ਬੱਚਿਆਂ ਨੂੰ ਸਮਝਾਈਏ ਨੈਤਿਕ ਕਦਰਾਂ ਕੀਮਤਾਂ ਬਾਰੇ-

ਅਮਨਦੀਪ ਕੌਰ ਹਾਕਮ
(ਸਮਾਜ ਵੀਕਲੀ)-ਬੱਚੇ ਬੜੇ ਹੀ ਸੋਹਲ ਅਤੇ ਭਾਵੁਕ ਹਿਰਦੇ ਵਾਲੇ ਹੁੰਦੇ ਹਨ ਇਸ ਲਈ ਨਿੱਕੇ ਹੁੰਦਿਆਂ ਹੀ ਓਹਨਾਂ ਨੂੰ ਜੇਕਰ ਹੌਲੀ ਹੌਲੀ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣੂ ਕਰਵਾਇਆ ਜਾਵੇ ਤਾਂ ਉਹ ਵੱਡੇ ਹੋਕੇ ਇੱਕ ਨੇਕ ਸਖਸ਼ੀਅਤ ਬਣ ਸਕਦੇ ਹਨ, ਅਤੇ ਚਿੜਚਿੜੇ ਪਨ, ਇਕੱਲਤਾ ਅਤੇ ਈਰਖੇ ਵਰਗੇ ਰੋਗ ਤੋਂ ਦੂਰ ਰਹਿ ਸਕਦੇ ਹਨ,
/ਸੁਭਾਅ= ਬੱਚੇ ਦਾ ਸੁਭਾਅ ਕਾਫੀ ਹੱਦ ਤੱਕ ਘਰ ਵਿੱਚ ਹੁੰਦੇ ਵਰਤਾਰੇ ਤੋਂ ਪ੍ਰਭਾਵਿਤ ਹੁੰਦਾ ਹੈ, ਜੇਕਰ ਘਰ ਵਿੱਚ ਕੋਈ ਵੱਡਾ ਮੈਂਬਰ ਉੱਚੀ ਆਵਾਜ਼ ਵਿੱਚ ਗੱਲ ਕਰਦਾ ਹੈ ਤਾਂ ਬੱਚਾ ਵੀ ਉਸ ਤਰੀਕੇ ਹੀ ਗੱਲਬਾਤ ਕਰਨ ਲੱਗੇਗਾ ਕਿਉਂਕਿ ਬੱਚੇ ਜੋ ਕੁਝ ਵੇਖਦੇ ਹਨ ਓਹ ਜਲਦ ਆਪਣੇ ਵਿੱਚ ਉਸਨੂੰ ਢਾਲਣ ਲਈ ਉਤਸੁਕ ਹੁੰਦੇ ਹਨ ਅਜਿਹਾ ਇਸਲਈ ਹੁੰਦਾ ਹੈ ਕਿਉਂਕਿ ਬੱਚਿਆਂ ਨੂੰ ਨਵੀਆਂ ਚੀਜ਼ਾਂ  ਸਿੱਖਣ ਦੀ ਤਾਂਘ ਸਾਡੇ ਨਾਲੋਂ ਵਧੇਰੇ ਹੁੰਦੀ ਹੈ, ਇਸਲਈ ਜੋ ਆਲੇ ਦੁਆਲੇ ਵਾਪਰਦਾ ਓਹ ਜਲਦ ਹੀ ਉਸਤੇ ਪਕੜ ਕਰਦੇ ਹਨ, ਕੋਸ਼ਿਸ਼ ਕਰੋ ਕਿ ਬੱਚੇ ਸਾਹਮਣੇ ਕਿਸੇ ਨੂੰ ਅਪਮਾਨਿਤ ਨਾ ਕਰੋ ਅਤੇ ਗੁੱਸੇ ਵਿਚ ਉੱਚੀ ਬੋਲਣ ਤੋਂ ਗ਼ੁਰੇਜ਼ ਕਰੋ।
ਇੱਕਲਤਾ= ਅੱਜਕਲ ਘਰਾਂ ਵਿੱਚ ਜਿਆਦਾ ਬੱਚੇ ਨਹੀਂ ਹੁੰਦੇ ਅਤੇ ਹਲਾਤਾਂ ਨੂੰ ਦੇਖਦੇ ਹੋਏ ਲੋਕ ਬੱਚਿਆਂ ਨੂੰ ਬਾਹਰ ਦੂਜੇ ਬੱਚਿਆਂ ਨਾਲ ਵੀ ਘੱਟ ਹੀ ਖੇਡਣ ਦਿੰਦੇ ਹਨ ਜਿਸ ਨਾਲ ਬੱਚਾ ਇੱਕਲਤਾ ਦਾ ਸ਼ਿਕਾਰ ਹੁੰਦਾ ਹੈ ਅਤੇ ਹਰ ਵੇਲੇ ਖਿਝਿਆ ਰਹਿੰਦਾ ਹੈ ਉਸਨੂੰ ਚੀਜ਼ਾਂ ਨੂੰ ਵੰਡ ਕੇ ਖਾਣ ਜਾਂ ਖੇਡਣ ਦੀ ਆਦਤ ਨਹੀਂ ਪੈਂਦੀ ਜਿਸ ਕਾਰਨ ਓਹ ਮੂੰਹੋਂ ਨਿਕਲੀ ਹਰ ਚੀਜ਼ ਲੈਣ ਦੀ ਪੂਰੀ ਜਿੱਦ ਕਰਦਾ ਹੈ ਜੇਕਰ ਆਸੇ ਪਾਸੇ ਸੁਰੱਖਿਆ ਹੋਵੇ ਤਾਂ ਬੱਚੇ ਨੂੰ ਹੋਰਨਾਂ ਬੱਚਿਆਂ ਨਾਲ ਖੇਡਣ ਦਿਓ ਤਾਂ ਜੋ ਬੱਚਾ ਚੀਜ਼ਾਂ ਨੂੰ ਸਾਂਝੀਆਂ ਕਰਨਾ ਸਿੱਖ ਸਕੇ ਅਤੇ ਉਸਨੂੰ ਸਮਝ ਆਵੇ ਕਿ ਲੋੜ੍ਹ ਨੂੰ ਪੂਰਾ ਕਰਨਾ ਹੋਵੇ ਤਾਂ ਮਿਲਵਰਤਨ ਅਤਿ ਜਰੂਰੀ ਹੈ,
ਤੁਲਨਾਂ= ਕਦੇ ਵੀ ਆਪਣੇ ਬੱਚੇ ਦੀ ਤੁਲਨਾਂ ਹੋਰਨਾਂ ਬੱਚਿਆਂ ਨਾਲ ਨਾ ਕਰੋ ਅਤੇ ਨਾ ਹੀ ਕਦੇ ਦੂਜੇ ਬੱਚਿਆਂ ਦੀ ਬੁਰਾਈ ਉਸਦੇ ਸਾਹਮਣੇ ਕਰੋ ਇਸ ਨਾਲ ਓਹ ਈਰਖਾ ਮਹਿਸੂਸ ਕਰੇਗਾ ਅਤੇ ਉਦਾਸ ਰਹੇਗਾ ਬੇਹਤਰ ਇਹ ਹੋਵੇਗਾ ਕਿ ਉਸਨੂੰ ਦੂਜੇ ਬੱਚਿਆਂ ਪ੍ਰਤੀ ਪਿਆਰ ਅਤੇ ਮਦਦ ਦੀ ਭਾਵਨਾ ਸਿਖਾਈ ਜਾਵੇ ਅਤੇ ਸਮਝਾਇਆ ਜਾਵੇ ਕਿ ਉਹ ਵੀ ਬਾਕੀ ਸਾਧਾਰਨ ਬੱਚਿਆਂ ਵਾਂਗ ਹੈ ਅਤੇ ਮਿਹਨਤ ਲਗਨ ਸਦਕਾ ਹਰ ਕੰਮ ਕਰ ਸਕਦਾ ਹੈ ਇਸ ਨਾਲ ਬੱਚੇ ਦਾ ਆਤਮਵਿਸ਼ਵਾਸ ਵਧੇਗਾ ਅਤੇ ਓਹ ਨਵੀਆਂ ਚੀਜ਼ਾਂ ਸਿੱਖਣ ਲਈ ਉਤਸੁਕ ਹੋਵੇਗਾ।
ਸਤਿਕਾਰ= ਬੱਚਿਆਂ ਨੂੰ ਇਹ ਗੱਲ ਲਾਜ਼ਮੀ ਸਮਝਾਓ ਕਿ ਜੇਕਰ ਉਹ ਹੋਰਨਾਂ ਤੋਂ ਸਤਿਕਾਰ ਚਾਹੁੰਦਾ ਹੈ ਤਾਂ ਪਹਿਲਾਂ ਇਸਨੂੰ ਸਾਹਮਣੇ ਵਾਲ਼ੇ ਨਾਲ ਸਤਿਕਾਰ ਸਹਿਤ ਵਿਚਰਨਾ ਪਏਗਾ ਤਾਹੀਂ ਉਹ ਸਤਿਕਾਰ ਮਾਣ ਸਨਮਾਨ ਦਾ ਹੱਕਦਾਰ ਹੋਵੇਗਾ, ਅਤੇ ਜਦੋਂ ਵੀ ਕੋਈ ਘਰ ਵਿਚ ਆਵੇ ਤਾਂ ਬੱਚੇ ਨੂੰ ਕੋਲ਼ ਬੁਲਾਕੇ ਪਹਿਚਾਣ ਕਰਵਾਓ ਇਸ ਨਾਲ ਬੱਚਾ ਸਹਿਜਤਾ ਮਹਿਸੂਸ ਕਰੇਗਾ ਅਤੇ ਮਿਲਵਰਤਨ ਦੀ ਇਸ ਵਿਧੀ ਨੂੰ ਸਮਝੇਗਾ, ਕਿਉਂਕਿ ਅੱਜਕਲ ਜਦੋਂ ਕੋਈ ਰਿਸ਼ਤੇਦਾਰ ਘਰ ਆਉਂਦਾ ਹੈ ਤਾਂ ਬੱਚੇ ਆਪਣੇ ਕਮਰੇ ਤੋਂ ਬਾਹਰ ਨਹੀਂ ਆਉਂਦੇ ਜੇਕਰ ਆ ਵੀ ਜਾਣ ਤਾਂ ਸਤਿ ਸ੍ਰੀ ਅਕਾਲ ਬੁਲਾਕੇ ਝੱਟ ਭੱਜ ਜਾਂਦੇ ਹਨ, ਇਸਲਈ ਜੇਕਰ ਆਪਾਂ ਬੱਚਿਆਂ ਨੂੰ ਰਚਣਾਂ ਮਿਚਣਾਂ ਸਿਖਾਵਾਂਗੇ ਤਾਂ ਓਹ ਹਸਮੁੱਖ ਅਤੇ ਆਗਿਆਕਾਰੀ ਬਣੇਗਾ ਅਤੇ ਇੱਕ ਚੰਗੀ ਸਖਸ਼ੀਅਤ ਦੇ ਰੂਪ ਵਿੱਚ ਅੱਗੇ ਵਧੇਗਾ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਮੈਨੂੰ ਭੁੱਲ ਜਾਣ ਦੀ ਗੱਲ”
Next articleਦਰਦ ਦੀ ਨਦੀ