(ਸਮਾਜ ਵੀਕਲੀ)
ਸਹਿਨਸ਼ੀਲਤਾ ਬਹੁਤ ਵੱਡਾ ਗੁਣ ਹੈ। ਸਾਡੇ ਸੱਭਿਆਚਾਰ ਵਿਚ ਇਸ ਗੁਣ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਕਿਸੇ ਗੱਲ ਨੂੰ ਸਹਿਣ ਕਰ ਜਾਣਾ ਸੋਖਾ ਨਹੀਂ ਹੁੰਦਾ। ਬੜੀ ਤਾਕਤ ਚਾਹੀਦੀ ਹੈ ਮਨੁੱਖ ਦੇ ਅੰਦਰ ਆਪਣੇ ਨਾਲ ਹੋਈ ਜਿਆਦਤੀ ਨੂੰ ਸਹਿਣ ਕਰਨ ਲਈ। ਇਹ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ। ਬੇਸ਼ਕ ਸਹਿਣਸ਼ੀਲਤਾ ਇਕ ਬਹੁਤ ਵੱਡਾ ਗੁਣ ਹੈ।
ਪਰ ਕੀ ਤੁਹਾਨੂੰ ਸੱਚ ਵਿਚ ਇਹ ਗੁਣ ਜਾਪਦਾ ਹੈ। ਆਪਣੇ ਨਾਲ ਹੋਈ ਕਿਸੇ ਜ਼ਿਆਦਤੀ ਨੂੰ ਚੁੱਪ ਚਾਪ ਸਹਿਣ ਕਰ ਲੈਣਾ ਕੀ ਉੱਚਿਤ ਹੈ? ਮੈਂ ਸਹਿਨਸ਼ੀਲਤਾ ਦੇ ਇਸ ਵਰਤਾਰੇ ਨਾਲ ਸਹਿਮਤ ਨਹੀਂ। ਸਹਿਨਸ਼ੀਲਤਾ ਕੁਝ ਹੱਦ ਤਕ ਠੀਕ ਹੁੰਦੀ ਹੈ ਉਸ ਤੋਂ ਬਾਅਦ ਇਹ ਕਾਇਰਤਾ ਬਣ ਜਾਂਦੀ ਹੈ।
ਅਸੀਂ ਜੇਕਰ ਆਪਣੇ ਇਤਿਹਾਸ ਵਲ ਨਜ਼ਰ ਮਾਰੀਏ ਤਾਂ ਸਮਝ ਆਉਂਦਾ ਹੈ ਜਦੋਂ ਵੀ ਅਸੀਂ ਆਪਣੇ ਨਾਲ ਹੋਈ ਨਜਾਇਜ਼ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਅਤੇ ਇਸ ਦੇ ਅੱਗੇ ਹਿੱਕ ਡਾਹ ਕੇ ਖੜ੍ਹੇ ਹੋ ਗਏ। ਉਥੇ ਹੀ ਅਸੀਂ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਹਾਲਾਤ ਨੂੰ ਬਦਲਿਆ। ਪਿੱਛੇ ਵੱਲ ਝਾਤ ਮਾਰੀਏ ਤਾਂ ਕੀ ਸਾਡੇ ਦੇਵੀ ਦੇਵਤਿਆਂ ਨੇ ਸਹਿਣਸ਼ੀਲਤਾ ਨੂੰ ਅਪਣਾ ਕੇ ਸਭ ਕੁਝ ਸਹਿਣ ਕੀਤਾ? ਨਹੀਂ ਅਜਿਹਾ ਨਹੀਂ ਹੈ। ਰਾਮ ਚੰਦਰ ਜੀ ਨੇ ਸੀਤਾ ਦਾ ਅਪਹਰਣ ਸਹਿਣ ਨਹੀਂ ਦਿੱਤਾ ਉਹਨਾਂ ਰਾਵਣ ਦਾ ਮੁਕਾਬਲਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ।
ਸਿੱਖ ਗੁਰੂਆਂ ਨੇ ਸਾਨੂੰ ਜ਼ੁਲਮ ਦਾ ਸਾਹਮਣਾ ਕਰਨਾ ਸਿਖਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਜ਼ੁਲਮ ਕਰਨਾ ਅਤੇ ਜ਼ੁਲਮ ਸਹਿਣਾ ਵੀ ਪਾਪ ਹੈ। ਉਨ੍ਹਾਂ ਮੁਗਲਾਂ ਦੇ ਵਿਹਾਰ ਤੇ ਸਹਿਣਸ਼ੀਲਤਾ ਨਹੀਂ ਰੱਖੀ ਸਗੋਂ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕੀਤਾ। ਅਜਿਹੀਆਂ ਅਨੇਕਾਂ ਉਦਾਹਰਨਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ।
ਦੇਸ਼ ਦੀ ਗੁਲਾਮੀ ਦੇ ਸਮੇਂ ਸਾਡੇ ਜਾਂਬਾਜ਼ ਨੌਜਵਾਨਾਂ ਨੇ ਸਹਿਨਸ਼ੀਲਤਾ ਨਹੀਂ ਆਪਣਾ ਹੀ ਸਗੋ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ। ਜੇਕਰ ਸੁਤੰਤਰਤਾ ਸੈਨਾਨੀ ਸਹਿਣਸ਼ੀਲਤਾ ਰੱਖਦੇ ਤਾਂ ਅਸੀਂ ਕਦੀ ਆਜ਼ਾਦ ਨਾ ਹੁੰਦੇ।
ਜ਼ੁਲਮ ਕਰਨ ਵਾਲਾ ਤੁਹਾਡੀ ਸਹਿਣਸ਼ੀਲਤਾ ਨੂੰ ਤੁਹਾਡੀ ਕਮਜੋਰੀ ਸਮਝਦਾ ਹੈ। ਇੱਕ ਬੜੀ ਬਰੀਕ ਜਿਹੀ ਲਾਈਨ ਹੈ ਜ਼ੁਲਮ ਸਹਿਣ ਅਤੇ ਸਹਿਣਸ਼ੀਲ ਹੋਣ ਵਿੱਚ।
ਸਹਿਣਸ਼ੀਲ ਹੋਣ ਦਾ ਅਰਥ ਇਹ ਨਹੀਂ ਹੁੰਦਾ ਅਸੀਂ ਹਰ ਜ਼ੁਲਮ ਨੂੰ ਸਹਿ ਲਈਏ। ਕਿਸੇ ਜ਼ਿਆਦਤੀ ਪ੍ਰਤੀ ਅਵਾਜ਼ ਨਾ ਬੁਲੰਦ ਕਰੀਏ। ਸਹਿਣਸ਼ੀਲ ਹੋਣਾ ਕਮਜ਼ੋਰ ਹੋਣਾ ਨਹੀਂ ਹੈ। ਬੱਸ ਜ਼ਰੂਰੀ ਹੈ ਕਿ ਸਾਨੂੰ ਇਹ ਪਤਾ ਹੋਵੇ ਕਿ ਸਹਿਣ ਕਰਨ ਦੀ ਸੀਮਾ ਕਿੱਥੇ ਤੱਕ ਹੈ। ਅਸੀਂ ਸੁਚੇਤ ਰਹੀਏ ਆਪਣੇ ਹੱਕਾਂ ਪ੍ਰਤੀ।
ਸਹਿਣਸ਼ੀਲ ਹੋਣ ਦਾ ਅਰਥ ਇਹ ਨਹੀਂ ਕੇ ਜ਼ੁਲਮ ਚੁੱਪ-ਚਾਪ ਸਹਿਣ ਕਰ ਲਿਆ ਜਾਵੇ। ਪਸ਼ੂ ਵੀ ਇੰਜ ਨਹੀਂ ਕਰਦੇ। ਜ਼ਿਆਦਤੀ ਕਰੋ ਤਾਂ ਉਹ ਵੀ ਅੱਗੋਂ ਪ੍ਰਤੀਕਰਮ ਦਿੰਦੇ ਹਨ। ਅਸੀਂ ਤਾਂ ਫੇਰ ਮਨੁੱਖ ਹਾਂ। ਉਹ ਜ਼ਰੂਰੀ ਹੈ ਕਿ ਸਾਨੂੰ ਆਪਣੇ ਮਨੁੱਖੀ ਅਧਿਕਾਰਾਂ ਦਾ ਪਤਾ ਹੋਵੇ। ਸਹਿਣਸ਼ੀਲ ਹੁੰਦੇ ਹੋਏ ਇੰਨੇ ਨਰਮ ਨਾ ਬਣੋ ਕੀ ਕੋਈ ਵੀ ਤੁਹਾਡੇ ਉੱਤੇ ਪੈਰ ਰੱਖ ਕੇ ਲੰਘ ਜਾਵੇ।
ਹੱਕਾਂ ਲਈ ਲੜਨਾ ਬਹੁਤ ਜ਼ਰੂਰੀ ਹੈ। ਜੇ ਮਨੁੱਖ ਹੋਣ ਦਾ ਧਰਮ ਹੈ। ਜੋ ਆਪਣੇ ਆਪ ਲਈ ਨਹੀ ਬੋਲ ਸਕਦਾ ਹੈ ਉਹਨੂੰ ਕੀ ਬਚਾਵੇਗਾ। ਆਪਣੇ ਆਪ ਲਈ ਮਜ਼ਬੂਤੀ ਨਾਲ ਖੜੇ ਰਹਿਣਾ ਸਿੱਖੋ। ਸੱਚ ਦੀ ਲੜਾਈ ਵਿਚ ਇਹ ਜ਼ਰੂਰੀ ਹੈ।
ਅੱਜ ਬਦਲਦੇ ਸਮੇਂ ਵਿੱਚ ਸਾਡਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਅਧਿਕਾਰਾਂ ਦਾ ਹਣਨ ਆਮ ਗੱਲ ਹੈ। ਆਪਣੀ ਸਹਿਣਸ਼ੀਲਤਾ ਨੂੰ ਆਪਣੀ ਕਮਜ਼ੋਰੀ ਨਾ ਬਣਨ ਦਿਓ। ਫੇਰ ਇਹ ਗੁਣ ਨਾ ਰਹਿ ਕੇ ਇੱਕ ਕਮੀ ਬਣ ਜਾਵੇਗੀ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly