(ਸਮਾਜ ਵੀਕਲੀ)
ਮਾਹੀਆ ਗੱਲ ਮੰਨ ਲੈ ਮੇਰੀ
ਬਦਲੀਏ ਫਸਲਾਂ ਨੂੰ
ਪਾਣੀ ਵੇ ਖਤਮ ਹੋ ਗਿਆ
ਖਤਰਾ ਏ ਨਸਲਾਂ ਨੂੰ
ਪੜ੍ਹ ਕੇ ਕੁਝ ਦੇਖ ਸੋਚ ਲੈ
ਵਰਤ ਕੇ ਅਕਲਾਂ ਨੂੰ
ਧਰਤੀ ਮਾਂ ਬੰਜ਼ਰ ਹੋ ਗਈ
ਬਹਿ ਕੇ ਵਿਚਾਰ ਲਈਏ
ਬਦਲੀਏ ਫ਼ਸਲੀ ਚੱਕਰ
ਮਨ ਵਿੱਚ ਹੀ ਧਾਰ ਲਈਏ
ਝੋਨੇ ਤੇ ਕਣਕ ਦੀ ਖੇਤੀ
ਲਾਹੇਵੰਦ ਬੱਲੀਏ ਨੀ
ਆਪਣੇ ਤਾਂ ਲੋਕਾਂ ਨਾਲੋਂ
ਟੁੱਟ ਕੇ ਨਾ ਚੱਲੀਏ ਨੀ
ਪੜ੍ਹੀ ਤੂੰ ਬਹੁਤ ਲਿਖੀ ਐਂ
ਪਰ ਸੋਚੇਂ ਨਾ ਝੱਲੀਏ ਨੀ
ਵਿਕਦੀ ਕੋਈ ਹੋਰ ਫ਼ਸਲ ਨਾ
ਫੇਰ ਕਿਧਰ ਨੂੰ ਜਾਵਾਂਗੇ
ਬੀਜਣੀ ਕਣਕ ਜੇ ਛੱਡਤੀ
ਬੱਲੀਏ ਕੀ ਖਾਵਾਂਗੇ
ਨਰਮਾ ਤੇ ਮੱਕੀ ਮਿਰਚਾਂ
ਬੀਜਿਆ ਕਰ ਤੂੰ ਵੇ ਢੋਲਾ
ਛੋਲੇ ਤੇ ਸਰੋਂ ਬਾਜਰਾ
ਭੁੰਨਕੇ ਵੇ ਖਾਈਏ ਹੋਲਾਂ
ਅਰਹਰ ਵੀ ਬੀਜਿਆ ਕਰ ਵੇ
ਆਖਾਂ ਗੱਲ ਆਨੇ ਸੋਲ੍ਹਾਂ
ਖੇਤ ਵੇ ਬੀਜ਼ ਕੇ ਸਬਜ਼ੀ
ਵੱਟ ਕਈ ਹਜ਼ਾਰ ਲਈਏ
ਬਦਲੀਏ ਫ਼ਸਲੀ ਚੱਕਰ
ਮਨ ਵਿੱਚ ਹੀ ਧਾਰ ਲਈਏ
ਦੋਹਾਂ ਹੀ ਫਸਲਾਂ ਤੋਂ ਬਿਨ
ਮਿਲਦਾ ਨਾ ਮੁੱਲ ਸਹੀ
ਨਰਮੇ ਨੂੰ ਖਾ ਜਾਏ ਸੂੰਡੀ
ਬੱਸ ਮੋਢੇ ਤੇ ਰਹੇ ਕਹੀ
ਮੱਕੀ ਨੂੰ ਖਾ ਜਾਣ ਤੋਤੇ
ਮਿਰਚਾਂ ਨਾ ਹੋਣ ਸਹੀ
ਛੋਲਿਆਂ ਨੂੰ ਪਵੇ ਚਾਨਣੀ
ਨੀ ਭੁੱਖੇ ਮਰ ਜਾਵਾਂਗੇ
ਬੀਜਣੀ ਕਣਕ ਜੇ ਛੱਡਤੀ
ਬੱਲੀਏ ਕੀ ਖਾਵਾਂਗੇ
ਸਾਰਾ ਸੁਨਾਮ ਸੋਹਣਿਆਂ
ਲਾਂਉਦਾ ਏ ਸਬਜ਼ੀ ਵੇ
ਆਪਣੇ ਜਵਾਕ ਖੇਡਦੇ
ਸਾਰਾ ਦਿਨ ਪੱਬ ਜੀ ਵੇ
ਕਿੰਨੇ ਪਰਿਵਾਰ ਮਿਹਨਤੀ
ਗੁੱਡ ਦੇ ਐ ਸਬਜ਼ੀ ਵੇ
ਛੱਡਤੀ ਅਸੀਂ ਕਰਨੀ ਮਿਹਨਤ
ਸਿਹਤਾਂ ਸੁਧਾਰ ਲਈਏ
ਬਦਲੀਏ ਫ਼ਸਲੀ ਚੱਕਰ
ਮਨ ਵਿੱਚ ਹੀ ਧਾਰ ਲਈਏ
‘ਜੀਤ’ ਅੱਜ ਨਮੋਲ਼ ਗੋਰੀਏ
ਦੱਸ ਗਿਆ ਸੀ ਮੈਨੂੰ ਨੀ
ਮਿਰਚਾਂ ਤੇ ਮੱਕੀ ਬੀਜੀਏ
ਵਾਅਦਾ ਬੱਸ ਤੈਨੂੰ ਨੀ
ਸੁੱਤਾ ਪਿਆ ਜਾਗ਼ ਪਿਆ ਮੈਂ
ਸਿਜਦਾ ਐ ਤੈਨੂੰ ਨੀ
ਸੋਚ ਕੇ ਲੋਕਾਂ ਖਾਤਿਰ
ਰੀਤ ਨਵੀਂ ਪਾਵਾਂਗੇ
ਬੀਜਣੀ ਕਣਕ ਛੱਡ ਕੇ
ਫ਼ਸਲ ਨਵੀਂ ਲਿਆਵਾਂਗੇ
✍️ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly