ਭਾਰਤ ਵਿਚ ਨਫ਼ਰਤ ਨਾਲ ਨਜਿੱਠਣ ਲਈ ਜੂਝ ਰਹੀ ਹੈ ਫੇਸਬੁੱਕ

Facebook Dark Mode.

ਨਿਊ ਯਾਰਕ, (ਸਮਾਜ ਵੀਕਲੀ) : ਫੇਸਬੁੱਕ ਦੇ ਅੰਦਰੂਨੀ ਦਸਤਾਵੇਜ਼ ਦੱਸਦੇ ਹਨ ਕਿ ਕੰਪਨੀ ਆਪਣੇ ਸਭ ਤੋਂ ਵੱਡੇ ਬਾਜ਼ਾਰ ਭਾਰਤ ਵਿਚ ਗੁੰਮਰਾਹਕੁਨ ਸੂਚਨਾਵਾਂ, ਨਫ਼ਰਤੀ ਭਾਸ਼ਣਾਂ ਤੇ ਹਿੰਸਾ ’ਤੇ ਜਸ਼ਨ ਮਨਾਉਣ ਨਾਲ ਜੁੜੀ ਸਮੱਗਰੀ ਦੀ ਸਮੱਸਿਆ ਨਾਲ ਸੰਘਰਸ਼ ਕਰ ਰਹੀ ਹੈ। ਅਮਰੀਕੀ ਅਖ਼ਬਾਰ ‘ਦਿ ਨਿਊ ਯਾਰਕ ਟਾਈਮਜ਼’ ਵਿਚ ਛਪੀ ਇਕ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਦੇ ਖੋਜਕਰਤਾਵਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਅਜਿਹੇ ਸਮੂਹ ਤੇ ਪੇਜ ਹਨ ਜੋ ‘ਭੜਕਾਊ ਤੇ ਗੁੰਮਰਾਹਕੁਨ ਮੁਸਲਿਮ ਵਿਰੋਧੀ ਸਮੱਗਰੀ ਨਾਲ ਭਰੇ ਪਏ ਹਨ।’ ਮੀਡੀਆ ਰਿਪੋਰਟ ਮੁਤਾਬਕ ਫੇਸਬੁੱਕ ਦੇ ਇਕ ਖੋਜਕਰਤਾ ਨੇ ਫਰਵਰੀ 2019 ਵਿਚ ਇਕ ਨਵਾਂ ਯੂਜ਼ਰ ਅਕਾਊਂਟ ਬਣਾਇਆ ਤਾਂ ਕਿ ਦੇਖਿਆ ਜਾ ਸਕੇ ਕਿ ਕੇਰਲਾ ਦੇ ਇਕ ਵਾਸੀ ਲਈ ਵੈੱਬਸਾਈਟ ਕਿਸ ਤਰ੍ਹਾਂ ਦੀ ਦਿਖਦੀ ਹੈ।

ਤਿੰਨ ਹਫ਼ਤਿਆਂ ਤੱਕ ਅਕਾਊਂਟ ਨੂੰ ਆਮ ਨੇਮਾਂ ਤਹਿਤ ਚਲਾਇਆ ਗਿਆ। ਸਮੂਹਾਂ ਨਾਲ ਜੁੜਨ, ਵੀਡੀਓ ਤੇ ਸਾਈਟ ਦੇ ਨਵੇਂ ਪੇਜ ਨੂੰ ਦੇਖਣ ਲਈ ਫੇਸਬੁੱਕ ਦੇ ਅਲਗੋਰਿਦਮ ਦੁਆਰਾ ਕੀਤੀਆਂ ਗਈਆਂ ਸਾਰੀਆਂ ਸਿਫ਼ਾਰਿਸ਼ਾਂ ਦਾ ਪਾਲਣ ਕੀਤਾ ਗਿਆ। ਇਸ ਦਾ ਸਿੱਟਾ ਇਹ ਰਿਹਾ ਕਿ ਅਕਾਊਂਟ ਚਲਾਉਣ ਵਾਲੇ ਦੇ ਸਾਹਮਣੇ ਨਫ਼ਰਤੀ ਭਾਸ਼ਣ, ਝੂਠੀਆਂ ਸੂਚਨਾਵਾਂ ਤੇ ਹਿੰਸਾ ’ਤੇ ਜਸ਼ਨ ਮਨਾਉਣ ਦਾ ਹੜ੍ਹ ਆ ਗਿਆ ਹੈ। ਇਸ ਨੂੰ ਫੇਸਬੁੱਕ ਨੇ ਆਪਣੀ ਅੰਦਰੂਨੀ ਰਿਪੋਰਟ ਵਿਚ ਦਰਜ ਕੀਤਾ ਹੈ। ਇਸ ਮਹੀਨੇ ਦੇ ਅੰਤ ਵਿਚ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ। ਰਿਪੋਰਟ ਮੁਤਾਬਕ ਫੇਸਬੁੱਕ ਦੇ ਦਸਤਾਵੇਜ਼ਦੱਸਦੇ ਹਨ ਕਿ ਕੰਪਨੀ ਭਾਰਤੀ ਬਾਜ਼ਾਰ ਵਿਚ ਝੂਠੀਆਂ ਸੂਚਨਾਵਾਂ, ਨਫ਼ਰਤੀ ਭਾਸ਼ਣਾਂ ਤੇ ਹਿੰਸਾ ਨਾਲ ਜੁੜੀ ਸਮੱਗਰੀ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੀ ਹੈ। ਇਹ ਦਸਤਾਵੇਜ਼ ਫੇਸਬੁੱਕ ਦੇ ਸਾਬਕਾ ਮੁਲਾਜ਼ਮ ਫਰਾਂਸਿਸ ਹੌਗਨ ਵੱਲੋਂ ਇਕੱਠੀ ਕੀਤੀ ਗਈ ਸਮੱਗਰੀ ਦਾ ਹਿੱਸਾ ਹਨ।

ਇਸ ਮਾਮਲੇ ਵਿਚ ਕੰਪਨੀ ਖ਼ਿਲਾਫ਼ ਨਿੱਤਰਨ ਵਾਲੇ ਫਰਾਂਸਿਸ ਨੇ ਹਾਲ ਹੀ ਵਿਚ ਅਮਰੀਕੀ ਸੈਨੇਟ ਅੱਗੇ ਫੇਸਬੁੱਕ ਬਾਰੇ ਬਿਆਨ ਵੀ ਦਰਜ ਕਰਵਾਏ ਹਨ। ਫੇਸਬੁੱਕ ਦੇ ਅੰਦਰਲੇ ਦਸਤਾਵੇਜ਼ ਇਹ ਵੀ ਦੱਸਦੇ ਹਨ ਕਿ ਕੰਪਨੀ ਦੇ ਮਾਲਕ ਮਾਰਕ ਜ਼ਕਰਬਰਗ ਨੇ ‘ਅਰਥਪੂਰਨ ਸਮਾਜਿਕ ਤਾਲਮੇਲ’ ਲਈ ਇਕ ਯੋਜਨਾ ਵੀ ਬਣਾਈ ਸੀ ਪਰ ਇਸ ਨੇ ਹੋਰ ਵੀ ਵੱਧ ਗੁਮਰਾਹ ਕੀਤਾ, ਖਾਸ ਕਰ ਕੇ ਮਹਾਮਾਰੀ ਦੇ ਦੌਰ ਵਿਚ। ਫੇਸਬੁੱਕ ਦੀ ਰਿਪੋਰਟ ਦੇ ਹਵਾਲੇ ਨਾਲ ‘ਨਿਊ ਯਾਰਕ ਟਾਈਮਜ਼’ ਨੇ ਦੱਸਿਆ ਕਿ ਭਾਰਤ ਵਿਚ ਮਾਨਤਾ ਪ੍ਰਾਪਤ 22 ਭਾਸ਼ਾਵਾਂ ਵਿਚੋਂ ਕੇਵਲ ਪੰਜ ਭਾਸ਼ਾਵਾਂ ਵਿਚ ਹੀ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਦੇ ਆਧਾਰ ਉਤੇ ਸਮੱਗਰੀ ਦਾ ਵਿਸ਼ਲੇਸ਼ਣ ਕਰਨ ਦੀ ਸੁਵਿਧਾ ਹੈ ਪਰ ਇਸ ਵਿਚ ਹਿੰਦੀ ਤੇ ਬੰਗਲਾ ਭਾਸ਼ਾ ਅਜੇ ਤੱਕ ਸ਼ਾਮਲ ਨਹੀਂ ਹੈ। ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਫੇਸਬੁੱਕ ਕੋਲ ਭਾਰਤ ਵਿਚ ਲੋੜੀਂਦੇ ਸਰੋਤ ਨਹੀਂ ਹਨ ਤੇ ਇਹ ਇੱਥੇ ਪੈਦਾ ਹੋ ਰਹੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਸਮਰੱਥ ਨਹੀਂ ਹੈ। ਇਨ੍ਹਾਂ ਸਮੱਸਿਆਵਾਂ ਵਿਚ ਮੁਸਲਮਾਨਾਂ ਵਿਰੋਧੀ ਪੋਸਟਾਂ ਵੀ ਸ਼ਾਮਲ ਹਨ। ਫੇਸਬੁੱਕ ਦੇ ਇਕ ਤਰਜਮਾਨ ਐਂਡੀ ਸਟੋਨ ਨੇ ਕਿਹਾ ਕੰਪਨੀ ਨੇ ਨਫ਼ਰਤੀ ਭਾਸ਼ਣਾਂ ਦੀ ਗਿਣਤੀ ਘਟਾ ਦਿੱਤੀ ਹੈ ਤੇ ਇਸ ਸਾਲ ਅੱਧੀ ਕਰ ਦਿੱਤੀ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਯੁਕਤ ਕਿਸਾਨ ਮੋਰਚੇ ਵੱਲੋਂ ਤੋਮਰ ਦੇ ਬਿਆਨ ਦਾ ਵਿਰੋਧ
Next articleਲਖੀਮਪੁਰ ਖੀਰੀ ਹਿੰਸਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਡੇਂਗੂ ਹੋਇਆ