ਸੰਗਰੂਰ, (ਸਮਾਜ ਵੀਕਲੀ) ( ਬਲਬੀਰ ਸਿੰਘ ਬੱਬੀ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਹਿਯੋਗ ਨਾਲ ਸਭਾ ਦੇ ਗਿਆਰਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਪੱਧਰ ਦਾ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਡਾ. ਅਰਵਿੰਦਰ ਕੌਰ ਕਾਕੜਾ ਨੇ ਕੀਤੀ। ਇਸ ਸਮਾਗਮ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ (ਭਾਰਤ) ਦੇ ਪ੍ਰਧਾਨ ਸ੍ਰੀਮਤੀ ਬਲਬੀਰ ਕੌਰ ਰਾਏਕੋਟੀ ਮੁੱਖ ਮਹਿਮਾਨ ਵਜੋਂ ਸਾਮਲ ਹੋਏ। ਪਹਿਲੀ ਜੁਲਾਈ ਤੋਂ ਦੇਸ਼ ਭਰ ਵਿੱਚ ਲਾਗੂ ਹੋਏ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਿਸਥਾਰ ਸਹਿਤ ਚਰਚਾ ਕਰਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਲੋਕਾਂ ਦੀ ਜ਼ੁਬਾਨਬੰਦੀ ਕਰਨ ਵਾਲੇ ਇਨ੍ਹਾਂ ਲੋਕ-ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਸਮੂਹ ਸਾਹਿਤਕਾਰਾਂ ਨੂੰ ਲਾਮਵੰਦ ਹੋਣ ਦੀ ਜ਼ਰੂਰਤ ਹੈ। ਮਾਲਵਾ ਲਿਖਾਰੀ ਸਭਾ ਦੀਆਂ ਸਾਹਿਤਕ ਸਰਗਰਮੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਸ੍ਰੀਮਤੀ ਬਲਬੀਰ ਕੌਰ ਰਾਏਕੋਟੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਹੋਰ ਤਿੱਖਾ ਕਰਨ ਦੀ ਜ਼ਰੂਰਤ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਮੀਤ ਪ੍ਰਧਾਨ ਸ੍ਰੀ ਮੂਲ ਚੰਦ ਸ਼ਰਮਾ ਨੇ ਕਿਹਾ ਪੰਜਾਬ ਦੇ ਸਮੂਹ ਸਾਹਿਤਕਾਰ ਤਿੰਨ ਖੇਤੀ ਕਾਨੂੰਨਾਂ ਵਾਂਗ ਇਨ੍ਹਾਂ ਤਿੰਨੇ ਅਪਰਾਧਿਕ ਕਾਨੂੰਨਾਂ ਦਾ ਵੀ ਮੂੰਹ-ਤੋੜ ਜਵਾਬ ਦੇਣਗੇ। ਸਾਹਿਤ ਸਭਾ ਸੁਨਾਮ ਦੇ ਸਰਪ੍ਰਸਤ ਸ੍ਰੀ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਤਿੰਨੇ ਕਾਨੂੰਨ ਤੁਰੰਤ ਵਾਪਸ ਲੈਣੇ ਚਾਹੀਦੇ ਹਨ। ਉੱਘੇ ਸਾਹਿਤਕਾਰ ਸੁਰਿੰਦਰਪਾਲ ਸਿੰਘ ਸਿਦਕੀ ਨੇ ਕਿਹਾ ਕਿ ਅਜਿਹਾ ਕਰ ਕੇ ਲੋਕਾਂ ਤੋਂ ਲਿਖਣ ਅਤੇ ਬੋਲਣ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ। ਸਮਾਗਮ ਦੇ ਆਰੰਭ ਵਿੱਚ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਨੇ ਸਭਾ ਦੀ ਸਥਾਪਨਾ ਤੋਂ ਲੈ ਕੇ ਲੇਖਕ ਭਵਨ ਦੀ ਉਸਾਰੀ ਤੱਕ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਸਾਰੇ ਆਏ ਸਾਹਿਤਕਾਰਾਂ ਲਈ ਸਵਾਗਤੀ ਸ਼ਬਦ ਕਹੇ। ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਪੰਜਾਬੀ ਲੇਖਕ ਮਹਿੰਦਰਜੀਤ ਸਿੰਘ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਾਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਰਣਜੀਤ ਆਜ਼ਾਦ ਕਾਂਝਲਾ, ਸੁਰਜੀਤ ਸਿੰਘ ਮੌਜੀ, ਰਜਿੰਦਰ ਸਿੰਘ ਰਾਜਨ, ਰਾਜਦੀਪ ਸਿੰਘ, ਜਸ਼ਨਦੀਪ ਸਿੰਘ, ਅਮਨ ਜੱਖਲਾਂ, ਸੁਖਵਿੰਦਰ ਸਿੰਘ ਲੋਟੇ, ਗੁਰਮੀਤ ਸਿੰਘ ਸੋਹੀ, ਪਵਨ ਕੁਮਾਰ ਹੋਸ਼ੀ, ਜੰਗੀਰ ਸਿੰਘ ਰਤਨ, ਮੂਲ ਚੰਦ ਸ਼ਰਮਾ, ਅਮਰ ਗਰਗ ਕਲਮਦਾਨ, ਹਰਕਰਣ ਸਿੰਘ, ਮੱਖਣ ਸੇਖੂਵਾਸ, ਬਲਵਿੰਦਰ ਸਿੰਘ, ਗੁਰੀ ਚੰਦੜ, ਬਰਿੰਦਰ ਸਿੰਘ, ਬਲਜਿੰਦਰ ਈਲਵਾਲ, ਸੁਰਿੰਦਰਪਾਲ ਸਿੰਘ ਸਿਦਕੀ, ਕੁਲਵੰਤ ਖਨੌਰੀ, ਸਰਬਜੀਤ ਸੰਗਰੂਰਵੀ, ਭੁਪਿੰਦਰ ਨਾਗਪਾਲ, ਜੱਗੀ ਮਾਨ, ਰਵਿੰਦਰ ਕੌਰ, ਭੋਲਾ ਸਿੰਘ ਸੰਗਰਾਮੀ, ਕ੍ਰਿਸ਼ਨ ਗੋਪਾਲ, ਗੋਬਿੰਦ ਸਿੰਘ ਤੂਰਬਨਜਾਰਾ, ਦੀਪਕ ਮੁਹੰਮਦਪੁਰ, ਲਾਭ ਸਿੰਘ ਝੱਮਟ ਅਤੇ ਬਲਜੀਤ ਸਿੰਘ ਬਾਂਸਲ ਆਦਿ ਕਵੀਆਂ ਨੇ ਆਪਣੀ ਹਾਜ਼ਰੀ ਲਵਾਈ। ਅੰਤ ਵਿੱਚ ਰਜਿੰਦਰ ਸਿੰਘ ਰਾਜਨ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਕਾਰਵਾਈ ਸੁਖਵਿੰਦਰ ਸਿੰਘ ਲੋਟੇ ਨੇ ਬੜੇ ਖ਼ੂਬਸੂਰਤ ਢੰਗ ਨਾਲ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly