ਵਿਦਿਆਰਥੀਆਂ ਲਈ ਕਿੰਨਾ ਜ਼ਰੂਰੀ ਹੈ ਦਸਵੀਂ ਤੋਂ ਬਾਅਦ ਚੋਣਵੀਂ ਪੰਜਾਬੀ ਦਾ ਵਿਸ਼ਾ ਰੱਖਣਾ
(ਸਮਾਜ ਵੀਕਲੀ)-ਕਹਿੰਦੇ ਕਿ ਸਾਹਿਤ ਹਰ ਸਮਾਜ ਦਾ ਸ਼ੀਸ਼ਾ ਹੁੰਦਾ ਹੈ।ਕਿਸੇ ਵੀ ਦੇਸ਼, ਪ੍ਰਾਂਤ ਅੰਦਰ ਝਾਤ ਮਾਰਨੀ ਹੋਵੇ ਤਾਂ ਉੱਥੋਂ ਦੇ ਇਤਿਹਾਸ ਨੂੰ ਪ੍ਰਮੁੱਖ ਤੌਰ ਤੇ ਵਾਚਿਆ ਜਾਂਦਾ ਹੈ। ਏਸੇ ਲਈ ਹੀ ਸਾਹਿਤ ਨੂੰ ਸਾਰੀਆਂ ਕਲਾਵਾਂ ਵਿੱਚੋਂ ਉੱਤਮ ਦਰਜੇ ਦੇ ਤੌਰ ਤੇ ਵੇਖਿਆ ਜਾਂਦਾ ਹੈ।ਆਧੁਨਿਕਤਾ ਦੇ ਇਸ ਦੌਰ ਵਿੱਚ ਬੱਚਿਆਂ ਦਾ ਰੁਝਾਨ ਮੋਬਾਈਲ ਫੋਨ ਦੀਆਂ ਖੇਡਾਂ ਤੱਕ ਸੀਮਤ ਹੁੰਦਾ ਦਿਸ ਰਿਹਾ ਹੈ।ਬੱਚਿਆਂ ਅੰਦਰ ਸਾਹਿਤ ਪੜ੍ਹਨ ਅਤੇ ਲਿਖਣ ਦੀ ਰੁਚੀ ਦਿਨ ਬ ਦਿਨ ਘੱਟਦੀ ਜਾ ਰਹੀ ਹੈ।ਸਾਹਿਤ ਪ੍ਰਤੀ ਆਉਣ ਵਾਲੀ ਪੀੜ੍ਹੀ ਬੇਮੁੱਖ ਹੁੰਦੀ ਨਜ਼ਰ ਆ ਰਹੀ ਹੈ।
ਮਿਆਰੀ ਸਾਹਿਤ ਸਿਰਜਣ ਵਿੱਚ ਕਿਤੇ ਨਾ ਕਿਤੇ ਠਹਿਰਾਵ ਆਉਂਦਾ ਦਿੱਖ ਰਿਹਾ ਹੈ।ਬੱਚਿਆਂ ਨੂੰ ਕੋਮਲ ਕਲਾਵਾਂ ਅਤੇ ਸਾਹਿਤ ਨਾਲ ਜੋੜੇ ਰੱਖਣਾ ਬਹੁਤ ਜ਼ਰੂਰੀ ਹੋ ਗਿਆ ਹੈ। ਦਸਵੀਂ ਪਾਸ ਕਰਨ ਉਪਰੰਤ ਬੱਚਿਆਂ ਸਾਹਮਣੇ ਗਿਆਰਵੀਂ ਵਿੱਚ ਬਹੁਤ ਸਾਰੇ ਵਿਸ਼ਿਆਂ ਦੀ ਚੋਣ ਸੰਬੰਧੀ ਦੁਵਿਧਾ ਪੇਸ਼ ਆਉਂਦੀ ਹੈ।ਸਾਹਿਤ ਦੀ ਚੇਟਕ ਲਾਉਣ ਲਈ ਅਤੇ ਅਪਣੇ ਅੰਦਰ ਪੁੰਗਰਦੇ ਨਵੇਂ ਵਿਚਾਰਾਂ ਨੂੰ ਸਹੀ ਸੇਧ ਦੇਣ ਲਈ ਗਿਆਰਵੀਂ ਜਮਾਤ ਵਿੱਚ ਚੋਣਵੀਂ ਪੰਜਾਬੀ ਦਾ ਵਿਸ਼ਾ ਲਾਜ਼ਮੀ ਅਤੇ ਫਾਇਦੇਮੰਦ ਹੈ।
ਜੇਕਰ ਬੱਚੇ ਅੰਦਰ ਸਾਹਿਤ ਦੀ ਚਿਣਗ ਸ਼ੁਰੂ ਹੋ ਚੁੱਕੀ ਹੈ ਤਾਂ ਉਸ ਲਈ ਦਸਵੀਂ ਤੋਂ ਬਾਦ ਚੋਣਵੀਂ ਪੰਜਾਬੀ ਰੱਖਣੀ ਸੋਨੇ ਤੇ ਸੁਹਾਗੇ ਦਾ ਕੰਮ ਹੈ।
ਚੋਣਵੀਂ ਪੰਜਾਬੀ ਦੇ ਗਿਆਰਵੀਂ , ਬਾਰਵੀਂ ਸਿਲੇਬਸ ਵਿੱਚ ਗੁਰਮਤਿ ਕਾਵਿ, ਸੂਫ਼ੀ ਕਾਵਿ, ਕਿੱਸਾ ਕਾਵਿ, ਬੀਰ ਰਸੀ ਕਾਵਿ, ਆਧੁਨਿਕ ਕਾਵਿ, ਪੰਜਾਬੀ ਭਾਸ਼ਾ ਬੋਧ,ਅੱਖੀਂ ਡਿੱਠੀ ਦੁਨੀਆਂ,ਆਪ ਬੀਤੀਆਂ,ਸਾਹਿਤ ਬੋਧ ਆਦਿ ਵਿਸ਼ੇ ਸ਼ਾਮਿਲ ਹਨ ਜੋ ਕਿ ਸਾਡੇ ਸਾਹਿਤ ਸਿਰਜਣ ਦੇ ਰਾਹ ਵਿੱਚ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ।ਚੋਣਵੀਂ ਪੰਜਾਬੀ ਦੇ ਇਹਨਾਂ ਉਪ- ਵਿਸ਼ਿਆਂ ਨੂੰ ਪੜ੍ਹ ਕੇ ਬੱਚਿਆਂ ਅੰਦਰ ਸਾਹਿਤ ਲਿਖਣ ਅਤੇ ਪੜ੍ਹਨ ਦੀ ਰੁਚੀ ਬਹੁਤ ਪ੍ਰਬਲ ਹੋ ਜਾਂਦੀ ਹੈ।ਯਕੀਨਨ ਓਹ ਇਕ ਸਾਹਿਤਕਾਰ ਦੇ ਰੂਪ ਵਿੱਚ ਨਿੱਖਰ ਕੇ ਸਾਹਮਣੇ ਆਉਂਦਾ ਹੈ ।
ਮੀਨਾ ਮਹਿਰੋਕ
ਪੰਜਾਬੀ ਅਧਿਆਪਕਾ
ਸਰਕਾਰੀ ਸੈਕੰਡਰੀ ਸਮਾਰਟ ਸਕੂਲ (ਲੜਕੇ) ਮਮਦੋਟ
ਫਿਰੋਜ਼ਪੁਰ
7986558309
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly