ਏਥੇ ਹਰ ਕੋਈ ਚੋਰ ਹੈ, ਦਾਅ ਨਾ ਲੱਗੇ ਤਾਂ ਗੱਲ ਹੋਰ ਹੈ

(ਸਮਾਜ ਵੀਕਲੀ)

ਬੀਤੇ ਦਿਨੀਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ ਕੇ ਲੈ ਜਾਣ ਦੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਹਰ ਥਾਂ ਚਰਚਾ ਦਾ ਵਿਸ਼ਾ ਬਣੀ। ਹਰ ਕੋਈ ਸੇਬ ਚੁੱਕ ਕੇ ਲੈ ਜਾਣ ਵਾਲੇ ਰਾਹਗੀਰਾਂ ਨੂੰ ਲਾਹਨਤਾਂ ਪਾ ਰਿਹਾ ਹੈ ਕਈ ਤਾਂ ਇਸ ਘਟਨਾ ਨੂੰ ਪੰਜਾਬੀਆਂ ਦੀ ਇਜ਼ਤ ਉੱਤੇ ਧੱਬਾ ਗ਼ਰਦਾਨ ਰਹੇ ਹਨ। ਹਾਲਾਂ ਕਿ ਬਾਅਦ ਵਿੱਚ 2 ਪੰਜਾਬੀ ਵਪਾਰੀਆਂ ਪਟਿਆਲਾ ਦੇ ਰਾਜਵਿੰਦਰ ਸਿੰਘ ਤੇ ਮੋਹਾਲੀ ਦੇ ਗੁਰਪ੍ਰੀਤ ਸਿੰਘ ਨੇ ਕਸ਼ਮੀਰ ਦੇ ਵਪਾਰੀ ਮੁਹੰਮਦ ਸ਼ਾਹਿਦ ਨੂੰ ਉਸਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਉਸ ਨੂੰ 9 ਲੱਖ 12 ਹਜ਼ਾਰ ਦਾ ਚੈੱਕ ਦੇ ਦਿੱਤਾ।

ਪਰ ਇਥੇ ਇਹ ਗੱਲਾਂ ਵੀ ਵਿਚਾਰਨ ਯੋਗ ਹਨ ਕਿ ਹਮੇਸ਼ਾ ਛੋਟੀ ਚੋਰੀ ਕਰਨ ਵਾਲਾ ਹੀ ਕਿਉਂ ਚੋਰ ਵਜਦਾ ਹੈ ਜਦੋਂ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਕਰੋੜਾਂ ਡਕਾਰ ਜਾਣ ਵਾਲੇ ਭਦਰਪੁਰਸ਼ ਬਣੇ ਰਹਿੰਦੇ ਹਨ। ਕੀ ਸੇਬ ਚੋਰਾਂ ਨੂੰ ਬੁਰਾ ਭਲਾ ਕਹਿਣ ਵਾਲਿਆਂ ਨੇ ਆਪ ਕਦੇ ਗਿੱਲੇ ਗੋਹੇ ਤੇ ਪੈਰ ਨਹੀਂ ਧਰਿਆ? ਮੈਂ ਇਥੇ ਉਨ੍ਹਾਂ ਸੇਬ ਚੋਰੀ ਕਰਨ ਵਾਲਿਆਂ ਦਾ ਪੱਖ ਨਹੀਂ ਲੈ ਰਿਹਾ ਯਕੀਨਨ ਚੋਰੀ ਕਰਨਾ ਮਾੜੀ ਗੱਲ ਹੈ। ਪਰ ਸੋਸ਼ਲ ਮੀਡੀਆ ਇੱਕ ਅਜਿਹੀ ਥਾਂ ਹੈ ਜਿਥੇ ਲੋਕ ਜਿਹੜੀ ਗੱਲ ਦੇ ਮਗਰ ਪੈ ਗਏ ਉਸ ਦਾ ਗਾਹ ਪਾ ਕੇ ਛੱਡਦੇ ਹਨ। ਕਈ ਵਾਰ ਤਾਂ ਸੱਚਾਈ ਕੁਝ ਹੋਰ ਹੁੰਦੀ ਹੈ ਪਰ ਉਹ ਝੂਠੀ ਅਤੇ ਬਿਨਾਂ ਪੁਸ਼ਟੀ ਕੀਤੀ ਖ਼ਬਰ ਏਨੀ ਵਾਇਰਲ ਹੋ ਜਾਂਦੀ ਹੈ ਕਿ ਬੇਜ਼ਤੀ ਮਹਿਸੂਸ ਕਰਦਿਆਂ ਕਈਆਂ ਨੂੰ ਆਤਮਹੱਤਿਆ ਵਰਗਾ ਕਦਮ ਵੀ ਉਠਾਉਣਾ ਪਿਆ ਹੈ।

ਮੁਕਦੀ ਗੱਲ ਸਾਨੂੰ ਕਿਸੇ ਉਤੇ ਉਂਗਲ ਉਠਾਉਣ ਤੋਂ ਪਹਿਲਾਂ ਆਪਣੇ ਅੰਦਰ ਵੀ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਮੈਂ ਕਿੰਨਾ ਕੁ ਦੁੱਧ ਧੋਤਾ ਹਾਂ। ਕੇਵਲ ਚਰਚਾ ਦਾ ਵਿਸ਼ਾ ਬਣੀ ਚੋਰੀ ਚੋਰੀ ਨਹੀਂ ਹੁੰਦੀ ਪਰਦੇ ਦੇ ਪਿੱਛੇ ਕੀਤਾ ਹਰ ਨਜਾਇਜ਼ ਕੰਮ ਉਹ ਭਾਵੇਂ ਰਿਸ਼ਵਤਖੋਰੀ, ਸਿਫਾਰਸ਼ਬਾਜੀ, ਬਿਜਲੀ ਚੋਰੀ, ਟੈਕਸ ਚੋਰੀ ਆਦਿ ਕੁਝ ਵੀ ਹੋਵੇ ਉਹ ਵੀ ਚੋਰੀ ਹੀ ਹੁੰਦੀ ਹੈ। ਕੁਲ ਮਿਲਾਕੇ ਸਾਡੇ ਵਿੱਚੋਂ 90 ਪ੍ਰਤੀਸ਼ਤ ਚੋਰ ਹੀ ਹਨ ਅਤੇ ਬਾਕੀ ਦੇ 10 ਪ੍ਰਤੀਸ਼ਤ ਵਿੱਚੋਂ ਸਾਢੇ 9 ਪ੍ਰਤੀਸ਼ਤ ਵੀ ਉਹ ਹਨ ਜਿਨ੍ਹਾਂ ਵਿਚਾਰਿਆਂ ਦਾ ਕਿਤੇ ਦਾਅ ਨਹੀਂ ਲਗਦਾ।

ਇਸ ਪ੍ਰਤੀਸ਼ਤਤਾ ਨੂੰ ਘਟਾਉਣ ਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਪਵੇਗੀ। ਸੋ ਆਓ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਧੜਾ ਧੜ ਨਿੰਦਾ ਕਰਨ ਦੀ ਥਾਂ ਇਨ੍ਹਾਂ ਤੋਂ ਸਬਕ ਸਿਖੀਏ ਅਤੇ ਹੋਰਾਂ ਨੂੰ ਸਮਝਾਉਣ ਦੀ ਥਾਂ ਕਦੇ ਵੀ ਇਸ ਤਰ੍ਹਾਂ ਦੀ ਹਰਕਤ ਨਾ ਕਰਨ ਦਾ ਪਹਿਲਾਂ ਖੁਦ ਪ੍ਰਣ ਕਰੀਏ। ਕਿਉਂਕਿ ਹਰ ਗ਼ਲਤ ਕੰਮ ਨਾਲ ਕਿਸੇ ਨਾ ਕਿਸੇ ਦੀ ਜ਼ਿੰਦਗੀ ਜ਼ਰੂਰ ਬੂਰੀ ਤਰਾਂ ਪ੍ਰਭਾਵਿਤ ਹੁੰਦੀ ਹੈ।

ਚਾਨਣ ਦੀਪ ਸਿੰਘ ਔਲਖ

ਸੰਪਰਕ 9876888177

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੇਕ ਮਨੁੱਖ ਬਣੋ
Next articleਰਾਜਸਥਾਨ: ਭਾਰਤ ਜੋੜੋ ਯਾਤਰਾ ਦੇ 100 ਦਿਨ ਪੂਰੇ, ਰਾਹੁਲ ਨਾਲ ਤੁਰੇ ਹਿਮਾਚਲ ਦੇ ਮੁੱਖ ਮੰਤਰੀ ਸੁੱਖੂ, ਅਗਨੀਹੋਤਰੀ ਤੇ ਪ੍ਰਤਿਭਾ