HOME ਜੇਕਰ ਜੰਮ ਕੇ ਵੀ ਖ਼ੁਦ ਨੂੰ ਨਾ ਜਾਣਿਆ, ਤਾਂ ਜੰਮਣ ਦਾ ਕੀ...

ਜੇਕਰ ਜੰਮ ਕੇ ਵੀ ਖ਼ੁਦ ਨੂੰ ਨਾ ਜਾਣਿਆ, ਤਾਂ ਜੰਮਣ ਦਾ ਕੀ ਫਾਇਦਾ:-ਜੇ.ਐੱਸ.ਮਹਿਰਾ

1
    (ਸਮਾਜ ਵੀਕਲੀ)   ਸਕੂਲੀ ਪ੍ਰਮਾਣ-ਪੱਤਰਾਂ ਵਿੱਚ ਮੇਰੀ ਜਨਮ-ਮਿਤੀ 20 ਅਪ੍ਰੈਲ ਦੀ ਲਿਖੀ ਹੋਈ ਹੈ।ਅਸੀਂ ਪੰਜ ਭੈਣ-ਭਰਾ ਹਾਂ।ਸਾਰਿਆਂ ਦੀ ਜਨਮ-ਮਿਤੀ ਅਪ੍ਰੈਲ ਮਹੀਨੇ ਦੀ ਹੀ ਲਿਖੀ ਹੋਈ ਹੈ।ਅਜਿਹਾ ਕਿਵੇਂ ਹੋ ਸਕਦਾ ਹੈ?ਮੈਂ ਬਚਪਨ ਤੋਂ ਹੀ ਇਹ ਸੋਚਦਾ ਆ ਰਿਹਾ ਸੀ।ਜਦੋਂ ਮੈਂ ਵੱਡਾ ਹੋ ਕੇ ਪੜ੍ਹ-ਲਿਖ ਕੇ ਆਪਣੇ ਹੀ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਅਧਿਆਪਕ ਲੱਗਾ ਤਾਂ ਉੱਥੇ ਅੱਜ ਵੀ ਉਹੀ ਅਧਿਆਪਕ ਮੌਜੂਦ ਸਨ, ਜਿਨਾਂ ਕੋਲ ਮੈਂ ਬਚਪਨ ਵਿੱਚ ਪੜ੍ਹਦਾ ਹੁੰਦਾ ਸੀ।ਬਚਪਨ ਤੋਂ ਹੀ ਮੇਰਾ ਸੁਭਾਅ ਜਗਿਆਸੂ ਰਿਹਾ ਹੈ।ਇਸੇ ਲਈ ਮੇਰੇ ਕਈ ਅਧਿਆਪਕ ਮੈਨੂੰ ‘ਜੱਸੀ ਜਗਿਆਸੂ’ ਦਾ ਨਾਂ ਲੈ ਕੇ ਪੁਕਾਰਦੇ ਹੁੰਦੇ ਸੀ।ਮੇਰੀ ਇਹ ਜਗਿਆਸਾ ਪਹਿਲਾਂ ਖੁਦ ਆਪਣੇ ਆਪ ਨੂੰ ਜਾਨਣ ਬਾਰੇ ਹੀ ਪ੍ਰਬਲ ਰਹੀ ਹੈ।
     ਆਪਣੀ ਇਸ ਜਗਿਆਸਾ ਦੀ ਸੰਤੁਸ਼ਟੀ ਲਈ ਮੈਂ ਆਪਣੇ ਬਚਪਨ ਦੇ ਅਧਿਆਪਕਾਂ ਤੋਂ ਆਪਣੇ ਸਾਰੇ ਭੈਣ ਭਰਾਵਾਂ ਦੀ ਜਨਮ-ਮਿਤੀ ਅਪ੍ਰੈਲ ਮਹੀਨੇ ਲਿਖੀ ਹੋਣ ਦਾ ਕਾਰਨ ਪੁੱਛਿਆ।ਮੇਰੀ ਇਸ ਗੱਲ ਦਾ ਜਵਾਬ ਦਿੰਦਿਆਂ ਮੇਰੇ ਇੱਕ ਅਧਿਆਪਕ ਨੇ ਦੱਸਿਆ ਕਿ 31 ਮਾਰਚ ਨੂੰ ਨਤੀਜੇ ਬੋਲਣ ਤੋਂ ਬਾਅਦ, 1 ਅਪ੍ਰੈਲ ਤੋਂ ਪਿੰਡ ਵਿੱਚ ਘਰ-ਘਰ ਜਾ ਕੇ ਬੱਚਿਆਂ ਨੂੰ ਦਾਖਲ ਕੀਤਾ ਜਾਂਦਾ ਸੀ।ਜਿਹੜੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਜਨਮ-ਮਿਤੀ ਬਾਰੇ ਪੱਕਾ ਪਤਾ ਨਹੀਂ ਹੁੰਦਾ ਸੀ, ਅਸੀਂ ਉਹਨਾਂ ਦੀ ਜਨਮ-ਮਿਤੀ ਉਸ ਤਰੀਕ ਨੂੰ ਹੀ ਲਿਖ ਦਿੰਦੇ ਸੀ ਜਿਸ ਤਰੀਕ ਨੂੰ ਬੱਚਾ ਸਕੂਲ ਵਿੱਚ ਦਾਖਲ ਕੀਤਾ ਗਿਆ ਸੀ।ਉਦੋਂ ਸਕੂਲ ਵਿੱਚ 6 ਸਾਲ ਦਾ ਬੱਚਾ ਦਾਖਲ ਕੀਤਾ ਜਾਂਦਾ ਸੀ।ਪਰ ਆਮ ਤੌਰ ਤੇ ਅੰਦਾਜੇ ਅਨੁਸਾਰ 4-5 ਸਾਲ ਦੀ ਉਮਰ ਦੇ ਬੱਚਿਆਂ ਨੂੰ ਹੀ ਸਕੂਲ ਵਿੱਚ ਦਾਖਲ ਕਰ ਲਿਆ ਜਾਂਦਾ ਸੀ ਅਤੇ ਉਮਰ ਵਧਾ ਕੇ 6 ਸਾਲ ਲਿਖ਼ ਦਿੱਤੀ ਜਾਂਦੀ ਸੀ।ਇਸ ਗੱਲ ਦੀ ਪੜਤਾਲ ਕਰਨ ਲਈ ਮੈਂ ਆਪਣੇ ਪਿੰਡ ਵਿੱਚ ਘਰ-ਘਰ ਗਿਆ ਤੇ ਆਪਣੀ ਤੇ ਆਪਣੇ ਭੈਣ-ਭਾਈਆਂ ਦੀ ਉਮਰ ਦੇ ਸਾਰੇ ਮੁੰਡੇ-ਕੁੜੀਆਂ ਦੀ ਜਨਮ-ਮਿਤੀ ਉਹਨਾਂ ਦੇ ਸਕੂਲ ਦੇ ਪ੍ਰਮਾਣ-ਪੱਤਰਾਂ ਵਿੱਚ ਚੈੱਕ ਕੀਤੀ।ਮੈਂ ਇਹ ਪਾਇਆ ਕਿ ਉਸ ਸਮੇਂ ਉਸ ਸਕੂਲ ਵਿੱਚ ਪੜ੍ਹੇ ਕਾਫੀ ਬੱਚਿਆਂ ਦੀ ਜਨਮ-ਮਿਤੀ ਅਪ੍ਰੈਲ ਮਹੀਨੇ ਦੀ ਹੀ ਲਿਖੀ ਗਈ ਸੀ।
     ਜਦੋਂ ਮੈਂ ਆਪਣੇ ਮਾਤਾ-ਪਿਤਾ ਨੂੰ ਆਪਣੀ ਜਨਮ-ਮਿਤੀ ਬਾਰੇ ਪੁੱਛਿਆ ਤਾਂ ਉਹਨਾਂ ਨੂੰ ਮੇਰੀ ਜਨਮ-ਮਿਤੀ ਤਾਂ ਯਾਦ ਨਹੀਂ ਸੀ, ਪਰ ਇੱਕ ਅੰਦਾਜੇ ਅਨੁਸਾਰ ਉਹਨਾਂ ਨੇ ਦੱਸਿਆ ਕਿ ਮੇਰਾ ਜਨਮ ਕੱਤਕ ਮਹੀਨੇ ਵਿੱਚ ਪੰਜ -ਭੀਖਣਾ ਤੋਂ ਕੁੱਝ ਦਿਨ ਪਹਿਲਾਂ ਹੋਇਆ ਸੀ।ਇਸ ਅਨੁਸਾਰ ਮੈਂ ਆਪਣਾ ਜਨਮ-ਦਿਨ ਕੁੱਝ ਸਾਲ 23 ਨਵੰਬਰ ਨੂੰ ਮਨਾਉਂਦਾ ਆਇਆ ਰਿਹਾ ਹਾਂ।ਪਰ ਅੱਜ ਉਮਰ ਉਸ ਸੀਮਾ ਨੂੰ ਪਾਰ ਕਰ ਚੁੱਕੀ ਹੈ ਜਿੱਥੇ, ਉਮਰ ਮੁਤਾਬਿਕ ਨਮਕ-ਮਿੱਠਾ ਅਤੇ ਹੋਰ ਖਾਣਾ-ਪੀਣਾ ਕੁਝ ਘੱਟ ਕਰਨਾ ਜਰੂਰੀ ਹੈ।ਜਦੋਂ ਜੀਵਨ ਦਾ ਸਭ ਕੁਝ ਹੀ ਸਕੂਲੀ ਪ੍ਰਮਾਣ-ਪੱਤਰਾਂ ਵਿੱਚ ਲਿਖੀ ਜਨਮ-ਮਿਤੀ ਅਨੁਸਾਰ ਹੀ ਚਲਦਾ ਆ ਰਿਹਾ ਹੈ ਤਾਂ ਇਸ ਉਮਰ ਤੇ ਪਹੁੰਚ ਕੇ ਮੈਂ ਅੱਜ ਇਹ ਫੈਸਲਾ ਲੈ ਰਿਹਾ ਹਾਂ ਕਿ ਮੈਂ ਅੱਜ ਤੋਂ ਬਾਅਦ ਆਪਣਾ ਜਨਮ-ਦਿਨ 20 ਅਪ੍ਰੈਲ ਨੂੰ ਹੀ ਮਨਾਇਆ ਕਰਾਂਗਾ।
     ਸੋ, ਇੰਨਾ ਕਹਿੰਦਾ ਹੋਇਆ ਮੈਂ ਖੁਦ ਆਪਣੇ ਆਪ ਨੂੰ ਆਪਣੇ ਜਨਮ-ਦਿਨ ਦੀ ਵਧਾਈ ਦਿੰਦਾ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੌਜੂਦਾ ਹਾਲਾਤ ਅਤੇ ਪੰਜਾਬ ਦੀ ਖੇਤੀ ਨੀਤੀ 
Next articleਡਾਕਟਰ ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਸਾਹਿਤਕ ਸਮਾਗਮ 20 ਨੂੰ