ਮਾਨਸਾ, (ਸਮਾਜ ਵੀਕਲੀ) ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾਕਟਰ ਹਰਦੇਵ ਸਿੰਘ ਦੀ ਦੇਖ ਰੇਖ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਇੰਦੂ ਬਾਂਸਲ ਦੀ ਅਗਵਾਈ ਵਿੱਚ ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਪੌਦੇ ਲਗਾਉਣ ਦਾ ਕੰਮ ਜਾਰੀ ਹੈ।ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਇੰਦੂ ਬਾਂਸਲ ਨੇ ਦੱਸਿਆ ਕਿ ਬਲਾਕ ਖਿਆਲਾ ਕਲਾਂ ਅਧੀਨ ਸਿਹਤ ਸੰਸਥਾਵਾਂ ਖਿਆਲਾ ਕਲਾਂ, ਭੀਖੀ, ਚਕੇਰੀਆਂ ਅਤੇ ਫੇਫੜੇ ਭਾਈ ਕੇ ਵਿੱਚ ਪੰਚਾਇਤ ਵਿਭਾਗ, ਕਲੱਬਾਂ ਅਤੇ ਨਰੇਗਾ ਕਾਮਿਆਂ ਦੀ ਮੱਦਦ ਨਾਲ 250 ਪੌਦੇ ਲਗਾਏ ਜਾ ਚੁੱਕੇ ਹਨ।ਇਸ ਤੋਂ ਇਲਾਵਾ ਇਕ ਹਜ਼ਾਰ ਪੌਦੇ ਇਸ ਹਫ਼ਤੇ ਲਗਾਏ ਜਾਣਗੇ। ਸਿਹਤ ਸੰਸਥਾਵਾਂ ਵਿੱਚ ਲਗਾਏ ਪੌਦਿਆਂ ਦੀ ਸੰਭਾਲ ਕਰਨ ਲਈ ਸਟਾਫ ਨੂੰ ਪ੍ਰੇਰਿਤ ਕੀਤਾ ਗਿਆ। ਧਰਤੀ ਨੂੰ ਸੁੰਦਰ, ਹਰਿਆਵਲ ਭਰਪੂਰ ਅਤੇ ਰਹਿਣਯੋਗ ਬਣਾਉਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਇਸ ਨੇਕ ਕਾਰਜ ਲਈ ਹਰ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਕਿਹਾ ਕਿ ਪਲਾਸਟਿਕ, ਲਿਫਾਫੇ, ਬੋਤਲਾਂ ਆਦਿ ਥੋੜੀ ਦੇਰ ਲਈ ਲਾਭਦਾਇਕ ਹੈ ਪਰੰਤੂ ਦਹਾਕਿਆਂ ਤੱਕ ਵਾਤਾਵਰਨ ਨੂੰ ਨੁਕਸਾਨ ਕਰਦੇ ਹਨ । ਇਸ ਲਈ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਅਤੇ ਪਲਾਸਟਿਕ ਰਹਿੰਦ ਖੂੰਦ ਨੂੰ ਰੀਸਾਈਕਲ ਕਰਨ ਲਈ ਕਬਾੜ ਵਿੱਚ ਭੇਜਿਆ ਜਾਵੇ। ਬਜ਼ਾਰ ਖਰੀਦਦਾਰੀ ਕਰਨ ਸਮੇਂ ਕੱਪੜੇ ਦੇ ਥੈਲਿਆਂ ਦੀ ਸਿਹਤਮੰਦ ਆਦਤ ਅਪਨਾਈਏ ।ਇਸ ਮੌਕੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪੌਦੇ ਲਗਾ ਕੇ ਸੰਭਾਲ ਕਰਨ ਦਾ ਪ੍ਰਣ ਲਿਆ।ਇਸ ਮੌਕੇ ਪ੍ਰੇਮ ਸਿੰਘ, ਬਲਜੀਤ ਕੌਰ ਗੁੜਥੜੀ, ਅਵਤਾਰ ਸਿੰਘ ਚਕੇਰੀਆਂ,ਦੀਦਾਰ ਸਿੰਘ, ਜਗਦੇਵ ਸਿੰਘ ਸਿਹਤ ਕਰਮਚਾਰੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly