ਨਵੀਂ ਦਿੱਲੀ, (ਸਮਾਜ ਵੀਕਲੀ): ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਉੱਪਰ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਚਾਹੇ ਬੀਤੇ ਦਿਨ ਤੋਂ ਪੈ ਰਹੇ ਮੀਂਹ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ ਪਰ ਸੰਘਰਸ਼ੀ ਕਿਸਾਨ ਡਟੇ ਹੋਏ ਹਨ। ਅੱਜ ਮੀਂਹ ਦੌਰਾਨ ਵੀ ਪੰਡਾਲਾਂ ਵਿੱਚ ਚਹਿਲ-ਪਹਿਲ ਰਹੀ। ਟਿਕਰੀ ਅਤੇ ਸਿੰਘੂ ਵਿਖੇ ਮੀਂਹ ਕਾਰਨ ਜ਼ਿਆਦਾ ਪ੍ਰੇਸ਼ਾਨੀ ਹੋਈ ਜਦੋਂਕਿ ਗਾਜ਼ੀਪੁਰ ਵਿਚ ਸੜਕ ਪੱਕੀ ਅਤੇ ਤਿੱਖੀ ਢਲਾਣ ਹੋਣ ਕਰ ਕੇ ਇਨ੍ਹਾਂ ਦੋਵਾਂ ਮੋਰਚਿਆਂ ਵਾਂਗ ਪਾਣੀ ਨਹੀਂ ਖੜ੍ਹਿਆ। ਸਿੰਘੂ ਮੋਰਚੇ ਦੇ ਕਈ ਲੰਗਰਾਂ ਵਿੱਚ ਵੀ ਪਾਣੀ ਵੜ ਗਿਆ। ਸਿੰਘੂ ਮੋਰਚੇ ਦੇ ਦੋਵਾਂ ਪਾਸਿਓਂ ਲੰਘਦੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਦੀ ਸ਼ੁਰੂਆਤ ਹਰਬੰਸ ਸਿੰਘ ਘਣੀਆਂ ਤੇ ਮਾਸਟਰ ਜਗਰਾਜ ਧੌਲਾ ਨੇ ਲੋਕ-ਪੱਖੀ ਇਨਕਲਾਬੀ ਗੀਤਾਂ ਨਾਲ ਕੀਤੀ। ਉਨ੍ਹਾਂ ਲੋਕਾਂ ਵਿੱਚ ਜੋਸ਼ ਭਰਿਆ ਤੇ ਸਰਕਾਰੀ ਤੰਤਰ ਨੂੰ ਲੋਕ-ਪੱਖੀ ਬਣਾਉਣ ਵਾਲੀਆਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਸਾਢੇ ਬਾਰ੍ਹਾਂ ਵਜੇ ਦੇ ਕਰੀਬ ਭਾਰੀ ਮੀਂਹ ਆਉਣ ’ਤੇ ਵੀ ਲੋਕ ਪੂਰੀ ਰੀਝ ਨਾਲ ਬੁਲਾਰਿਆਂ ਨੂੰ ਸੁਣਦੇ ਰਹੇ। ਤੇਜ਼ ਮੀਂਹ ਕਾਰਨ ਪੰਡਾਲ ਵਿੱਚ ਪਾਣੀ ਭਰ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਜਾਣਬੁੱਝ ਕੇ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ। ਉਧਰ, ਅੱਜ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਕੁੱਲ ਹਿੰਦ ਕਿਸਾਨ ਸਭਾ ਪੁੰਨਾਂਵਾਲ ਦੇ ਆਗੂ ਨਛੱਤਰ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਹੋਈ। ਅੱਜ ਵਰ੍ਹਦੇ ਮੀਂਹ ਵਿੱਚ ਟਿਕਰੀ ਬਾਰਡਰ ’ਤੇ ਕਾਨਫਰੰਸ ਹੋਈ ਤੇ ਇਸ ਵਿੱਚ ਭਾਰੀ ਇਕੱਠ ਹੋਇਆ। ਇਸ ਦੌਰਾਨ ਮੀਂਹ ਵਰ੍ਹਦਾ ਰਿਹਾ ਤੇ ਹੇਠਾਂ ਪਾਣੀ ਵਗਦਾ ਹੋਣ ਕਾਰਨ ਲੋਕਾਂ ਨੇ ਛੱਤ ਹੇਠਾਂ ਖੜ੍ਹੇ ਹੋ ਕੇ ਕਾਨਫਰੰਸ ਦੇ ਬੁਲਾਰਿਆਂ ਨੂੰ ਸੁਣਿਆ। ਕਮੇਟੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਲਕੇ 15 ਜੁਲਾਈ ਨੂੰ ਖੇਤੀਬਾੜੀ ਤੇ ਆਰਥਿਕ ਮਾਹਿਰ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਨੂੰ ਸੁਣਨ ਲਈ ਵੀ ਵੱਡੀ ਗਿਣਤੀ ’ਚ ਪੁੱਜਣ। ਆਗੂਆਂ ਨੇ ਕਿਹਾ ਕਿ ਖ਼ਰਾਬ ਮੌਸਮ ਵਿਚ ਕਿਸਾਨਾਂ ਦਾ ਦ੍ਰਿੜ ਇਰਾਦਾ ਦੱਸਦਾ ਹੈ ਕਿ ਉਹ ਖੇਤੀ ਕਾਨੂੰਨ ਰੱਦ ਹੋਣ ਤਕ ਡਟੇ ਰਹਿਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly