ਵਾਤਾਵਰਨ,ਇਸਦੀ ਸਾਂਭ-ਸੰਭਾਲ : ਇੱਕ ਨੈਤਿਕ ਜ਼ੁੰਮੇਵਾਰੀ…

ਮਾਲਵਿੰਦਰ ਸ਼ਾਇਰ
ਮਾਲਵਿੰਦਰ ਸ਼ਾਇਰ

(ਸਮਾਜ ਵੀਕਲੀ)  ਸਾਡਾ ਆਲ਼ਾ-ਦੁਆਲਾ ਜਿਸ ਵਿੱਚ ਅਸੀਂ ਰਹਿੰਦੇ ਹਾਂ, ਸਾਹ ਲੈਂਦੇ ਹਾਂ, ਵਾਤਾਵਰਨ ਅਖਵਾਉਂਦਾ ਹੈ।ਇਸ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਵਾਯੂ-ਮੰਡਲ ( Atmosphere) ,   ਜਲ-ਮੰਡਲ ( Hydrosphere), ਥਲ-ਮੰਡਲ ( Lithosphere)  ਅਤੇ ਜੀਵ-ਮੰਡਲ (Biosphere)। ਜੇਕਰ ਵਾਯੂ-ਮੰਡਲ ਦੀ ਗੱਲ ਕਰੀਏ ਤਾਂ ਸਾਡੀ ਧਰਤੀ ਹਵਾ ਦੇ ਗਿਲਾਫ਼ ਨਾਲ਼ ਚਾਰੇ ਪਾਸਿਉਂ ਘਿਰੀ ਹੋਈ ਹੈ ।ਧਰਤੀ ਦੇ ਦੁਆਲੇ  ਹਵਾ ਦਾ ਇਹ ਗਿਲਾਫ਼ ਲਗਭਗ ਸੋਲਾਂ ਸੌ ਕਿਲੋਮੀਟਰ ਹੈ,ਪਰੰਤੂ ਨੜਿਨਵੇੰ ਪ੍ਰਤੀਸ਼ਤ ਹਵਾ ਬੱਤੀ ਕਿਲੋਮੀਟਰ  ਦੇ ਘੇਰੇ ਵਿੱਚ ਹੀ ਹੈ। ਇਸੇ ਤਰ੍ਹਾਂ ਜੇ ਥਲ-ਮੰਡਲ ਦੀ ਗੱਲ ਕਰੀਏ ਤਾਂ ਇਹ ਧਰਤੀ ਦੀ ਸਤਹਿ ਪਾਣੀ ਅਤੇ ਜ਼ਮੀਨ ਦੀ ਬਣੀ ਹੋਈ ਹੈ ਜਿਸ ਦੇ ਇਕੱਹਤਰ ਪ੍ਰਤੀਸ਼ਤ ਭਾਗ ਵਿੱਚ ਪਾਣੀ ਅਤੇ ਉਨੱਤੀ ਪ੍ਰਤੀਸ਼ਤ ਭਾਗ ਵਿੱਚ ਜ਼ਮੀਨ ਹੈ। ਇਸੇ ਤਰ੍ਹਾਂ ਹੀ ਧਰਤੀ ‘ਤੇ ਪਾਣੀ ਨਾਲ਼ ਢਕੇ ਭਾਗ ਨੂੰ ਹੀ ਜਲ-ਮੰਡਲ ਕਹਿੰਦੇ ਹਨ। ਧਰਤੀ ਨੂੰ ਜਲ ਗ੍ਰਹਿ ਵੀ ਆਖਦੇ ਹਨ ਕਿਉੰਕਿ ਇਸਦੀ ਸਤਹਿ ਦਾ ਬਹੁਤਾ ਭਾਗ ਪਾਣੀ ਨਾਲ਼ ਹੀ ਢਕਿਆ ਹੋਇਆ ਹੈ। ਪਰ ਜੀਵ-ਮੰਡਲ ਇੱਕ ਅਜਿਹਾ ਮੰਡਲ ਹੈ ਜਿੱਥੇ ਕੁਦਰਤੀ ਤੱਤਾਂ ਦਾ ਪ੍ਰਭਾਵ ਨਜ਼ਰ ਆਉਂਦਾ ਹੈ।ਇਹ ਧਰਤੀ ਗ੍ਰਹਿ ਦਾ ਸਭ ਤੋਂ ਮਹੱਤਵਪੂਰਨ ਮੰਡਲ ਹੈ। ਜੀਵ-ਮੰਡਲ ਉਪਰੋਕਤ ਤਿੰਨਾਂ ਮੰਡਲਾਂ ਦੇ ਸੁਮੇਲ ਕਰਕੇ ਹੀ ਹੋਂਦ ਵਿੱਚ ਆਉਂਦਾ ਹੈ। ਜੀਵ-ਮੰਡਲ ਵਿੱਚ ਕਈ ਤਰ੍ਹਾਂ ਦੇ ਜੀਵ-ਜੰਤੂ ਅਤੇ ਪੇੜ-ਪੌਦੇ ਹੁੰਦੇ ਹਨ ਜਿਸ ਨੂੰ ਜੀਵ-ਜਗਤ ਕਿਹਾ ਜਾਂਦਾ ਹੈ।

ਕੁਦਰਤੀ ਵਾਤਾਵਰਨ ਵਿੱਚ ਮਨੁੱਖੀ ਸੋਚ ਅਤੇ ਤਕਨੀਕੀ ਵਿਕਾਸ ਨੇ ਲੋੜ ਅਨੁਸਾਰ ਪਰਿਵਰਤਨ ਲਿਆਂਦਾ ਹੈ। ਬਦਲਦੇ ਵਾਤਾਵਰਨ ਤੋਂ ਭਾਵ ਵਾਤਾਵਰਨ ਵਿੱਚ ਤਬਦੀਲੀ ਆਉਣਾ ਹੈ। ਇਹ ਤਬਦੀਲੀਆਂ ਦੋਨੋਂ ਤਰ੍ਹਾਂ ਨਾਲ਼ ਹੁੰਦੀਆਂ ਹਨ, ਤੇਜ਼ ਗਤੀ ਨਾਲ਼ ਵੀ ਤੇ ਧੀਮੀ ਗਤੀ ਨਾਲ਼ ਵੀ। ਤੇਜ਼ ਗਤੀ ਨਾਲ਼ ਹੋਣ ਵਾਲੀਆਂ ਤਬਦੀਲੀਆਂ ਧਰਤੀ ਦੇ ਨਿਘਰਨ ਜਾਂ ਉੱਭਰਨ ਦੁਆਰਾ ਪ੍ਰਤੀਤ ਹੁੰਦੀਆਂ ਹਨ ਜਦ ਕਿ ਧੀਮੀ ਗਤੀ ਵਾਲੀਆਂ ਤਬਦੀਲੀਆਂ ਦਰਿਆ, ਗਲੇਸ਼ੀਅਰ, ਹਵਾ, ਸਮੁੰਦਰਾਂ ਆਦਿ ਦੁਆਰਾ ਹੁੰਦੀਆਂ ਹਨ। ਖਣਿਜ ਅਤੇ ਉਦਯੋਗਿਕ ਖੇਤਰਾਂ ਦਾ ਵਿਕਾਸ ਕਰਦਿਆਂ ਹੋਇਆਂ ਵੀ ਮਨੁੱਖ ਨੇ ਧਰਤੀ ਉੱਤੇ ਵਧੇਰੇ ਪਰਿਵਰਤਨ ਲਿਆਂਦੇ ਹਨ।ਇਸ ਕਰਕੇ ਵਾਤਾਵਰਨ ਪਰਿਵਰਤਨ ਵਿੱਚ ਕੁਦਰਤੀ ਅਤੇ ਮਨੁੱਖੀ ਤੱਤਾਂ ਦਾ ਗੂੜ੍ਹਾ ਸੰਬੰਧ ਹੈ।ਸੋ ਮਨੁੱਖ ਵਿਕਾਸ ਦੇ ਰਾਹ ਦੇ ਕਈ ਪੜਾਵਾਂ ਵਿੱਚੋਂ ਲੰਘਿਆ ਹੈ। ਮਨੁੱਖ ਦੇ ਉੱਦਮ ਸਦਕਾ ਸਾਰਾ ਸੰਸਾਰ ਇੱਕ ‘ਗਲੋਬਲ ਪਿੰਡ’ ਬਣ ਗਿਆ ਹੈ ਜਿਸਦਾ ਹਰੇਕ ਮਨੁੱਖੀ ਕਿੱਤੇ ਉੱਤੇ ਡੂੰਘਾ ਪ੍ਰਭਾਵ ਪਿਆ ਹੈ। ਬਾਵਜੂਦ ਇਸਦੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁੱਖ ਕਾਰਨ ਵੀ ਉੱਭਰ ਕੇ ਸ੍ਹਾਮਣੇ ਆਏ ਹਨ, ਜਿਵੇਂ ਕਿ ਵੱਧ ਰਹੀ ਆਬਾਦੀ, ਉਦਯੋਗੀਕਰਨ, ਸ਼ਹਿਰੀਕਰਨ, ਜੰਗਲਾਂ ਦਾ ਘਾਣ, ਕੁਦਰਤੀ ਵਸੀਲਿਆਂ ਦਾ ਲੋੜੋਂ ਵੱਧ ਉਪਯੋਗ, ਓਜ਼ਨ ਪਰਤ ਵਿੱਚ  ਵਿਗਾੜ ,ਗਲੋਬਲ ਵਾਰਮਿੰਗ ਅਤੇ ਹੋਰ।
ਵਾਤਾਵਰਨ ਵੱਖੋ-ਵੱਖਰੇ ਤੱਤਾਂ ਦਾ ਇੱਕ ਨਾਜ਼ੁਕ ਸੰਤੁਲਨ ਹੈ ਜੋ ਧਰਤੀ ਗ੍ਰਹਿ ਉੱਤੇ ਜੀਵਨ ਕਾਇਮ ਰੱਖਦਾ ਹੈ। ਇਸ ਵਿੱਚ ਉਪਰੋਕਤ ਦਰਸਾਏ ਚਾਰੇ ਵਾਯੂ-ਮੰਡਲ , ਜਲ-ਮੰਡਲ , ਥਲ-ਮੰਡਲ  , ਅਤੇ ਜੀਵ ਮੰਡਲ ਸ਼ਾਮਲ ਹਨ। ਇਹ ਤੱਤ ਜੁਜ ਜੀਵ ਦੀ ਵਿਭਿੰਨਤਾ ਦੀ ਸ਼੍ਰੇਣੀ ਲਈ ਅਨੁਕੂਲ ਆਵਾਸ ਬਣਾਉਣ ਲਈ ਮਿਲਕੇ ਕੰਮ ਕਰਦੇ ਹਨ। ਵਿਦਵਾਨਾਂ ਅਨੁਸਾਰ ਵਾਤਾਵਰਨ ਇੱਕ ਸ਼ਬਦ ਨਹੀਂ ਹੈ ਜਿਸ ਕਰਕੇ ਇਸ ਦੀ ਫੁੱਲ-ਫਾਰਮ (ਪੂਰਾ ਰੂਪ) ਨਹੀਂ ਹੈ। ‘ਇਨਵਰਨਮੈਂਟ’  (environment) ਫਰੈੰਚ ਭਾਸ਼ਾ ਦੇ ਸ਼ਬਦ ‘ਇਨਵਰਨਰ’ ( environner) ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ‘ਟੂ ਸਰਾਊੰਡ’ ( to surround) ਭਾਵ ਕਿ ‘ਆਲਾ-ਦੁਆਲਾ’। ਇਹ ਸਾਡੇ ਆਲੇ ਦੁਆਲੇ ਕੁਦਰਤੀ ਸੰਸਾਰ ਨੂੰ ਪ੍ਰਗਟ ਕਰਦਾ ਹੈ ਜਿਸ ਵਿੱਚ ਪਾਣੀ, ਭੂਮੀ ਅਤੇ ਸੰਜੀਵ ਵਸਤੂਆਂ ਆ ਜਾਂਦੀਆਂ ਹਨ। ਸੋ ਵਾਤਾਵਰਨ ਨੂੰ ਸਾਰੇ ਸੰਜੀਵ ਅਤੇ ਨਿਰਜੀਵ ਤੱਤਾਂ ਤੇ ਉਨ੍ਹਾਂ ਦੇ ਪ੍ਰਭਾਵਾਂ ਦੇ ਜੋੜ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜੋ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਸੰਜੀਵ (biotic,living) ਵਸਤੂਆਂ ਵਿੱਚ ਪਸ਼ੂ,ਪੰਛੀ, ਪੌਦੇ, ਜੰਗਲ, ਮਨੁੱਖ ਆਦਿ ਆ ਜਾਂਦੇ ਹਨ ਜਦਕਿ ਨਿਰਜੀਵ   (abiotic,non-living) ਵਸਤੂਆਂ ਵਿੱਚ  ਪਾਣੀ, ਭੂਮੀ, ਸੂਰਜ ਦੀ ਰੋਸ਼ਨੀ, ਚਟਾਨਾਂ ਅਤੇ ਹਵਾ ਆਦਿ ਆ ਜਾਂਦੇ ਹਨ।
ਸੋ ਵਾਤਾਵਰਨ ਸਾਨੂੰ ਜ਼ਿੰਦਗੀ ਦੇਣ ਵਾਲਾ ਮੁੱਖ ਆਧਾਰ ਹੈ ਜਿਸ ਵਿੱਚ ਤਿੰਨ ਤਰ੍ਹਾਂ ਦੇ ਤੱਤ ਸ਼ਾਮਲ ਹੋ ਜਾਂਦੇ ਹਨ। ਅਜੈਵਿਕ, ਜੈਵਿਕ ਅਤੇ ਊਰਜਾ। ਅਜੈਵਿਕ ਤੱਤਾਂ ਵਿੱਚ ਤਿੰਨ ਮੰਡਲ ਵਾਯੂ, ਜਲ ਅਤੇ ਥਲ ਆ ਜਾਂਦੇ ਹਨ। ਜੈਵਿਕ ਵਿੱਚ ਜੀਵ-ਮੰਡਲ ਆ ਜਾਂਦਾ ਹੈ ਜਿਵੇਂ ਕਿ ਮਨੁੱਖ, ਪੌਦੇ, ਜਾਨਵਰ, ਕੀੜੇ-ਮਕੌੜੇ ਆਦਿ ਆ ਜਾਂਦੇ ਹਨ। ਊਰਜਾ ਤੱਤਾਂ ਵਿੱਚ ਸੂਰਜ ਦੀ ਰੋਸ਼ਨੀ ਅਤੇ ਧਰਤੀ ਤੋਂ ਮਿਲਣ ਵਾਲੇ ਖਣਿਜਾਂ ਦੁਆਰਾ ਪੈਦਾ ਕੀਤੀ ਊਰਜਾ ਆਉੰਦੀ ਹੈ। ਅਸਲ ਵਿੱਚ ਜੈਵਿਕ ਅਤੇ ਅਜੈਵਿਕ ਤੱਤਾਂ ਵਿੱਚ ਊਰਜਾ ਦਾ ਆਦਾਨ-ਪ੍ਰਦਾਨ ਅਰਥਾਤ ਸੰਚਾਲਨ ਹੀ ਕਿਸੇ ਥਾਂ ਦਾ ਵਾਤਾਵਰਨ ਬਣਾਉਂਦਾ ਹੈ। ਆਦਿ-ਕਾਲ ਵਿੱਚ ਮਨੁੱਖ ਦੇ ਵਾਤਾਵਰਨ ਵਿੱਚ ਕੁਦਰਤੀ ਤੱਤ  ਹੀ ਮਹੱਤਵਪੂਰਨ ਸਨ  ਜੋ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਸਨ ਅਤੇ ਅੱਜ ਵੀ ਕਰ ਰਹੇ ਹਨ। ਮਨੁੱਖ ਨੂੰ ਕੁਦਰਤੀ ਵਾਤਾਵਰਨ ਤੋਂ ਹਵਾ, ਮਿੱਟੀ, ਪਾਣੀ, ਭੋਜਨ, ਖਣਿਜ ਪਦਾਰਥ, ਊਰਜਾ, ਲਕੜੀ, ਜੰਗਲੀ ਜੀਵ, ਜੜੀਆਂ-ਬੂਟੀਆਂ ਆਦਿ ਪ੍ਰਾਪਤ ਹੁੰਦੇ ਹਨ। ਪਰ ਹੁਣ ਸਮੇਂ ਦੀ ਕਰਵਟ ਨਾਲ਼ ਮਨੁੱਖ ਦੇ ਵਾਤਾਵਰਨ ਦਾ ਦਾਇਰਾ ਕੁਦਰਤੀ ਤੱਤਾਂ ਅਤੇ ਜੈਵਿਕਾਂ ਤੋਂ ਵੱਧ ਕੇ ਸਮਾਜਿਕ- ਸਭਿਆਚਾਰਕ , ਆਰਥਿਕ, ਰਾਜਨੀਤਿਕ ਆਦਿ ਤੱਤਾਂ ਤੱਕ ਚਲਾ ਗਿਆ ਹੈ। ਇਸ ਬਦਲੇ ਹੋਏ ਵਾਤਾਵਰਨ ਨੂੰ ਸਮਾਜਿਕ ਅਤੇ ਸਭਿਆਚਾਰਕ ਵਾਤਾਵਰਨ ਕਿਹਾ ਜਾਂਦਾ ਹੈ। ਇਹ ਇਤਿਹਾਸਕ, ਧਾਰਮਿਕ, ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਤਕਨੀਕੀ ਆਦਿ ਤੱਤਾਂ ਦੀ ਆਪਸੀ ਕਿਰਿਆ,ਪ੍ਰਤੀ-ਕਿਰਿਆ ਅਤੇ ਪ੍ਰਭਾਵਾਂ ਤੋਂ ਬਣਦਾ ਹੈ।ਹੁਣ ਆਰਥਿਕ ਅਤੇ ਤਕਨੀਕੀ ਉੱਨਤੀ ਨਾਲ਼ ਸਮਾਜਿਕ ਅਤੇ ਸਭਿਆਚਾਰਕ ਵਾਤਾਵਰਨ ਵਿੱਚ ਵੱਡੀ ਤਬਦੀਲੀ ਆਈ ਹੈ ਜਿਸਨੇ ਕੁਦਰਤੀ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਇਸ ਨੇ ਪੌਣ-ਪਾਣੀ, ਜੀਵ-ਜੰਤੂ, ਬਨਸਪਤੀ ਆਦਿ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਵਾਯੂ-ਮੰਡਲ ਦਾ ਤਾਪਮਾਨ ਵੱਧਣ ਲੱਗ ਗਿਆ ਹੈ, ਬਨਸਪਤੀ ਅਤੇ ਜੰਗਲੀ ਜੀਵ ਘਟਣ ਲੱਗ ਪਏ ਹਨ। ਹੁਣ ਵਾਤਾਵਰਨ ਬਹੁਤ ਖਤਰੇ ਵਿੱਚ ਹੈ ਜੋ ਹਰ ਪ੍ਰਾਣੀ ਲਈ ਇੱਕ ਚਿੰਤਾ ਦਾ ਵਿਸ਼ਾ ਹੈ।
ਸੋ ਹੁਣ ਵਾਤਾਵਰਨ ਵਿੱਚ ਸੰਤੁਲਨ ਪੈਦਾ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਜਿਨ੍ਹਾਂ ਵਿੱਚ ਜ਼ਿਆਦਾ ਆਕਸੀਜਨ ਪੈਦਾ ਕਰਨ ਵਾਲੇ ਦਰਖਤਾਂ ਨੂੰ ਹੀ ਪਹਿਲ ਦੇ ਆਧਾਰ ‘ਤੇ ਲਾਇਆ ਜਾਵੇ। ਇਸ ਦੇ ਨਾਲ਼ ਹੀ ਧੂੰਆਂ ਰਹਿਤ ਵਾਹਨਾਂ ਦਾ ਪ੍ਰਯੋਗ ਕੀਤਾ ਜਾਵੇ। ਇਸ ਤੋਂ ਇਲਾਵਾ ਆਪਣੀ ਜ਼ਿੰਦਗੀ ਵਿੱਚ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਦਾ ਅਸੂਲ ਬਣਾਇਆ ਜਾਵੇ ਅਤੇ ਪਾਣੀ ਨੂੰ ਵਿਅਰਥ ਜਾਣ ਤੇ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ। ਫ਼ਲਾਂ, ਸਬਜ਼ੀਆਂ ਅਤੇ ਫ਼ਸਲਾਂ ‘ਤੇ ਛਿੜਕੀਆਂ ਜਾ ਰਹੀਆਂ ਖਤਰਨਾਕ ਜ਼ਹਿਰੀਆਂ ਦਵਾਈਆਂ ਦੇ ਇਸਤੇਮਾਲ ‘ਤੇ ਰੋਕ ਲਗਾਈ ਜਾਵੇ। ਇਸਦੇ ਨਾਲ਼ ਹੀ ਕੁਦਰਤੀ ਅਤੇ ਜੈਵਿਕ ਖ਼ਾਦ ਤਿਆਰ ਕੀਤੀ ਜਾਵੇ ਅਤੇ ਵਰਖਾ ਦੇ ਪਾਣੀ ਨੂੰ ਸੰਭਾਲਿਆ ਜਾਵੇ। ਸੋ ਲੋੜ ਹੈ ਅੱਜ ਦੇ ਵਾਤਾਵਰਨ ਨੂੰ ਸੰਭਾਲ ਕੇ ਰੱਖਣ ਦੀ ਤਾਂ ਕਿ ਆਉਣ ਵਾਲੀਆਂ ਆਫ਼ਤਾਂ ਤੋਂ ਬਚਿਆ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਨਹਿਰੇ ਤੇ ਸਾਫ਼-ਸੁਥਰੇ ਵਾਤਾਵਰਨ ਦੀ ਸਿਰਜਣਾ ਕੀਤੀ ਜਾ ਸਕੇ।ਆਮੀਨ।
ਪਤਾ :–
ਪਿੰਡ ਤੇ ਡਾਕ. — ਸ਼ੇਰ ਸਿੰਘ ਪੁਰਾ ( ਨਾਈਵਾਲਾ)
ਤਹਿ. ਤੇ ਜਿਲ੍ਹਾ — ਬਰਨਾਲਾ 
ਪੰਜਾਬ — 148100
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleCM ਮਾਨ ਨੀਤੀ ਆਯੋਗ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ, ਇਸ ਤੋਂ ਪਹਿਲਾਂ ਚਾਰ ਮੁੱਖ ਮੰਤਰੀ ਪਹਿਲਾਂ ਹੀ ਇਨਕਾਰ ਕਰ ਚੁੱਕੇ ਹਨ।
Next articleਕਵਿਤਾਵਾਂ