ਨੂੰ ਪਰੇਸ਼ਾਨੀ ਦਾ ਕਾਰਨ ਪੁੱਛਦਾ ਹੈ, ਕੀ ਗੱਲ ਹੋ ਗਈ ਰਮਨ ਇਨਾ ਪਰੇਸ਼ਾਨ ਕਿਉਂ ਹੈ?ਕੁਝ ਨਹੀਂ ਬੱਲੇ ,ਹੋਰ ਕੀ ਦੱਸਾਂ ਬਸ ਉਹੀ ਘਰ ਦੀਆਂ ਪਰੇਸ਼ਾਨੀਆਂ ਤੈਨੂੰ ਤਾਂ ਪਤਾ ਹੀ ਹੈ। ਘਰ ਦੇ ਕਹਿੰਦੇ ਵਿਆਹ ਕਰਾ ਲੈ ,ਪਰ ਤੈਨੂੰ ਪਤਾ ਜਦੋਂ ਤੱਕ ਮੈਂ ਕੋਈ ਚੰਗੀ ਨੌਕਰੀ ਨਾ ਲੱਗ ਜਾਵਾਂ ਵਿਆਹ ਨਹੀਂ ਕਰਵਾ ਸਕਦਾ ਮੈਂ। ਮੇਰੀ ਬੇਬੇ ਨੂੰ ਆ ਫਿਕਰ ਹੋਈ ਜਾਂਦਾ ਕਿ ਮੇਰੀ ਉਮਰ ਲੰਘੀ ਜਾਂਦੀ ਹੈ। ਇਸ ਤੋਂ ਬਾਅਦ ਬਲਜਿੰਦਰ ਹੱਸ ਕੇ ਕਹਿੰਦਾ ਹੈ ,ਲੈ ਬਾਈ ਆਹ ਕਿੱਡੀ ਕੋਈ ਗੱਲ ਹੈ, ਆਪਾਂ ਹੁਣੇ ਹੀ ਨਾਲ ਦੇ ਪਿੰਡ ਚੱਲਦੇ ਆਂ ਉੱਥੇ ਇੱਕ ਬਹੁਤ ਹੀ ਮੰਨੇ ਹੋਏ ਬਾਬਾ ਜੀ ਹੈ ,ਜਿਹੜਾ ਬੰਦੇ ਦੀ ਸ਼ਕਲ ਦੇਖ ਕੇ ਉਸ ਦੀ ਸਾਰੀ ਕੁੰਡਲੀ ਦੱਸ ਦਿੰਦਾ ਹੈ, ਅਤੇ ਉਸ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੰਦਾ ਹੈ। ਵਾਹ ਓਏ ਬੱਲਿਆ ,ਪੜਿਆ ਲਿਖਿਆ ਹੋ ਕੇ ਕਿਹੋ ਜਿਹੀਆਂ ਗੱਲਾਂ ਕਰਦਾ ਹੈ। ਨਹੀਂ ਓਏ ਰਮਨਿਆ ਸੱਚੀ ਕਹਿ ਰਿਹਾ ਮੇਰੀ ਅੱਖੀ ਦੇਖੀ ਗੱਲ ਹੈ ਪਿੰਡ ਦੇ ਸਾਰੇ ਲੋਕ ਉਸ ਤੇ ਵਿਸ਼ਵਾਸ ਕਰਦੇ ਹੈ, ਨਾਲੇ ਆਪਣੇ ਪਿੰਡ ਦੇ ਹੀ ਨਹੀਂ ਬਾਕੀ ਆਸੇ ਪਾਸੇ ਦੇ ਪਿੰਡ ਦੇ ਲੋਕਾਂ ਦਾ ਵੀ ਪੂਰਾ ਵਿਸ਼ਵਾਸ ਹੈ। ਨਾਲੇ ਸਾਡੇ ਘਰ ਦੀ ਗੱਲ ਹੀ ਸੁਣ ਲੈ ਮੇਰੀ ਬੇਬੇ ਕਿੰਨਾ ਬੀਮਾਰ ਰਹਿੰਦੀ ਸੀ ਦੋ ਵਾਰੀ ਬਾਬੇ ਦੇ ਦਰਸ਼ਨ ਕਰਕੇ ਆਈ ਹੈ, ਤੇ ਉਸ ਦੀਆਂ ਗੱਲਾਂ ਉੱਤੇ ਅਮਲ ਕੀਤਾ ਤੇ ਹੁਣ ਭੱਜੀ ਫਿਰਦੀ ਹੈ, ਨਾਲੇ ਤੈਨੂੰ ਤਾਂ ਪਤਾ ਹੈ ਤੇਰੀ ਭਰਜਾਈ ਤੇ ਮੇਰੀ ਬੇਬੇ ਦੀ ਬਿਲਕੁਲ ਵੀ ਨਹੀਂ ਬਣਦੀ ਸੀ। ਤੇ ਜਦੋਂ ਦੀ ਦੋਵੇਂ ਜਣੀਆਂ ਬਾਬੇ ਕੋਲ ਜਾ ਕੇ ਆਈਆਂ ਮੈਂ ਕਹਿੰਨਾ ਮੂੰਹ ਜੋੜ ਜੋੜ ਕੇ ਗੱਲਾਂ ਕਰਦੀਆਂ ਨੇ। ਨਾਲੇ ਵਿੱਚੇ ਜੀ ਮੇਰਾ ਕਾਰੋਬਾਰ ਵੀ ਥੋੜਾ ਜਿਹਾ ਮੱਠਾ ਪੈ ਗਿਆ ਸੀ , ਤੇ ਬਾਬੇ ਦੀ ਹੀ ਕਿਰਪਾ ਹੋਈ ਕਿ ਮੇਰਾ ਕੰਮ ਵੀ ਜੋਰਾ ਸ਼ੋਰਾ ਤੇ ਹੈ ਹੁਣ। ਬੱਲੇ ਦੀਆਂ ਗੱਲਾਂ ਸੁਣ ਕੇ ਰਮਨੇ ਦੀਆਂ ਅੱਖਾਂ ਵਿੱਚ ਚਮਕ ਆ ਗਈ। ਕੀ ਗੱਲਾਂ ਕਰ ਕਰ ਰਿਹਾ ਬੱਲੇ ਸੱਚੀ ਸੱਚੀ ਦੱਸ। ਹਾਂ ਯਾਰ ਬਿਲਕੁਲ ਝੂਠ ਨਹੀਂ ਬੋਲ ਰਿਹਾ ਬਿਲਕੁਲ ਸੱਚੀ ਗੱਲ ਹੈ, ਬੱਲੇ ਨੇ ਜਵਾਬ ਦਿੱਤਾ। ਯਾਰ ਜੇ ਇਹ ਗੱਲ ਹੈ ਤਾਂ ਫਿਰ ਮੈਂ ਵੀ ਤੇਰੇ ਨਾਲ ਉਸ ਬਾਬੇ ਨੂੰ ਮਿਲ ਕੇ ਆਓ। ਲੈ ਇਹਦੇ ਚ ਕਿਹੜੀ ਵੱਡੀ ਗੱਲ ਹੈ ਜੇ ਤੂੰ ਕਹੇ ਤਾਂ ਆਪਾਂ ਹੁਣੇ ਚਲਦੇ ਰਹਿਨੇ ਆ, ਬੱਲੇ ਨੇ ਜਵਾਬ ਦਿੱਤਾ। ਅੱਜ ਨਹੀਂ ਯਾਰ ਕੱਲ ਸਵੇਰੇ ਚੱਲਾਂਗੇ ਅੱਜ ਮੈਨੂੰ ਥੋੜਾ ਕੰਮ ਹੈ। ਅਗਲੇ ਦਿਨ ਰਮਨ ਅਤੇ ਬਲਜਿੰਦਰ ਦੋਵੇਂ ਮਿਲ ਕੇ ਉਸ ਬਾਬੇ ਕੋਲ ਗਏ ਜਿਹੜਾ ਕਿ ਨਾਲ ਦੇ ਪਿੰਡ ਚ ਆਸ਼ਰਮ ਬਣਾ ਕੇ ਰਹਿੰਦਾ ਸੀ। ਦੋਵੇਂ ਦੋਸਤ ਉਸ ਬਾਬੇ ਦੇ ਆਸ਼ਰਮ ਚ ਪਹੁੰਚੇ। ਰਮਨ ਆਸ਼ਰਮ ਦੀ ਸੁੰਦਰਤਾ ਨੂੰ ਦੇਖ ਕੇ ਅਚੰਭਿਤ ਰਹਿ ਗਿਆ। ਜਦ ਦੋਵੇਂ ਦੋਸਤ ਬਾਬਾ ਜੀ ਕੋਲ ਪਹੁੰਚੇ ਤਾਂ ਬਾਬਾ ਆਪਣੀ ਮਸਤੀ ਵਿੱਚ ਭਜਨ ਗਾ ਰਿਹਾ ਸੀ ਤੇ ਸਾਰੀ ਸੰਗਤ ਉਸਨੂੰ ਬੜੀ ਹੀ ਸ਼ਾਂਤੀ ਅਤੇ ਧਿਆਨ ਨਾਲ ਸੁਣ ਰਹੀ ਸੀ, ਜਦ ਰਮਨ ਨੇ ਉਸ ਬਾਬੇ ਵੱਲ ਦੇਖਿਆ ਤਾਂ ਉਸ ਬਾਬੇ ਨੂੰ ਦੇਖਦਿਆਂ ਹੀ ਰਮਨ ਦੇ ਮਨ ਵਿੱਚ ਇੱਕ ਅਜੀਬ ਜਿਹੀ ਤਸਵੀਰ ਆਉਣ ਲੱਗ ਪਈ ਰਮਨ ਹੈਰਾਨ ਹੋ ਕੇ ਆਪਣੇ ਦਿਮਾਗ ਤੇ ਜੋਰ ਪਾਉਣ ਲੱਗ ਗਿਆ ਕਿ ਮੈਂ ਬਾਬਾ ਜੀ ਨੂੰ ਕਿਤੇ ਵੇਖਿਆ ਹੋਇਆ ਹੈ ਪਰ ਉਸ ਨੂੰ ਯਾਦ ਨਹੀਂ ਆ ਰਿਹਾ ਸੀ ਕਿ ਉਸਨੇ ਬਬੇਨੁ ਕਿੱਥੇ ਵੇਖਿਆ ਹੋਇਆ ਹੈ, ਉਸਨੇ ਇਹ ਗੱਲ ਬਲਜਿੰਦਰ ਨੂੰ ਦੱਸੀ ਤੇ ਬਲਜਿੰਦਰ ਕਹਿਣ ਲੱਗ ਗਿਆ, ਬਾਬਾ ਜੀ ਦੀ ਪਹੁੰਚ ਬਹੁਤ ਦੂਰ ਦੂਰ ਤੱਕ ਹੈ ,ਰਮਨੇ ਹੋ ਸਕਦਾ ਹੈ ਕਿਸੇ ਸਤਸੰਗ’ ਚ ਸੁਣਿਆ ਜਾਂ ਦੇਖਿਆ ਹੋਣਾ। ਰਮਨ ਨੇ ਵੀ ਉਸ ਦੀ ਗੱਲ ਵਿੱਚ ਹਾਮੀ ਭਰੀ। ਫਿਰ ਦੋਵਾਂ ਨੇ ਆਪਣੀ ਗੱਲ ਬਾਬਾ ਜੀ ਕੋਲ ਰੱਖੀ ਅਤੇ ਬਾਬਾ ਜੀ ਨੇ ਰਮਨ ਨੂੰ ਦੱਸਿਆ ਕਿ ਉਸ ਨੂੰ ਨੌਕਰੀ ਦੀ ਤਲਾਸ਼ ਨਹੀਂ ਕਰਨੀ ਚਾਹੀਦੀ, ਨੌਕਰੀ ਦੀ ਬਜਾਏ ਉਸਨੂੰ ਆਪਣਾ ਕੋਈ ਕਾਰੋਬਾਰ ਕਰਨਾ ਚਾਹੀਦਾ ਹੈ ਜਿਸ ਵਿੱਚ ਉਸਨੂੰ ਬਹੁਤ ਮੁਨਾਫਾ ਹੋਣ ਵਾਲਾ ਹੈ। ਰਮਨ ਨੂੰ ਵੀ ਬਾਬਾ ਜੀ ਦੀ ਗੱਲ ਸਹੀ ਲੱਗੀ ਕਿਉਂਕਿ ਉਹ ਕਈ ਸਾਲਾਂ ਤੋਂ ਨੌਕਰੀ ਦੀ ਭਾਲ ਵਿੱਚ ਫਿਰ ਰਿਹਾ ਸੀ ਪਰ ਕੁਝ ਵੀ ਹੱਥ ਨਹੀਂ ਲੱਗ ਰਿਹਾ ਸੀ। ਤੇ ਬਾਬਾ ਜੀ ਨੇ ਉਸ ਨੂੰ ਹੋਰ ਵੀ ਕਈ ਉਪਾਏ ਤੇ ਕੰਮ ਦੱਸੇ ਜਿਸ ਦੇ ਕਰਨ ਨਾਲ ਉਸਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਰਮਨ ਤੇ ਬਲਜਿੰਦਰ ਉਥੋਂ ਚਲੇ ਗਏ ਪਰ ਰਮਨ ਦੇ ਦਿਮਾਗ ਵਿੱਚ ਹਾਲੇ ਵੀ ਬਾਬਾ ਜੀ ਦਾ ਚਿਹਰਾ ਘੁੰਮੀ ਜਾ ਰਿਹਾ ਸੀ ਜਿਵੇਂ ਕਿ ਉਹ ਉਸਨੂੰ ਪਹਿਲਾਂ ਤੋਂ ਹੀ ਜਾਣਦਾ ਹੋਵੇ ਜਾਂ ਉਸ ਨੂੰ ਕਿਤੇ ਦੇਖਿਆ ਹੋਵੇ, ਪਰ ਰਮਨ ਨੇ ਦਿਮਾਗ ਉੱਤੇ ਜਿਆਦਾ ਜ਼ੋਰ ਨਾ ਪਾਉਂਦਿਆਂ ਹੋਏ ਇਹ ਗੱਲ ਨੂੰ ਛੱਡ ਕੇ ਆਪਣੇ ਕਾਰੋਬਾਰ ਸ਼ੁਰੂ ਕਰਨ ਦੀ ਗੱਲ ਤੇ ਧਿਆਨ ਦਿੱਤਾ। ਦੇਖਦੇ ਦੇਖਦੇ ਹੀ ਦੇਖਦੇ ਉਸਨੇ ਕੁਝ ਮਹੀਨਿਆਂ ਵਿੱਚ ਆਪਣਾ ਮੁਰਗੀ ਫਾਰਮ ਦਾ ਕੰਮ ਸ਼ੁਰੂ ਕਰ ਲਿਆ ਅਤੇ ਉਹ ਕੰਮ ਇੰਨਾ ਵਧੀਆ ਚੱਲਿਆ ਕਿ ਉਸ ਨੂੰ ਨੌਕਰੀ ਦੀ ਭਾਲ ਕਰਨ ਦੀ ਲੋੜ ਹੀ ਨਾ ਰਹੀ । ਹੁਣ ਤਾਂ ਉਸ ਨੂੰ ਵੱਡੇ ਵੱਡੇ ਘਰਾਂ ਤੋਂ ਚੰਗੇ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸੀ।। ਇੱਕ ਦਿਨ ਬੈਠਾ ਉਹ ਆਪਣੇ ਲੈਪਟੋਪ ਉੱਤੇ ਕੰਮ ਕਰ ਰਿਹਾ ਸੀ ਤੇ ਉਸਨੇ ਆਪਣੀਆਂ ਕੁਝ ਪੁਰਾਣੀਆਂ ਫੋਟੋਆਂ ਦੇਖੀਆਂ । ਜਿਸ ਵਿੱਚ ਉਸ ਨੂੰ ਇੱਕ ਹੈਰਾਨ ਕਰਨ ਵਾਲਾ ਚਿਹਰਾ ਨਜ਼ਰ ਆਇਆ। ਇਹ ਫੋਟੋ ਉਸਦੇ ਦੋਸਤਾਂ ਦੀ ਗਰੁੱਪ ਫੋਟੋ ਸੀ ਜਿਸ ਵਿੱਚ ਇੱਕ ਚਿਹਰਾ ਉਸ ਦੇ ਸਾਹਮਣੇ ਵਾਰ ਵਾਰ ਆ ਰਿਹਾ ਸੀ। ਉਸ ਨੇ ਉਸ ਚਿਹਰੇ ਨੂੰ ਜੂਮ ਕਰਕੇ ਉਸਨੂੰ ਐਡਿਟ ਕੀਤਾ ਅਤੇ ਬਾਬਾ ਜੀ ਦਾ ਰੂਪ ਬਣਾਇਆ ਕੇ ਦੇਖਿਆ, ਉਸ ਦੀਆਂ ਅੱਖਾਂ ਖੜੀਆਂ ਹੀ ਰਹਿ ਗਈਆਂ ਜਦ ਉਸਨੇ ਦੇਖਿਆ ਕਿ ਉਸ ਦਾ ਸਭ ਤੋਂ ਪੁਰਾਣਾ ਦੋਸਤ ਰਵਿੰਦਰ ਅਤੇ ਬਾਬਾ ਜੀ ਦੀ ਸ਼ਕਲ ਬਿਲਕੁਲ ਇੱਕੋ ਜਿਹੀ ਲੱਗ ਰਹੀ ਸੀ। ਪਰ ਉਸਨੇ ਜਿੱਥੋਂ ਤੱਕ ਰਵਿੰਦਰ ਬਾਰੇ ਸੁਣਿਆ ਸੀ ਕਿ ਉਸ ਨੂੰ ਸ਼ਹਿਰ ਵਿੱਚ ਬਹੁਤ ਵੱਡੀ ਕੰਪਨੀ ਚ ਨੌਕਰੀ ਮਿਲ ਗਈ ਹੈ ਅਤੇ ਸਾਰਾ ਪਰਿਵਾਰ ਉੱਥੇ ਹੀ ਰਹਿੰਦਾ ਹੈ। ਫਿਰ ਰਮਨ ਨੇ ਸਾਰੀ ਗੱਲ ਆਪਣੇ ਦੋਸਤ ਬੱਲੇ ਨੂੰ ਦੱਸੀ । ਬੱਲੇ ਨੇ ਕਿਹਾ ਯਾਰ ਤੈਨੂੰ ਭੁਲੇਖਾ ਪੈ ਰਿਹਾ ਐਵੇਂ ਐਵੇਂ ਕਿਵੇਂ ਹੋ ਸਕਦਾ ਹੈ ,ਰਵਿੰਦਰ ਬਾਬਾ ਕਿਵੇਂ ਹੋ ਸਕਦਾ ਹੈ ਉਸ ਨੂੰ ਤਾਂ ਗਏ ਇੰਨੇ ਸਾਲ ਹੋ ਗਏ। ਤੈਨੂੰ ਐਵੇਂ ਹੀ ਉਨਾਂ ਦੀ ਸ਼ਕਲਾਂ ਦਾ ਭੁਲੇਖਾ ਪੈ ਰਿਹਾ ਹੈ।। ਰਵਿੰਦਰ ਬੱਲੇ ਅਤੇ ਰਮਨੇ ਦੇ ਬਚਪਨ ਦਾ ਦੋਸਤ ਸੀ ਇਹਨਾਂ ਤਿੰਨਾਂ ਨੇ ਸਕੂਲ ਦੀ ਪੜ੍ਹਾਈ ਇਕੱਠੀ ਕੀਤੀ ਸੀ, ਰਵਿੰਦਰ ਨੇ ਉੱਚ ਦਰਜੇ ਦੀ ਪੜ੍ਹਾਈ ਵੀ ਕਰ ਲਈ ਸੀ ਪਰ ਉਹ ਵੀ ਨੌਕਰੀ ਦੀ ਭਾਲ ਵਿੱਚ ਫਿਰ ਰਿਹਾ ਸੀ। ਇੱਕ ਦਿਨ ਫਿਰ ਖਬਰ ਆਈ ਕਿ ਉਸਨੂੰ ਬਹੁਤ ਵੱਡੀ ਨੌਕਰੀ ਮਿਲ ਗਈ ਹੈ ਤੇ ਉਸਦਾ ਪਰਿਵਾਰ ਵੀ ਸ਼ਹਿਰ ਵਿੱਚ ਜਾ ਕੇ ਰਹਿਣ ਲੱਗ ਪਿਆ। ਪਰ ਰਮਨ ਨੂੰ ਹਾਲੇ ਵੀ ਯਕੀਨ ਨਹੀਂ ਹੋ ਰਿਹਾ ਸੀ। ਫਿਰ ਦੋਵਾਂ ਦੋਸਤਾਂ ਨੇ ਇੱਕ ਤਰਕੀਬ ਲਾਈ ਅਤੇ ਸ਼ਾਮ ਦੇ ਵੇਲੇ ਜਦੋਂ ਬਾਬਾ ਜੀ ਆਪਣੇ ਆਸ਼ਰਮ ਚ ਇਕੱਲੇ ਬੈਠੇ ਸੀ ਤਾਂ ਉਹ ਪਿੱਛੇ ਦੇ ਦਰਵਾਜ਼ੇ ਤੋਂ ਗਏ, ਅਤੇ ਉੱਥੇ ਜਾ ਕੇ ਉਨਾਂ ਨੇ ਇੱਕ ਆਵਾਜ਼ ਮਾਰੀ , ਇੰਦਰ ਓ ਇੰਦਰ, ਇਹ ਸ਼ਬਦ ਸੁਣ ਕੇ ਬਾਬਾ ਜੀ ਨੇ ਪਿੱਛੇ ਮੁੜ ਕੇ ਦੇਖਿਆ, ਫਿਰ ਉਹ ਇੱਕ ਦਮ ਆਪਣੇ ਧਿਆਨ ਵਿੱਚ ਮਸਤ ਹੋ ਗਏ। ਰਮਨ ਨੇ ਫਿਰ ਉਹ ਆਵਾਜ਼ ਮਾਰੀ ਇੰਦਰ ਓ ਇੰਦਰ, ਬਾਬਾ ਜੀ ਪਿੱਛੇ ਮੁੜ ਕੇ ਦੇਖਣ ਲੱਗੇ ਅਤੇ ਥੋੜੇ ਜਿਹੇ ਪਰੇਸ਼ਾਨ ਹੋ ਗਏ ਫਿਰ ਰਮਨ ਅਤੇ ਬਲਜਿੰਦਰ ਦੋਵੇਂ ਜਣੇ ਬਾਬਾ ਜੀ ਦੇ ਸਾਹਮਣੇ ਆ ਗਏ। ਫਿਰ ਰਮਨ ਗੁੱਸੇ ਵਿੱਚ ਬੋਲ ਪਿਆ, ਕਿਉਂ ਰਵਿੰਦਰ ਬਾਬਾ ਜੀ ਤਾਂ ਇਹ ਸੀ ਤੁਹਾਡੀ ਵੱਡੀ ਨੌਕਰੀ, ਕੀ ਕਹਿ ਰਹੇ ਹੋ ਬੱਚਾ ਔਰ ਤੁਸੀਂ ਇੱਥੇ ਅਚਾਨਕ ਕੀ ਕਰ ਰਹੇ ਹੋ, ਬਾਬਾ ਜੀ ਨੇ ਪੁੱਛਿਆ, ਬਸ ਕਰੋ ਬਾਬਾ ਜੀ ਬਸ ਕਰੋ ਸਾਨੂੰ ਸਭ ਕੁਝ ਸਮਝ ਆ ਗਿਆ ਤੇ ਸਭ ਕੁਝ ਪਤਾ ਲੱਗ ਚੁੱਕਾ ਹੈ ਬੱਲੇ ਨੇ ਜਵਾਬ ਦਿੱਤਾ। ਤੁਸੀਂ ਹੋਰ ਕਿੰਨਾ ਕੁ ਲੋਕਾਂ ਨੂੰ ਗੁਮਰਾਹ ਕਰਨਾ ਹੈ ਅਤੇ ਲੋਕਾਂ ਨੂੰ ਲੁੱਟਣਾ ਹੈ। ਬਾਬਾ ਜੀ ਦੀ (ਰਵਿੰਦਰ) ਦੀਆਂ ਅੱਖਾਂ ਝੁਖ ਗਈਆਂ,, ਹੋਰ ਕੀ ਕਰਦਾ ਯਾਰੋ ਮੈਂ ਇਹ ਕੰਮ ਕੋਈ ਸ਼ੌਂਕ ਨਾਲ ਨਹੀਂ ਅਪਣਾਇਆ ਹੈ ਮੈਂ, ਇਨਾ ਪੜ੍ਹਨ ਲਿਖਣ ਦੇ ਬਾਵਜੂਦ ਵੀ ਮੈਨੂੰ ਕਿਤੇ ਵੀ ਆਪਣੇ ਮੁਤਾਬਿਕ ਨੌਕਰੀ ਨਹੀਂ ਮਿਲ ਰਹੀ ਸੀ, ਅਤੇ ਸਰਕਾਰਾਂ ਵੀ ਕੁਛ ਨਹੀਂ ਕਰ ਰਹੀਆਂ ਸੀ ।ਮੇਰਾ ਪੂਰਾ ਪਰਿਵਾਰ ਗਰੀਬੀ ਦੀ ਦਲਦਲ ਵਿੱਚ ਫਸਦਾ ਜਾ ਰਿਹਾ ਸੀ। ਫਿਰ ਮੈਂ ਇੱਕ ਦਿਨ ਟੀਵੀ ਤੇ ਦੇਖਿਆ ਕਿ ਕਿਵੇਂ ਅਨਪੜ ਲੋਕ ਧਰਮ ਦੇ ਨਾਂ ਤੇ ਲੋਕਾਂ ਨੂੰ ਗੁਮਰਾਹ ਕਰੀ ਜਾਂਦੇ ਹਨ ਅਤੇ ਆਪਣੀਆਂ ਕੁਰਸੀਆਂ ਨੂੰ ਸੰਭਾਲੀ ਜਾਂਦੇ ਹਨ ਅਤੇ ਆਪਣੇ ਘਰ ਬਣਾਈ ਜਾ ਰਹੇ ਹਨ, ਤਾਂ ਕਿਉਂ ਨਾ ਮੈਂ ਵੀ ਇਹ ਕੰਮ ਕਰਕੇ ਵੇਖਾਂ, ਤੇ ਦੇਖ ਲਓ ਅੱਜ ਜੋ ਵੀ ਆ ਤੁਹਾਡੇ ਸਾਹਮਣੇ ਆ ਮੇਰਾ ਪੂਰਾ ਪਰਿਵਾਰ ਵਧੀਆ ਜ਼ਿੰਦਗੀ ਜਿਓ ਰਿਹਾ ਹੈ ਅਤੇ ਮੈਨੂੰ ਅੱਜ ਦੇ ਸਮੇਂ ਵਿੱਚ ਕੋਈ ਵੀ ਪੈਸੇ ਦੀ ਦਿੱਕਤ ਨਹੀਂ ਹੈ, ਅਤੇ ਲੋਕਾਂ ਦਾ ਜੋ ਮੇਰੇ ਉੱਤੇ ਆਸਥਾ ਵਿਸ਼ਵਾਸ ਹੈ ਉਹ ਵੱਖਰੀ ਹੈ।, ਪਰ ਮੈਂ ਅੱਜ ਤੱਕ ਕਿਸੇ ਨੂੰ ਗੁਮਰਾਹ ਨਹੀਂ ਕੀਤਾ ਹਰ ਇੱਕ ਬੰਦੇ ਨੂੰ ਸਹੀ ਸਲਾਹ ਹੀ ਦਿੱਤੀ ਹੈ, ਮੇਰੀ ਮਜਬੂਰੀ ਨੇ ਮੇਰੇ ਤੋਂ ਇਹ ਕੰਮ ਕਰਵਾਇਆ ਹੈ। ਮੇਰੀ ਬੇਰੋਜ਼ਗਾਰੀ ਨੇ ਮੈਨੂੰ ਇਥੋਂ ਤੱਕ ਲਿਆ ਛੱਡਿਆ ਹੈ। ਲੋਕ ਧਰਮ ਦੇ ਨਾਂ ਤੇ ਪਤਾ ਨਹੀਂ ਕੀ ਕੁਝ ਕਰ ਲੈਂਦੇ ਹਨ ਪਰ ਮੈਂ ਸਿਰਫ ਧਰਮ ਦੇ ਨਾਂ ਤੇ ਆਪਣਾ ਪਰਿਵਾਰ ਪਾਲ ਰਿਹਾ ਹਾਂ।
ਨੀਤੂ ਰਾਣੀ
ਗਣਿਤ ਅਧਿਆਪਿਕਾ
ਲਹਿਰਾਗਾਗਾ ( ਸੰਗਰੂਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly