(ਸਮਾਜ ਵੀਕਲੀ)
ਇਤਿਹਾਸ ਰਚਣ ਦਾ ਜਜ਼ਬਾ ਵੀ
ਕੁਝ ਅਣਖੀ ਰੂਹਾਂ ਰੱਖਦੀਆਂ ਨੇ
ਸਿਰ ਦੇ ਕੇ ਸੱਚ ਦੀ ਖਾਤਰ
ਸਰਬੱਤ ਦੀ ਸੁੱਖਾਂ ਮੰਗਦੀਆਂ ਨੇ
ਜ਼ੁਲਮ ਦੀਆਂ ਉੱਚੀਆਂ ਕੰਧਾਂ ਵੀ
ਇਹਨਾਂ ਨੂੰ ਰੋਕ ਨਾ ਸਕਦੀਆਂ ਨੇ
ਇਤਿਹਾਸ ਰਚਣ ਦਾ ਜਜ਼ਬਾ ਵੀ
ਕੁਝ ਅਣਖੀ ਰੂਹਾਂ ਰੱਖਦੀਆਂ ਨੇ
ਛੋਟੀ ਉਮਰੇ ਕੁਰਬਾਨੀ ਦੀ
ਨਾ ਜੱਗ ਤੇ ਮਿਲੇ ਮਿਸਾਲ ਕੋਈ
ਹੰਕਾਰ ਦੇ ਤਖਤ ਦੀਆਂ ਨੀਹਾਂ
ਨਾ ਝੱਲ ਸਕੀਆਂ ਵੰਗਾਰ ਕੋਈ
ਇਹ ਗੈਰਤ ਦੀਆਂ ਪੂਣੀਆਂ ਨੂੰ
ਕੱਤ ਪਾਕ ਮੁਹੱਬਤਾਂ ਸਕਦੀਆਂ ਨੇ
ਇਤਿਹਾਸ ਰਚਣ ਦਾ ਜਜ਼ਬਾ ਵੀ
ਕੁਝ ਅਣਖੀ ਰੂਹਾਂ ਰੱਖਦੀਆਂ ਨੇ
ਲਾਲਚ ਵੱਸ ਮਿਲਦੀਆਂ ਸਾਰੀਆਂ ਹੀ
ਸ਼ੋਹਰਤਾਂ ਨੂੰ ਠੁਕਰਾਇਆਂ ਏ
ਸਮੇਂ ਦੇ ਕਹਾਉਂਦੇ ਹਾਕਮਾਂ ਦਾ
ਸਿਰ ਇਹਨਾਂ ਖੂਬ ਝੁਕਾਇਆ ਏ
ਅੱਖਾਂ ਦੇ ਵਿੱਚ ਨੂਰ ਇਲਾਹੀ
ਖੌਫ਼ ਕੋਈ ਨਾ ਝੱਲਦੀਆਂ ਨੇ
ਇਤਿਹਾਸ ਰਚਣ ਦਾ ਜਜ਼ਬਾ ਵੀ
ਕੁਝ ਅਣਖੀ ਰੂਹਾਂ ਰੱਖਦੀਆਂ ਨੇ
ਮਨੁੱਖਤਾ ਦੇ ਪੈਗੰਬਰ ਇਹ
ਹੋਰਾਂ ਨੂੰ ਰਾਹ ਵਿਖਾਉਂਦੇ ਨੇ
ਜੋ ਰੱਖਦੇ ਦਰਦ ਕਿਸੇ ਲਈ
ਖੁਦ ਆਪਾਂ ਵਾਰ ਜਿਉਂਦੇ ਨੇ
ਇਹ ਬੁਲੰਦ ਹੌਸਲੇ ਤੋਂ
ਹਕੂਮਤਾਂ ਵੀ ਕੰਬਦੀਆਂ ਨੇ
ਇਤਿਹਾਸ ਰਚਣ ਦਾ ਜਜ਼ਬਾ ਵੀ
ਕੁਝ ਅਣਖੀ ਰੂਹਾਂ ਰੱਖਦੀਆਂ ਨੇ
ਦਿਲਪ੍ਰੀਤ ਸਿੰਘ
ਜਗਜੀਤ ਨਗਰ, ਰੋਪੜ।
84279 48602