ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬੀਤੇ ਬੁੱਧਵਾਰ ਦੀ ਰਾਤ ਲਗਭਗ 8 ਵਜੇ ਸਥਾਨਕ ਮੰਡੀ ਰੋਡ ‘ਤੇ ਰਹਿਣ ਵਾਲੇ ਇੱਕ ਪ੍ਰਵਾਸੀ ਮਜਦੂਰ ਨੇ ਦੂਸਰੇ ਪ੍ਰਵਾਸੀ ਮਜਦੂਰ ਦੇ ਕੁਆਟਰ ‘ਚ ਦਾਖਲ ਹੋ ਕੇ ਉਸਦੇ ਪਰਿਵਾਰ ‘ਤੇ ਲੋਹੇ ਦੇ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ‘ਚ ਜਖਮੀ ਕਰ ਦਿੱਤਾ | ਘਟਨਾ ਦੇ ਸੰਬੰਧ ‘ਚ ਸਿਵਲ ਹਸਪਤਾਲ ਫਿਲੌਰ ਵਿਖੇ ਜੇਰੇ ਇਲਾਜ ਮੁਨੀਸ਼ ਪੁੱਤਰ ਉਪੇਂਦਰ ਗੁਪਤਾ ਪਿੰਡ ਕਿਸ਼ਨਪੁਰ ਨਰਬਰਾ ਥਾਣਾ ਤਰਿਆਨੀ ਜਿਲਾ ਸ਼ਿਵਹਰ (ਬਿਹਾਰ) ਹਾਲ ਵਾਸੀ ਨੇੜੇ ਦਰਬਾਰ ਸੇਖ਼ ਨਸੀਰਾ ਨੇ ਦੱਸਿਆ ਕਿ ਮੈਂ ਪਿਛਲੇ ਲਗਭਗ 7-8 ਮਹੀਨਿਆਂ ਤੋਂ ਬੰਗਾ ਰੋਡ ‘ਤੇ ਸੜਕ ਕਿਨਾਰੇ ਨਾਨ ਤੇ ਛੋਲੇ ਭਟੂਰਿਆਂ ਦੀ ਰੇਹੜੀ ਲਗਾਉਂਦਾ ਹਾਂ | ਮੇਰੇ ਬਿਲਕੁਲ ਸਾਹਮਣੇ ਹੀ ਵਿਨੋਦ ਨਾਂ ਦਾ ਪ੍ਰਵਾਸੀ ਮਜਦੂਰ ਵੀ ਰੇਹੜੀ ਲਗਾਉਂਦਾ ਹੈ | ਬੀਤੀ ਬੁੱਧਵਾਰ ਦੀ ਰਾਤ ਨੂੰ ਮੈਂ ਆਪਣੀ ਰੇਹੜੀ ਦਾ ਕੰਮ ਨਿਪਟਾ ਕੇ ਜਦੋਂ ਆਪਣੇ ਕੁਆਟਰ ‘ਚ ਗਿਆ ਤਾਂ ਪਿੱਛੋਂ ਵਿਨੋਦ, ਉਸਦੇ ਪੁੱਤਰ ਤੇ ਇੱਕ ਹੋਰ ਸਾਥੀ ਨੇ ਮੇਰੇ ਤੇ ਮੇਰੀ ਪਤਨੀ ਗੁੜੀਆ ‘ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ | ਉਨਾਂ ਨੇ ਮੇਰੇ ਦੋ ਨੰਨੇ ਬੱਚਿਆਂ ਨਾਲ ਵੀ ਕੁੱਟਮਾਰ ਕੀਤੀ ਤੇ ਉਨਾਂ ਦੇ ਚਪੇੜਾਂ ਮਾਰੀਆਂ | ਉਕਤ ਹਮਲਾਵਰਾਂ ਨੇ ਮੇਰੇ ਤੇ ਮੇਰੀ ਪਤਨੀ ਦੇ ਸਿਰ ‘ਚ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ | ਉਸਨੇ ਅੱਗੇ ਦੱਸਿਆ ਕਿ ਹੁਣ ਮੈਂ ਤੇ ਮੇਰਾ ਪਰਿਵਾਰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਹਾਂ | ਅੱਪਰਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
https://play.google.com/store/apps/details?id=in.yourhost.samaj