ਅੱਜ ਵੀ ਚੇਤਿਆਂ ‘ਚ ਹਨ ਬਚਪਨ ਦੇ ਉਹ ਰੰਗ

 ਬਲਦੇਵ ਸਿੰਘ ਬੇਦੀ 
(ਸਮਾਜ ਵੀਕਲੀ) ਬਚਪਨ ਜ਼ਿੰਦਗੀ ਦਾ ਉਹ ਅਨਮੋਲ ਹਿੱਸਾ ਹੈ, ਜਿੱਥੇ ਹਰ ਗੱਲ ਖੁਸ਼ੀ ਨਾਲ ਰੰਗੀ ਹੋਈ ਹੈ। ਇਹ ਉਹ ਦੌਰ ਹੈ, ਜਦੋਂ ਨਾ ਕਿਸੇ ਚਿੰਤਾ ਦਾ ਬੋਝ ਅਤੇ ਨਾ ਹੀ ਭਵਿੱਖ ਦੀ ਕੋਈ ਫਿਕਰ। ਸਿਰਫ਼ ਮਾਂ ਦੀ ਮਿੱਠੀ ਜੱਫ਼ੀ, ਪਿਤਾ ਦੀ ਸਹਾਰਾ ਅਤੇ ਦੋਸਤਾਂ ਦੇ ਨਾਲ ਬੇਫਿਕਰੀ ਭਰੇ ਪਲ ਹੁੰਦੇ ਸਨ। ਬਚਪਨ ਅਸਲ ਵਿੱਚ ਰੰਗਾਂ, ਖੁਸ਼ਬੂਆਂ ਅਤੇ ਸੁਪਨਿਆਂ ਨਾਲ ਭਰਪੂਰ ਸਫਰ ਹੁੰਦਾ ਹੈ।
ਇਸ ਦੌਰ ਵਿੱਚ ਸਾਡਾ ਦਿਨ ਸਵੇਰੇ ਦੇ ਨਰਮ ਸੁਪਨਿਆਂ ਨਾਲ ਸ਼ੁਰੂ ਹੁੰਦਾ ਸੀ, ਜਦੋਂ ਮਾਵਾਂ ਸਾਡੇ ਮੱਥੇ ਚੁੰਮਦੀਆਂ ਸਨ। ਗਲੀਆਂ ਵਿੱਚ ਦੋਸਤਾਂ ਨਾਲ ਖੇਡਣ ਦੇ ਮਸਤੀ ਭਰੇ ਪਲ, ਮਿੱਟੀ ਦੇ ਘਰ ਬਨਾਉਣ ਦਾ ਮਜ਼ਾ, ਅਤੇ ਬਰਸਾਤ ਦੇ ਪਾਣੀ ਵਿੱਚ ਕਾਗ਼ਜ਼ ਦੀਆਂ ਕਿਸ਼ਤੀਆਂ  ਛਡਣ ਦਾ ਸੁੱਖ ਕਿਤੇ ਵਿਰਲਾ ਹੀ ਮਿਲਦਾ ਸੀ। ਉਹ ਦਿਨ ਬਿਨਾਂ ਇੰਟਰਨੈਟ, ਮੋਬਾਈਲ ਜਾਂ ਗੇਮਾਂ ਦੇ ਵੀ ਸੁੰਦਰ ਅਤੇ ਰੌਸ਼ਨ ਹੁੰਦੇ ਸਨ।
ਟੈਲੀਵਿਜ਼ਨ ਦੇ ਬਿਨਾਂ ਵੀ ਬਚਪਨ ਬਹੁਤ ਸਾਦਾ ਸੀ। ਦਾਦਾ-ਦਾਦੀ ਦੇ ਕੋਲ ਬੈਠਕੇ ਪਰੀਆਂ ਦੀਆਂ ਕਹਾਣੀਆਂ ਸੁਣਨੀਆਂ, ਰਾਤਾਂ ਨੂੰ ਰੇਡੀਓ ‘ਤੇ ਗੀਤ ਸੁਣਦੇ ਹੋਏ ਨੀਦ ਆਉਣੀ, ਅਤੇ ਬੈਟਰੀ ਵਾਲੇ ਦੀਵੇ ਦੀ ਰੌਸ਼ਨੀ ‘ਚ ਹੋਮਵਰਕ ਕਰਨਾ, ਇਹ ਸਭ ਬਚਪਨ ਦੇ ਸੁਹਾਣੇ ਪਲ ਸਨ। ਉਸ ਸਮੇਂ ਦੇ ਬੱਚੇ ਆਪਣੀਆਂ ਗਲੀਆਂ ਵਿੱਚ ਖੇਡਾਂ ਦੀ ਰੌਣਕ ਬਣਦੇ ਸਨ ਉਹ ਖੇਡਾਂ ਜੋ ਦਿਨ ਦੀ ਖੁਸ਼ੀ ਵਧਾਉਂਦੀਆਂ।
ਸਮਾਂ ਬੀਤੀਆਂ ਬਿਜਲੀ ਤੇ ਟੀ ਵੀ ਆਇਆ ਜੋ ਇੱਕ ਅਜੂਬੇ ਨਾਲੋ ਘਟ ਨਹੀ ਸੀ। ਬਲੈਕ ਐਂਡ ਵ੍ਹਾਈਟ ਸਕ੍ਰੀਨ ‘ਤੇ ਦੂਰਦਰਸ਼ਨ ਦੇ ਚਾਰ-ਪੰਜ ਪ੍ਰੋਗਰਾਮ ਹੀ ਵੇਖਣ ਨੂੰ ਮਿਲਦੇ ਸਨ। ਫ਼ਿਲਮ ਜਾਂ ਕੋਈ ਨਾਟਕ ਵੇਖਣ ਨੂੰ ਸਾਰਾ ਪਰਿਵਾਰ ਇਕੱਠਾ ਹੁੰਦਾ। ਟੀਵੀ ਦੇ ਐਂਟੀਨਾ ਨੂੰ ਸਹੀ ਦਿਸ਼ਾ ‘ਚ ਘਮਾਉਣਾ ਵੀ ਇੱਕ ਖੇਡ ਵਰਗਾ ਹੁੰਦਾ ਸੀ।
ਖੇਤਾਂ ਵਿੱਚ ਜਾ ਕੇ ਫਲ ਤੋੜਨਾ, ਰੁੱਖਾਂ ਤੇ ਚੜ੍ਹ ਕੇ ਹਵਾ ਦਾ ਮਜ਼ਾ ਲੈਣਾ, ਅਤੇ ਕੁਦਰਤ ਦੇ ਨਾਲ ਜੁੜੀ ਹਰ ਗੱਲ ਬਚਪਨ ਨੂੰ ਵਿਲੱਖਣ ਬਣਾਉਂਦੀ । ਖੂਹ ਦੇ ਠੰਡੇ ਪਾਣੀ ਨਾਲ ਨਹਾਉਣ ਅਤੇ ਮੱਖਣ ਵਾਲੇ ਪਰਾਂਠੇ ਖਾਣ ਦਾ ਸੁਖ ਅੱਜ ਦੇ ਪੀਜ਼ਿਆਂ ਤੋਂ ਕਿਤੇ ਵੱਧ ਸੀ। ਸੰਤਰੇ ਦੀਆਂ ਗੋਲੀਆਂ , ਗੁੜ ਦੀ ਰੋੜੀਆਂ, ਚੂਰਨ ਅਤੇ ਲਾਲ ਇਮਲੀ ਵਾਲੇ ਪੈਕਟ ਬੱਚਿਆਂ ਲਈ ਕਿਸੇ ਸਪੈਸ਼ਲ ਡਿਸ਼ ਤੋ ਘਟ ਨਹੀ ਸਨ। ਸਕੂਲ ‘ਚ ਚਾਕ ਦੇ ਛੋਟੇ-ਛੋਟੇ ਟੁਕੜੇ ਇੱਕ ਦੂੱਜੇ ਤੇ ਸੁੱਟਣੇ ਅਤੇ ਅਧਿਆਪਕਾਂ ਦੇ ਨਾਲ ਡਰ ਅਤੇ ਪਿਆਰ ਵਾਲਾ ਰਿਸ਼ਤਾ ਹਰ ਕਿਸੇ ਨੂੰ ਯਾਦ ਆਉਂਦਾ। ਸਿਆਹੀ ਵਾਲੀ ਦਵਾਤ ਨਾਲ ਹੱਥ ਰੰਗੇ ਜਾਣਾ ਤਾਂ ਆਮ ਗਲ ਹੁੰਦੀ ਸੀ। ਸਕੂਲ ਤੋਂ ਪਈ ਕੁੱਟ ਨੂੰ ਅਗਰ ਘਰ ਆਕੇ ਦਸਣਾ ਤਾਂ ਘਰੋਂ ਹੋਰ ਕੁੱਟ ਪੈਣੀ।
ਇਹ ਸਾਧਾਰਣ ਜਿਹੇ ਪਰ ਅਨਮੋਲ ਪਲ ਸਾਡੇ ਦਿੱਲ ‘ਚ ਅੱਜ ਵੀ ਜਿਉਂਦੇ ਹਨ। ਬਚਪਨ ਦੇ ਦਿਨ ਸਾਨੂੰ ਇਹ ਸਿਖਾਉਂਦੇ ਹਨ ਕਿ ਖੁਸ਼ੀਆਂ ਬਹੁਤ ਛੋਟੀਆਂ ਗੱਲਾਂ ਵਿੱਚ ਹੁੰਦੀਆਂ ਹਨ। ਮਿੱਟੀ ਦੀਆਂ ਖੇਡਾਂ, ਗਲੀਆਂ ਵਿੱਚ ਮਸਤੀ, ਤੇ ਮਾਂ ਦੀ ਗੋਦੀ ਦੀ ਠੰਡਕ, ਕੈਂਚੀ ਸਾਈਕਲ ਚਲਾਉਣਾ, ਚਿਠੀਆਂ ਦਾ ਜਵਾਬ ਦੇਣਾਂ ਅਤੇ ਰੋਟੀ ਨੂੰ ਗੋਲ ਕਰਕੇ ਤੁਰੇ-ਫਿਰਦੇ ਖਾਣਾ ਇਹ ਸਭ ਕੁਝ ਬਚਪਨ ਦੀ ਮੌਜ ਸੀ। ਅੱਜ ਦੇ ਤਕਨੀਕੀ ਦੌਰ ਵਿੱਚ ਬਚਪਨ ਦੇ ਉਹ ਸੁੰਦਰ ਪਲ ਸਿਰਫ਼ ਯਾਦਾਂ ਦੇ ਪਟਾਰੇ ‘ਚ ਹੀ ਨੱਚਦੇ ਹਨ।
ਬਚਪਨ ਇੱਕ ਅਨਮੋਲ ਖ਼ਜ਼ਾਨਾ ਹੈ, ਜਿਸ ਦੀ ਕੀਮਤ ਸਮੇਂ ਦੇ ਨਾਲ ਹੀ ਸਮਝ ਆਉਂਦੀ ਹੈ। ਅਸੀਂ ਭਾਵੇਂ ਕਿੰਨੇ ਵੀ ਵੱਡੇ ਹੋ ਜਾਈਏ, ਪਰ ਉਹ ਪਲ ਅੰਦਰੋਂ ਹਮੇਸ਼ਾ ਸਾਡੇ ਨਾਲ ਹੀ ਰਹਿੰਦੇ ਹਨ, ਜਿੱਸ ਦੇ ਨਿੱਘ ਦਾ ਆਨੰਦ ਸਾਨੂੰ ਸਾਰੀ ਉਮਰ ਆਉਂਦਾ ਰਹਿੰਦਾ ਹੈ।
✍️ ਬਲਦੇਵ ਸਿੰਘ ਬੇਦੀ 
 ਜਲੰਧਰ 
 9041925181
Previous articleਆਓ, ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੀਏ।
Next articleਡਾ. ਮਨਮੋਹਨ ਸਿੰਘ ਦਾ ਦਿਹਾਂਤ: ਭਲਕੇ ਲਿਆਂਦੀ ਜਾਵੇਗੀ ਮ੍ਰਿਤਕ ਦੇਹ, 7 ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ