ਨਵੀਂ ਦਿੱਲੀ (ਸਮਾਜ ਵੀਕਲੀ) : ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਕੇਸ ਦੇ ਸਬੰਧ ’ਚ ਅੱਜ ਇੱਕ ਸਥਾਨਕ ਵਿਸ਼ੇਸ਼ ਅਦਾਲਤ ’ਚ ਦਾਖਲ ਆਪਣੀ ਦੂੁਜੀ ਸਪਲੀਮੈਂਟਰੀ ਚਾਰਜਸ਼ੀਟ ਵਿੱਚ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਨਾਮ ਸ਼ਾਮਲ ਕੀਤਾ ਹੈ। ਹਾਲਾਂਕਿ ਚਾਰਜਸ਼ੀਟ ’ਚ ਚੱਢਾ ਨੂੰ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਹੈ। ਇਸੇ ਦੌਰਾਨ ਚੱਢਾ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ।
ਚਾਰਜਸ਼ੀਟ ਵਿੱਚ ਈਡੀ ਨੇ ਆਖਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸਾਬਕਾ ਸਕੱਤਰ ਸੀ. ਅਰਵਿੰਦ ਨੇ ਜਾਂਚ ਏਜੰਸੀ ਨੂੰ ਦੱਸਿਆ ਹੈ ਉਸ ਦੇ ‘ਸਾਬਕਾ ਬੌਸ’ ਦੀ ਰਿਹਾਇਸ਼ ’ਤੇ ਮੀਟਿੰਗ ਹੋਈ ਸੀ, ਜਿਸ ਵਿੱਚ ਰਾਘਵ ਚੱਢਾ ਵੀ ਹਾਜ਼ਰ ਸਨ। ਸੀ. ਅਰਵਿੰਦ ਦੇ ਬਿਆਨ ਮੁਤਾਬਕ ਮੀਟਿੰਗ ਵਿੱਚ ਪੰਜਾਬ ਐਕਸਾਈਜ਼ ਕਮਿਸ਼ਨਰ ਵਰੁਣ ਰੂਜਮ, ਵਿਜੈ ਨਾਇਰ (ਕੇਸ ਵਿੱਚ ਵਿੱਚ ਮੁਲਜ਼ਮ) ਅਤੇ ਪੰਜਾਬ ਐਕਸਾਈਜ਼ ਵਿਭਾਗ ਤੋਂ ਹੋਰ ਅਧਿਕਾਰੀ ਵੀ ਸ਼ਾਮਲ ਸਨ। ਦੂਜੇ ਪਾਸੇ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਈਡੀ ਦੀ ਚਾਰਜਸ਼ੀਟ ’ਚ ਆਪਣਾ ਨਾਂ ਆਉਣ ਦੀਆਂ ਖਬਰਾਂ ਨੂੰ ਝੂਠੀਆਂ ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ, ‘‘ਈਡੀ ਜਾਂ ਕਿਸੇ ਏਜੰਸੀ ਦੀ ਜਾਂਚ ਵਿੱਚ ਮੇਰਾ ਨਾਂ ਮੁਲਜ਼ਮ, ਸ਼ੱਕੀ ਜਾਂ ਗਵਾਹ ਵਜੋਂ ਨਹੀਂ ਹੈ। ਅਰਵਿੰਦ ਕੇਜਰੀਵਾਲ ਦੇ ਸੱਚੇ ਸਿਪਾਹੀ ਵਜੋਂ ਛਵੀ ਨੂੰ ਖ਼ਰਾਬ ਕਰਨ ਲਈ ਇਹ ਝੂਠੀ ਖ਼ਬਰ ਫੈਲਾਈ ਜਾ ਰਹੀ ਹੈ। ਭਾਜਪਾ ਦਾ ਮਕਸਦ ਅਰਵਿੰਦ ਕੇਜਰੀਵਾਲ ਤੇ ‘ਆਪ’ ਨੂੰ ਕਿਸੇ ਵੀ ਤਰੀਕੇ ਨਾਲ ਖਤਮ ਕਰਨਾ ਹੈ ਪਰ ਉਹ ਕਾਮਯਾਬ ਨਹੀਂ ਹੋਵੇਗੀ।’’
ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਅਕਸ ਤੇ ਭਰੋਸੇਯੋਗਤਾ ਬਹੁਤ ਕੀਮਤੀ ਹੁੰਦੀ ਹੈ ਤੇ ਇਸ ਨੂੰ ਬੜੀ ਮਿਹਨਤ ਨਾਲ ਬਣਾਇਆ ਜਾਂਦਾ ਹੈ। ਚੱਢਾ ਨੇ ਕਿਹਾ ਕਿ, ‘‘ਮੈਂ ਮੀਡੀਆ ਨੂੰ ਅਪੀਲ ਕਰਦਾ ਹਾਂ ਕਿ ਉਹ ਗਲਤ ਖਬਰਾਂ ਨੂੰ ਵਾਪਸ ਲੈਣ ਨਹੀਂ ਤਾਂ ਮੈਂ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਵਾਂਗਾ। ਈਡੀ ਦੀ ਕਿਸੇ ਵੀ ਜਾਂਚ ਵਿੱਚ ਮੇਰਾ ਨਾਂ ਨਹੀਂ ਹੈ, ਨਾ ਸ਼ੱਕੀ ਵਜੋਂ, ਨਾ ਗਵਾਹ ਵਜੋਂ, ਨਾ ਹੀ ਮੁਲਜ਼ਮ ਵਜੋਂ। ਅਕਸ ਖ਼ਰਾਬ ਕਰਨ ਲਈ ਫੈਲਾਈਆਂ ਜਾ ਰਹੀਆਂ ਝੂਠੀਆਂ ਖ਼ਬਰਾਂ ’ਤੇ ਕਾਨੂੰਨੀ ਕਾਰਵਾਈ ਹੋਵੇਗੀ।’’ ਉਨ੍ਹਾਂ ਮੀਡੀਆ ਨੂੰ ਕਿਹਾ ਕਿ ਉਹ ਦਿਖਾਉਣ ਕਿ ਕੀ ਉਹ ਈਡੀ ਜਾਂ ਕਿਸੇ ਏਜੰਸੀ ਦੀ ਜਾਂਚ ਵਿੱਚ ਮੁਲਜ਼ਮ, ਸ਼ੱਕੀ ਜਾਂ ਗਵਾਹ ਵਜੋਂ ਕਿਤੇ ਵੀ ਆਏ ਹਨ। ਇਹ ਘੁਟਾਲਾ ਭਾਜਪਾ ਦੇ ਦਿਮਾਗ ਵਿੱਚ ਹੈ। ਏਜੰਸੀਆਂ ਦੇ 1000 ਅਫਸਰਾਂ ਨੇ 400 ਤੋਂ ਵੱਧ ਛਾਪੇ ਮਾਰੇ, ਕਈਆਂ ਗ੍ਰਿਫ਼ਤਾਰ ਕੀਤਾ ਪਰ 10 ਰੁਪਏ ਵੀ ਨਹੀਂ ਮਿਲੇ। ਰਾਜ ਸਭਾ ਮੈਂਬਰ ਨੇ ਕਿਹਾ, ‘‘ਕਈ ਮੀਡੀਆ ਘਰਾਣਿਆਂ ਨੇ ਗਲਤ ਖਬਰਾਂ ਚਲਾ ਕੇ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੀ ਕਾਰਵਾਈ ਰਾਜਨੀਤੀ ਤੋਂ ਪ੍ਰੇਰਿਤ ਹੈ, ਇਨ੍ਹਾਂ ਦਾ ਮਕਸਦ ਸਿਰਫ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਕਿਸੇ ਵੀ ਤਰੀਕੇ ਨਾਲ ਖਤਮ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਰਵਿੰਦ ਕੇਜਰੀਵਾਲ ਦਾ ਸਿਆਸੀ ਕਤਲ ਕਰਵਾਉਣਾ ਚਾਹੁੰਦੀ ਹੈ ਤਾਂ ਜੋ ਦੇਸ਼ ਵਿਚ ਉਸ ਨੂੰ ਚੁਣੌਤੀ ਦੇਣ ਵਾਲਾ ਕੋਈ ਨਾ ਬਚੇ। ਰਾਘਵ ਚੱਢਾ ਨੇ ਕਿਹਾ, ‘‘ਆਮ ਆਦਮੀ ਪਾਰਟੀ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਲਈ ਸੀਬੀਆਈ-ਈਡੀ ਅਫਸਰਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਅਸੀਂ ਉਨ੍ਹਾਂ ਦੀ ਚਾਰਜਸ਼ੀਟ ਤੋਂ ਨਹੀਂ ਡਰਦੇ।’’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly