ਚੰਡੀਗੜ੍ਹ (ਸਮਾਜ ਵੀਕਲੀ) : ਪਾਵਰਕੌਮ ਦੀ ‘ਪਛਵਾੜਾ ਕੋਲਾ ਖਾਣ’ ਤੋਂ ਕਰੀਬ ਅੱਠ ਵਰਿ੍ਹਆਂ ਮਗਰੋਂ ਖ਼ੁਦਾਈ ਸ਼ੁਰੂ ਹੋ ਗਈ ਹੈ। ਪਛਵਾੜਾ ਖਾਣ ਦੇ ਸਸਤੇ ਕੋਲੇ ਕਰਕੇ ਪੰਜਾਬ ਦਾ ਸਾਲਾਨਾ ਕਰੀਬ 600 ਕਰੋੜ ਰੁਪਏ ਦਾ ਵਿੱਤੀ ਖਰਚਾ ਘਟੇਗਾ ਕਿਉਂਕਿ ਬਿਜਲੀ ਪੈਦਾਵਾਰ ਦੀ ਲਾਗਤ ’ਚ ਕਟੌਤੀ ਹੋਣ ਦੀ ਸੰਭਾਵਨਾ ਹੈ। ਵੱਡੀ ਮੁਸ਼ਕਲ ਇਹ ਹੱਲ ਹੋਵੇਗੀ ਕਿ ਪਾਵਰਕੌਮ ਨੂੰ ਵਿਦੇਸ਼ੀ ਕੋਲਾ ਖ਼ਰੀਦਣਾ ਨਹੀਂ ਪਵੇਗਾ। ਪਛਵਾੜਾ ਖਾਣ ਦਾ ਕੋਲਾ 12 ਦਸੰਬਰ ਨੂੰ ਪਾਵਰਕੌਮ ਦੇ ਥਰਮਲਾਂ ਲਈ ਝਾਰਖੰਡ ਤੋਂ ਰਵਾਨਾ ਹੋਵੇਗਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਰੈਕ ਦੇ ਪੁੱਜਣ ਮੌਕੇ ਇੱਥੇ ਰੋਪੜ ਜਾਂ ਲਹਿਰਾ ਮੁਹੱਬਤ ਦੇ ਥਰਮਲ ਵਿਚ ਹਾਜ਼ਰ ਹੋਣਗੇ।
ਵੇਰਵਿਆਂ ਅਨੁਸਾਰ ਪਛਵਾੜਾ ਕੋਲਾ ਖਾਣ ਤੋਂ ਸਾਲਾਨਾ 70 ਲੱਖ ਮੀਟਰਿਕ ਟਨ ਕੋਲਾ ਪ੍ਰਾਪਤ ਹੋਵੇਗਾ, ਜੋ ਕਾਫ਼ੀ ਸਸਤਾ ਵੀ ਪਵੇਗਾ ਪ੍ਰੰਤੂ ਇਸ ਕੋਲੇ ਨੂੰ ਫਿਲਹਾਲ ਪਾਵਰਕੌਮ ਆਪਣੇ ਥਰਮਲਾਂ ਵਿਚ ਹੀ ਵਰਤ ਸਕੇਗਾ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਹੈ ਕਿ ਇਸ ਕੋਲੇ ਨੂੰ ਪ੍ਰਾਈਵੇਟ ਥਰਮਲਾਂ ਵਿਚ ਵੀ ਵਰਤਣ ਦੀ ਪ੍ਰਵਾਨਗੀ ਦਿੱਤੀ ਜਾਵੇ ਕਿਉਂਕਿ ਇਸ ਨਾਲ ਪ੍ਰਾਈਵੇਟ ਥਰਮਲਾਂ ਦੀ ਬਿਜਲੀ ਵੀ ਸਸਤੀ ਪਵੇਗੀ। ਝਾਰਖੰਡ ਵਿਚ ਪੈਂਦੀ ਇਸ ਕੋਲਾ ਖਾਣ ਤੋਂ ਕੋਲਾ 2 ਦਸੰਬਰ ਤੋਂ ਪਾਕੁਰ ਰੇਲਵੇ ਸਟੇਸ਼ਨ ਲਾਗੇ ਭੰਡਾਰ ਕੀਤਾ ਜਾ ਰਿਹਾ ਹੈ। ਪਾਵਰਕੌਮ ਨੂੰ ਦਸੰਬਰ 2001 ਵਿਚ ਪਛਵਾੜਾ ਕੋਲਾ ਖਾਣ ਅਲਾਟ ਹੋਈ ਸੀ ਅਤੇ ਮਾਰਚ 2006 ਤੋਂ ਇਸ ਖਾਣ ਤੋਂ ਕੋਲੇ ਦੀ ਸਪਲਾਈ ਸ਼ੁਰੂ ਹੋ ਗਈ ਸੀ।
ਮਾਰਚ 2015 ਤੱਕ ਇਸ ਖਾਣ ਦਾ ਕੋਲਾ ਥਰਮਲਾਂ ਨੂੰ ਮਿਲਦਾ ਰਿਹਾ ਹੈ। ਸੁਪਰੀਮ ਕੋਰਟ ਨੇ 24 ਸਤੰਬਰ 2014 ਨੂੰ ਪਛਵਾੜਾ ਕੋਲਾ ਖਾਣ ਸਮੇਤ ਕਰੀਬ 204 ਕੋਲਾ ਬਲਾਕਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਸੀ। ਉਸ ਮਗਰੋਂ 31 ਮਾਰਚ 2015 ਨੂੰ ਮੁੜ ਇਸ ਕੋਲਾ ਖਾਣ ਪਾਵਰਕੌਮ ਨੂੰ ਅਲਾਟ ਕਰ ਦਿੱਤੀ ਗਈ ਸੀ। ਜਨਵਰੀ 2019 ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਮਾਮਲਾ ਚਲਾ ਗਿਆ ਸੀ ਜਿਸ ਦੇ ਫ਼ੈਸਲੇ ਨੂੰ ਪਾਵਰਕੌਮ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। 21 ਸਤੰਬਰ 2021 ਨੂੰ ਸੁਪਰੀਮ ਕੋਰਟ ਦਾ ਫ਼ੈਸਲਾ ਪਾਵਰਕੌਮ ਦੇ ਹੱਕ ਵਿਚ ਆ ਗਿਆ ਸੀ ਜਿਸ ਨਾਲ ਪਛਵਾੜਾ ਕੋਲਾ ਖਾਣ ਦੇ ਮੁੜ ਚੱਲਣ ਲਈ ਰਾਹ ਪੱਧਰਾ ਹੋ ਗਿਆ ਸੀ।
ਝਾਰਖੰਡ ਸਰਕਾਰ ਅਤੇ ਸਥਾਨਿਕ ਲੋਕਾਂ ਦੇ ਮੁੱਦਿਆਂ ਕਰਕੇ ਕੁੱਝ ਅੜਚਣਾਂ ਮੁੜ ਖੜ੍ਹੀਆਂ ਹੋ ਗਈਆਂ ਸਨ। ਇਨ੍ਹਾਂ ਮੁਸ਼ਕਲਾਂ ਦੇ ਨਿਪਟਾਰੇ ਮਗਰੋਂ ਹੁਣ 12 ਦਸੰਬਰ ਨੂੰ ਝਾਰਖੰਡ ਤੋਂ ਰੇਲਵੇ ਰੈਕ ਰਵਾਨਾ ਹੋਣਗੇ ਜਿਹੜੇ ਹਫ਼ਤੇ ਵਿਚ ਪੰਜਾਬ ਪੁੱਜਣਗੇ। ਚੇਤੇ ਰਹੇ ਕਿ ਪਾਵਰਕੌਮ ਨੂੰ ਬਾਹਰੋਂ ਕੋਲਾ ਲੈਣ ਕਰਕੇ ਪਹਿਲਾਂ ਕਾਫ਼ੀ ਵਿੱਤੀ ਰਗੜਾ ਲੱਗਿਆ ਹੈ। ਕੇਂਦਰ ਸਰਕਾਰ ਦੀਆਂ ਸ਼ਰਤਾਂ ਕਰਕੇ ਵਿਦੇਸ਼ੀ ਕੋਲਾ ਵੀ ਖ਼ਰੀਦ ਕਰਨਾ ਪੈਂਦਾ ਸੀ। ਪਤਾ ਲੱਗਾ ਹੈ ਕਿ ਪਾਵਰਕੌਮ ਪਛਵਾੜਾ ਕੋਲਾ ਖਾਣ ਤੋਂ 15 ਲੱਖ ਮੀਟਰਿਕ ਟਨ ਸਾਲਾਨਾ ਸਮਰੱਥਾ ਵਧਾਏਗਾ ਜਿਸ ਨਾਲ ਭਵਿੱਖ ’ਚ ਕੋਲੇ ਦੀਆਂ ਲੋੜਾਂ ਪੂਰੀਆਂ ਹੋਣਗੀਆਂ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly