(ਸਮਾਜ ਵੀਕਲੀ)
ਸਾਡੇ ਪੁਰਖ ਪ੍ਰਧਾਨ ਸਮਾਜ ਵਿੱਚ ਸ਼ੁਰੂ ਤੋਂ ਹੀ ਪੁੱਤਰ ਪ੍ਰਾਪਤ ਕਰਨ ਦੀ ਇੱਛਾ ਸਭ ਤੋਂ ਜਿਆਦਾ ਪ੍ਰਬਲ ਰਹੀ ਹੈ। ਜਦੋਂ ਕਦੇ ਵੀ ਨਵੀਂ ਵਿਆਹੀ ਹੋਈ ਵਹੁਟੀ ਆਪਣੇ ਸਹੁਰਿਆਂ ਦੇ ਘਰ ਪੁੱਜਦੀ ਹੈ ਤਾਂ ਵੱਡੀਆਂ ਵਡੇਰੀਆਂ ਔਰਤਾਂ ਉਸ ਨੂੰ ਆਸ਼ੀਰਵਾਦ ਦਿੰਦੀਆਂ ਹਨ… ਖੁਸ਼ ਰਹੋ ਅਤੇ ਛੇਤੀ ਹੀ ਨਿਆਣਾ ਗੋਦ ਵਿੱਚ ਖਿਲਾਓ…। ਕੋਈ ਵੀ ਔਰਤ ਉਸ ਨੂੰ ਇਹ ਆਸ਼ੀਰਵਾਦ ਨਹੀਂ ਦਿੰਦੀ… ਤੇਰੀ ਗੋਦੀ ਵਿੱਚ ਪਿਆਰੀ ਪਿਆਰੀ ਸੋਹਣੀ ਗੁੱਡੀ ਖੇਲੇ। ਸਾਡੇ ਸਮਾਜ ਵਿੱਚ ਧੀ ਦੇ ਮੁਕਾਬਲੇ ਵਿੱਚ ਪੁੱਤਰ ਨੂੰ ਤਰਜੀਹ ਦਿੱਤੀ ਜਾਂਦੀ ਹੈ। ਕਿਹਾ ਵੀ ਜਾਂਦਾ ਹੈ ਕਿ ਪੁੱਤਰ ਨਾਲ ਹੀ ਵੰਸ਼ ਅੱਗੇ ਚਲਦਾ ਹੈ। ਬੇਟੇ ਹੀ ਪਰਿਵਾਰ ਦੇ ਉੱਤਰ ਅਧਿਕਾਰੀ ਹੁੰਦੇ ਹਨ। ਪੁੱਤਰ ਹੀ ਕੰਮ ਧੰਦੇ ਨੂੰ ਅੱਗੇ ਵਧਾਉਂਦੇ ਹਨ। ਘਰ ਦੇ ਜਿਆਦਾਤਰ ਫੈਸਲੇ ਘਰ ਦੇ ਪੁਰਖਾਂ ਦੁਆਰਾ ਕੀਤੇ ਜਾਂਦੇ ਨੇ ,ਔਰਤਾਂ ਦੁਆਰਾ ਨਹੀਂ। ਪੁੱਤਰ ਪ੍ਰਾਪਤੀ ਲਈ ਸੌ ਸੌ ਯਤਨ ਕੀਤੇ ਜਾਂਦੇ ਹਨ। ਵਰਤ ਰੱਖੇ ਜਾਂਦੇ ਹਨ, ਦਾਨ ਪੁੰਨ ਕੀਤਾ ਜਾਂਦਾ ਹੈ, ਤੀਰਥ ਯਾਤਰਾ ਕੀਤੀ ਜਾਂਦੀ ਹੈ ਅਤੇ ਅਰਦਾਸ ਕੀਤੀ ਜਾਂਦੀ ਹੈ। ਸਾਡੇ ਪੁਰਾਣੇ ਧਾਰਮਿਕ ਗ੍ਰੰਥਾਂ ਵਿੱਚ ਹੀ ਲਿਖਿਆ ਹੈ ਕਿ ਮਰਨ ਤੋਂ ਬਾਅਦ ਪਿਤਾ ਜੀ ਗੱਤੀ ਤਾਂ ਹੀ ਹੁੰਦੀ ਹੈ ਜੇਕਰ ਉਹਦਾ ਅੰਤਿਮ ਸੰਸਕਾਰ ਉਸਦਾ ਪੁੱਤਰ ਕਰੇ ਨਹੀਂ ਤਾਂ ਉਸ ਦੀ ਆਤਮਾ ਭਟਕਦੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਵੱਡੇ ਵੱਡੇ ਰਾਜਾ ਮਹਾਰਾਜਾ ਅਤੇ ਅਮੀਰ ਲੋਕ ਇਸ ਚਿੰਤਾ ਵਿੱਚ ਉਲਝੇ ਰਹਿੰਦੇ ਹਨ ਕਿ ਪੁੱਤਰ ਨਾ ਹੋਣ ਕਰਕੇ ਉਹਨਾਂ ਦੇ ਵੰਸ਼ ਦਾ ਅੱਗੇ ਕੀ ਹੋਊਗਾ?
ਲੇਕਿਨ ਮੇਰਾ ਇਹ ਵਿਚਾਰ ਹੈ ਕਿ ਇਹਨਾਂ ਸਾਰੀਆਂ ਗੱਲਾਂ ਵਾਸਤੇ ਪੁੱਤਰ ਦੇ ਹੋਣ ਦੀ ਕੋਈ ਜਰੂਰਤ ਨਹੀਂ। ਮਰਨ ਦੇ ਬਾਅਦ ਕਿਸੇ ਬੰਦੇ ਨੂੰ ਕੀ ਪਤਾ ਕਿ ਉਸ ਦਾ ਦਾਹ ਸੰਸਕਾਰ ਕੌਣ ਕਰ ਰਿਹਾ ਹੈ। ਇਹ ਤਾਂ ਸਿਰਫ ਮਨ ਦਾ ਇਕ ਵਹਿਮ ਹੈ ਕਿ ਜੇਕਰ ਮਰਨ ਤੋਂ ਬਾਅਦ ਉਸ ਦਾ ਬੇਟਾ ਉਸਦਾ ਦਾ ਸੰਸਕਾਰ ਨਹੀਂ ਕਰੇਗਾ ਤਾਂ ਉਸਦੀ ਗਤੀ ਨਹੀਂ ਹੋਏਗੀ ਅਤੇ ਉਸ ਦੀ ਆਤਮਾ ਭਟਕਦੀ ਹੀ ਰਹੇਗੀ। ਮਰਨ ਤੋਂ ਬਾਅਦ ਕੀ ਹੁੰਦਾ ਹੈ ਕਿਸੇ ਨੂੰ ਕੀ ਪਤਾ। ਇਹ ਤਾਂ ਸਾਡੇ ਸਮਾਜ ਨੇ ਲੋਕਾਂ ਵਿੱਚ ਇੱਕ ਧਾਰਣਾ ਬਣਾ ਰੱਖੀ ਹੈ ਕਿ ਪੁੱਤਰ ਜਰੂਰ ਹੋਣਾ ਚਾਹੀਦਾ। ਜੇਕਰ ਦੇਖਿਆ ਜਾਏ ਤਾਂ ਪੈਦਾ ਹੋਣ ਤੋਂ ਲੈ ਕੇ ਅੰਤ ਤੱਕ ਪੁੱਤਰ ਆਪਣੇ ਮਾਂ ਪਿਓ ਨੂੰ ਦੁੱਖ, ਚਿੰਤਾ, ਫਿਕਰ ਅਤੇ ਮੁਸੀਬਤ ਦੇ ਬਾਅਦ ਮੁਸੀਬਤ ਹੀ ਦਿੰਦਾ ਹੈ। ਉਸ ਕਰਕੇ ਕਈ ਕਲੇਸ਼ ਪੈਦਾ ਹੁੰਦੇ ਹਨ। ਮਾਂ ਪਿਓ ਉਸਨੂੰ ਪੜਾਉਣ, ਆਪਣੇ ਪੈਰਾਂ ਤੇ ਖੜਾ ਕਰਨ ਅਤੇ ਵਿਆਹ ਕਰਾਉਣ ਉੱਤੇ ਕਿੰਨਾ ਕਿੰਨਾ ਖਰਚਾ ਕਰ ਦਿੰਦੇ ਹਨ। ਲੇਕਿਨ ਉਹ ਜੋਰੂ ਦਾ ਗੁਲਾਮ ਬਣ ਕੇ ਆਪਣੇ ਮਾਂ ਬਾਪ ਤੋਂ ਵੱਖਰੀ ਘਰ ਗ੍ਰਸਤੀ ਵਸਾ ਲੈਂਦਾ ਹੈ ਅਤੇ ਮਾਂ ਪਿਓ ਵੱਲ ਪੁੱਠੀ ਨਜ਼ਰ ਨਾਲ ਵੀ ਨਹੀਂ ਦੇਖਦਾ। ਅੱਜ ਕੱਲ ਦੇ ਬਹੁਤ ਸਾਰੇ ਨੌਜਵਾਨ ਨਸ਼ੇ ਪੱਤੀ ਵਿੱਚ ਫਸੇ ਹੋਏ ਹਨ, ਕੋਈ ਕੰਮ ਧੰਦਾ ਨਹੀਂ ਕਰਦੇ ਆਪਣੇ ਮਾਂ ਪਿਓ ਦੀ ਕਮਾਈ ਤੇ ਐਸ਼ ਕਰਦੇ ਹਨ, ਉਹਨਾਂ ਨਾਲ ਬੁਰਾ ਵਿਵਹਾਰ ਕਰਦੇ ਹਨ ਅਤੇ ਉਹਨਾਂ ਨਾਲ ਮਾਰਕੁਟ ਕਰਨ ਤੋਂ ਇਲਾਵਾ ਉਹਨਾਂ ਨੂੰ ਬਿਰਧ ਆਸ਼ਰਮ ਵਿੱਚ ਭਜਾ ਦਿੰਦੇ ਹਨ। ਸਾਰੇ ਮਾਂ ਪਿਓ ਇਹ ਸੋਚ ਕੇ ਰੱਬ ਤੋਂ ਪੁੱਤਰ ਮੰਗਦੇ ਹਨ ਕਿ ਵੱਡਾ ਹੋ ਕੇ ਉਹ ਸਰਵਣ ਕੁਮਾਰ ਦੀ ਤਰਹਾਂ ਉਹਨਾਂ ਦੀ ਸੇਵਾ ਕਰੇਗਾ। ਲੇਕਿਨ ਅੱਜ ਕੱਲ ਦੇ ਵਿਗੜੇ ਹੋਏ ਮਾਹੌਲ ਵਿੱਚ ਸਰਵਣ ਕੁਮਾਰ ਦਾ ਹੋਣਾ ਇੱਕ ਬਹੁਤ ਕਠਿਨ ਸੰਭਾਵਨਾ ਹੈ। ਅੱਜ ਕੱਲ ਸਰਵਣ ਕੁਮਾਰ ਦੀ ਉਮੀਦ ਕਰਨਾ ਬੇਵਕੂਫੀ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਮੁੰਡਿਆਂ ਦੇ ਮੁਕਾਬਲੇ ਕੁੜੀਆਂ ਲੱਖ ਗੁਣਾ ਆਪਣੇ ਮਾਂ ਬਾਪ ਦੀ ਜਿਆਦਾ ਚਿੰਤਾ, ਫਿਕਰ ਅਤੇ ਧਿਆਨ ਰੱਖਦੀਆਂ ਹਨ। ਵਿਆਹੇ ਜਾਣ ਤੋਂ ਬਾਅਦ ਵੀ ਆਪਣੇ ਸਸੁਰਾਲ ਵਿੱਚ ਰਹਿ ਕੇ ਜਿੱਥੇ ਉਹ ਉਥੇ ਦੀ ਜਿੰਮੇਵਾਰੀਆਂ ਨਿਭਾਉਂਦੀਆਂ ਹਨ, ਉਨਾਂ ਦਾ ਧਿਆਨ ਆਪਣੇ ਮਾਂ ਬਾਪ ਦੀ ਭਲਾਈ ਵਿੱਚ ਵੀ ਲਗਿਆ ਰਹਿੰਦਾ ਹੈ। ਹੁਣ ਜਮਾਨਾ ਬਦਲ ਗਿਆ ਹੈ। ਕੁੜੀਆਂ ਮੁੰਡਿਆਂ ਦੇ ਮੁਕਾਬਲੇ ਹਰ ਖੇਤਰ ਵਿੱਚ ਬਾਜ਼ੀ ਮਾਰ ਰਹੀਆਂ ਹਨ। ਉਹ ਬੇਸ਼ਕ ਕੋਮਲ ਹਿਰਦੇ ਦੀਆਂ ਹੁੰਦੀਆਂ ਹਨ ਪ੍ਰੰਤੂ ਉਹਨਾਂ ਦਾ ਦਿਲ ਬਹੁਤ ਮਜਬੂਤ ਹੁੰਦਾ ਹੈ, ਹੈਂ, ਕਿਸੇ ਕੰਮ ਨੂੰ ਕਰਨ ਦਾ ਇਰਾਦਾ ਪੱਕਾ ਹੁੰਦਾ ਹੈ। ਕੌਣ ਕਹਿੰਦਾ ਹੈ ਕਿ ਪੁੱਤਰ ਹੀ ਵੰਸ਼ ਵਧਾਉਂਦੇ ਹਨ। ਜਵਾਹਰਲਾਲ ਨਹਿਰੂ ਦਾ ਕੋਈ ਪੁੱਤਰ ਨਹੀਂ ਸੀ, ਉਹਨਾਂ ਦੀ ਪੁੱਤਰੀ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਅਤੇ ਨਹਿਰੂ ਦੇ ਖਾਨਦਾਨ ਨੂੰ ਅੱਗੇ ਵਧਾ ਰਹੀ ਹੈ। ਅੱਜ ਕੱਲ ਲੜਕੀਆਂ ਡਾਕਟਰ, ਵਕੀਲ, ਇੰਜੀਨੀਅਰ, ਜੱਜ, ਮਨਿਸਟਰ ਆਦਿ ਬਣਦੀਆਂ ਹਨ। ਹੁਣ ਤਾਂ ਉਹ ਮਿਲਟਰੀ ਵਿੱਚ ਵੀ ਭਰਤੀ ਹੋਣ ਲੱਗੀਆਂ ਹਨ ਅਤੇ ਜੰਗੀ ਜਹਾਜ਼ ਉਡਾਉਣ ਲੱਗੀਆਂ ਹਨ। ਇਨਾ ਹੀ ਨਹੀਂ ਅੱਜ ਕੱਲ ਕੁੜੀਆਂ ਦੇ ਪੈਦਾ ਹੋਣ ਤੇ ਉਵੇਂ ਜਸ਼ਨ ਮਨਾਏ ਜਾਂਦੇ ਹਨ ਜਿਵੇਂ ਕਿ ਪੁੱਤਰ ਦੇ ਪੈਦਾ ਹੋਣ ਤੇ ਮਨਾਏ ਜਾਂਦੇ ਹਨ। ਪੁੱਤਰ ਅਤੇ ਧੀ ਵਿੱਚ ਕੋਈ ਫਰਕ ਨਹੀਂ। ਅੱਜ ਕੱਲ ਤਾਂ ਮਾਂ ਜਾਂ ਪਿਓ ਦੇ ਮਰਨ ਤੇ ਉਸਦਾ ਦਾਹ ਸੰਸਕਾਰ ਕੁੜੀਆਂ ਕਰਨ ਲੱਗੀਆਂ ਹਨ।
ਇਸ ਕਰਕੇ ਭਰਾਵੋ ਤੁਸੀਂ ਸਰਵਣ ਕੁਮਾਰ ਦੀ ਉਮੀਦ ਛੱਡ ਦਿਓ। ਫਿਜੂਲ ਵਿੱਚ ਧੀ ਦੇ ਮੁਕਾਬਲੇ ਪੁੱਤਰ ਨੂੰ ਸਿਰ ਤੇ ਨਾ ਚੜਾਓ। ਘਰ ਵਿੱਚ ਬੇਅਦਬੀ ਕਰਨ ਵਾਲੇ ਗੁੰਡੇ ਨਾ ਪਾਲੋ। ਜੇਕਰ ਤੁਸੀਂ ਸੱਚ ਮੁੱਚ ਹੀ ਆਪਣੇ ਪੁੱਤਰ ਨੂੰ ਸਰਵਣ ਕੁਮਾਰ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਖੁਦ ਸਰਵਣ ਕੁਮਾਰ ਬਣ ਕੇ ਆਪਣੇ ਬਜ਼ੁਰਗ ਮਾਂ ਪਿਓ ਦੀ ਸੇਵਾ ਕਰੋ। ਜੋ ਕੁਝ ਤੁਸੀਂ ਕਰਦੇ ਹੋ ਤੁਹਾਡੇ ਬੱਚੇ ਸਭ ਕੁਝ ਨੋਟ ਕਰਦੇ ਹਨ ਅਤੇ ਉਸ ਸਾਰੇ ਦਾ ਉਹਨਾਂ ਤੇ ਅਸਰ ਵੀ ਪੈਂਦਾ ਹੈ। ਜੇਕਰ ਤੁਸੀਂ ਸੱਚ ਮੁੱਚ ਸਰਵਣ ਕੁਮਾਰ ਦੀ ਤਰ੍ਹਾਂ ਆਪਣੇ ਬੁਢਾਪੇ ਵਿੱਚ ਆਪਣੇ ਪੁੱਤਰਾਂ ਤੋਂ ਸੇਵਾ ਕਰਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲੇ ਆਪਣੇ ਮਾਂ ਬਾਪ ਦੀ ਖੁਦ ਸਰਵਣ ਕੁਮਾਰ ਦੀ ਤਰਹਾਂ ਸੇਵਾ ਕਰੋ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly