ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਖੇਤਰ ’ਚ ਆਤਮ ਨਿਰਭਰਤਾ ’ਤੇ ਜ਼ੋਰ ਦਿੰਦਿਆਂ ਅੱਜ ਕਿਹਾ ਕਿ ਰੱਖਿਆ ਪ੍ਰਣਾਲੀਆਂ ’ਚ ਨਿਵੇਕਲੇਪਨ ਦਾ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣਾਂ ਨੂੰ ਅਚਾਨਕ ਹੈਰਾਨ ਕਰਨ ਦੇਣ ਵਾਲੇ ਇਹ ਤੱਤ ਰੱਖਿਆ ਉਪਕਰਣਾਂ ’ਚ ਤਾਂ ਹੀ ਸੰਭਵ ਹਨ ਜਦੋਂ ਇਨ੍ਹਾਂ ਨੂੰ ਦੇਸ਼ ’ਚ ਵਿਕਸਤ ਕੀਤਾ ਜਾਵੇ। ਆਮ ਬਜਟ-2020 ’ਚ ਰੱਖਿਆ ਖੇਤਰ ਲਈ ਰੱਖੀਆਂ ਗਈਆਂ ਤਜਵੀਜ਼ਾਂ ਸਬੰਧੀ ਕਰਵਾਏ ਗਏ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਈਬਰ ਸੁਰੱਖਿਆ ਦੀਆਂ ਚੁਣੌਤੀਆਂ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਸਾਈਬਰ ਸੁਰੱਖਿਆ ਹੁਣ ਸਿਰਫ਼ ਡਿਜੀਟਲ ਦੁਨੀਆ ਤੱਕ ਸੀਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਹਥਿਆਰ ਮੰਗਾਉਣ ਦੀ ਪ੍ਰਕਿਰਿਆ ਬਹੁਤ ਲੰਬੀ ਹੈ ਜਿਸ ਕਾਰਨ ਹਥਿਆਰ ਵੀ ਸਮੇਂ ਦੀ ਮੰਗ ਮੁਤਾਬਕ ਨਹੀਂ ਰਹਿੰਦੇ ਅਤੇ ਇਸ ’ਚ ਭ੍ਰਿਸ਼ਟਾਚਾਰ ਤੇ ਵਿਵਾਦ ਵੀ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਇਸ ਦਾ ਹੱਲ ਆਤਮ ਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਹੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਵਾਰ ਬਜਟ ’ਚ ਰੱਖਿਆ ਖੇਤਰ ’ਚ 70 ਫ਼ੀਸਦੀ ਘਰੇਲੂ ਸਨਅਤਾਂ ਲਈ ਪੈਸਾ ਰੱਖਿਆ ਜਾਣਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,‘‘ਪਿਛਲੇ ਕੁਝ ਸਾਲਾਂ ਤੋਂ ਭਾਰਤ ਆਪਣੇ ਰੱਖਿਆ ਖੇਤਰ ’ਚ ਜਿਸ ਆਤਮ ਨਿਰਭਰਤਾ ’ਤੇ ਜ਼ੋਰ ਦੇ ਰਿਹਾ ਹੈ, ਉਸ ਦੀ ਵਚਨਬੱਧਤਾ ਇਸ ਵਾਰ ਬਜਟ ’ਚ ਵੀ ਦਿਖਾਈ ਦਿੱਤੀ ਹੈ। ਇਸ ਸਾਲ ਦੇ ਬਜਟ ’ਚ ਮੁਲਕ ਅੰਦਰ ਹੀ ਖੋਜ, ਡਿਜ਼ਾਈਨ ਅਤੇ ਤਿਆਰੀ ਤੋਂ ਲੈ ਕੇ ਨਿਰਮਾਣ ਤੱਕ ਦਾ ਮਾਹੌਲ ਬਣਾਉਣ ਦਾ ਖਾਕਾ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਰੱਖਿਆ ਮੰਤਰਾਲੇ ਨੇ ਹੁਣ ਤੱਕ 200 ਤੋਂ ਵੱਧ ਰੱਖਿਆ ਪਲੈਟਫਾਰਮ ਅਤੇ ਉਪਕਰਣਾਂ ਦੀਆਂ ਹਾਂ-ਪੱਖੀ ਸੂਚੀਆਂ ਜਾਰੀ ਕੀਤੀਆਂ ਹਨ ਅਤੇ ਇਸ ਤੋਂ ਬਾਅਦ ਦੇਸ਼ ’ਚ ਖ਼ਰੀਦ ਲਈ 54 ਹਜ਼ਾਰ ਕਰੋੜ ਰੁਪਏ ਦੇ ਠੇਕਿਆਂ ’ਤੇ ਦਸਤਖ਼ਤ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸਾਢੇ 4 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਉਪਕਰਣਾਂ ਦੀ ਖ਼ਰੀਦ ਪ੍ਰਕਿਰਿਆ ਵੱਖ ਵੱਖ ਗੇੜਾਂ ’ਚ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਰੱਖਿਆ ਖੇਤਰ ’ਚ ਆਤਮ ਨਿਰਭਰ ਹੋਣ ਨਾਲ ਆਰਥਿਕ ਪੱਧਰ ’ਤੇ ਵੀ ਮਜ਼ਬੂਤੀ ਆਵੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਹਥਿਆਰ ਵੀ ਆਪਣੀ ਫ਼ੌਜੀ ਤਾਕਤ ਮੁਤਾਬਕ ਬਣਾਏ ਜਾ ਸਕਣਗੇ। ਇਸ ਤੋਂ ਇਲਾਵਾ ਕੰਪਨੀਆਂ ਨੂੰ ਦੇਸ਼ ’ਚ ਹੀ ਰੱਖਿਆ ਸਾਜ਼ੋ-ਸਾਮਾਨ ਬਣਾਉਣ ਲਈ ਕੰਮ ਮਿਲੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly