ਕਪੂਰਥਲਾ (ਸਮਾਜ ਵੀਕਲੀ) (ਕੌੜਾ ) -ਹਲਕਾ ਸੁਲਤਾਨਪੁਰ ਲੋਧੀ ਦੇ ਸੰਯੁਕਤ ਕਿਸਾਨ ਮੋਰਚੇ ਅਤੇ ਸੀਪੀਆਈ ਦੇ ਆਗੂਆਂ ਵੱਲੋਂ ਉੱਘੇ ਸਮਾਜ ਸੇਵੀ ਅਤੇ ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਦਾ ਆਸਟ੍ਰੇਲੀਆ ਦੀ ਧਰਤੀ ਤੋਂ ਵਾਪਸ ਆਉਣ ਤੇ ਨਿੱਘਾ ਸੁਆਗਤ ਕੀਤਾ। ਇਸ ਸਮੇਂ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਨਰਿੰਦਰ ਸਿੰਘ ਸੋਨੀਆ ਨੇ ਕਿਹਾ ਕਿ ਇਨਸਾਨ ਖ਼ੁਦ ਦੀ ਜ਼ਿੰਦਗੀ ਦੇ ਨਾਲ ਨਾਲ ਆਪਣੇ ਬੱਚਿਆਂ ਦੀ ਜ਼ਿੰਦਗੀ ਬਾਰੇ ਵੀ ਬਹੁਤ ਸਾਰੇ ਸੁਪਨੇ ਵੇਖਦਾ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਮਾਪੇ ਖ਼ੁਦ ਦੀ ਜ਼ਿੰਦਗੀ ਵਿੱਚ ਪੂਰੇ ਨਾ ਕੀਤੇ ਜਾ ਸਕਣ ਵਾਲੇ ਸੁਪਨਿਆਂ ਨੂੰ ਬੱਚਿਆਂ ਦੇ ਸੁਪਨਿਆਂ ਦੀ ਪੂਰਤੀ ਨਾਲ ਸਾਕਾਰ ਕਰਨ ਦੀ ਇੱਛਾ ਰੱਖਦੇ ਹਨ। ਜ਼ਿੰਦਗੀ ਵਿੱਚ ਬੱਚਿਆਂ ਨੂੰ ਚੰਗੇ ਮੁਕਾਮ ’ਤੇ ਪਹੁੰਚਾਉਣ ਲਈ ਮਾਪੇ ਬੱਚੇ ਦੇ ਬਚਪਨ ਤੋਂ ਹੀ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਹਨ। ਬੱਚੇ ਨੂੰ ਸਕੂਲ ਭੇਜਦੇ ਸਮੇਂ ਮਾਪਿਆਂ ਦੀਆਂ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਹੁੰਦੇ ਹਨ। ਬੱਚਿਆਂ ਨੂੰ ਉੱਚ ਮੁਕਾਮ ’ਤੇ ਪਹੁੰਚਾ ਕੇ ਖ਼ੁਦ ਦੇ ਸੁਪਨਿਆਂ ਦੀ ਪੂਰਤੀ ਲਈ ਮਾਪੇ ਬਹੁਤ ਸਾਰੀਆਂ ਤੰਗੀਆਂ ਤੁਰਸ਼ੀਆਂ ਨਾਲ ਦੋ ਚਾਰ ਹੁੰਦੇ ਹਨ।
ਉਹਨਾਂ ਕਿਹਾ ਕਿ ਬੇਸ਼ੱਕ ਅੱਜ ਦੇ ਸਮੇਂ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਹੈ ਕਿ ਉਹ ਪੰਜਾਬ ਵਿੱਚ ਨਹੀਂ ਰਹਿਣਾ ਚਾਹੁੰਦਾ। ਉਹਨਾਂ ਕਿਹਾ ਕਿ ਵਿਦੇਸ਼ ਵਿਚ ਜਾ ਵੱਸਣਾ ਕੋਈ ਸੌਖਾ ਕੰਮ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਤਾਂ ਹੁਣ ਇਸ ਕੰਮ ਦਾ ਹੱਬ ਬਣ ਚੁਕਿਆ ਹੈ। ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ। ਵਿਦੇਸ਼ ਜਾ ਕੇ ਉੱਥੋਂ ਡਾਲਰਾਂ-ਪੌਂਡਾਂ ਦੇ ਝੋਲੇ ਭਰਨ ਦਾ ਫੋਕਾ ਸੁਪਨਾ ਸਾਡੇ ਨੌਜਵਾਨ ਅਪਣੇ ਦਿਲਾਂ ’ਚ ਸਮੋਈ ਬੈਠੇ ਹਨ। ਉਹ ਕਿਸੇ ਨਾ ਕਿਸੇ ਤਰੀਕੇ ਵਿਦੇਸ਼ ਦੀ ਧਰਤੀ ’ਤੇ ਪਹੁੰਚਣ ਦੀਆਂ ਤਰਕੀਬਾਂ ਹਰ ਵਕਤ ਘੜਦੇ ਰਹਿੰਦੇ ਹਨ। ਨਿਤ ਦਿਨ ਖੁੰਬਾਂ ਵਾਂਗ ਉੱਗ ਰਹੇ ਕੱਚ-ਘਰੜ ਖ਼ੁਦਗਰਜ਼ ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਇਹ ਨੌਜਵਾਨ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਕਿਸੇ ਵੀ ਜਾਇਜ਼-ਨਜਾਇਜ਼ ਤਰੀਕੇ ਨੂੰ ਅਪਣਾਉਂਦੇ ਹੋਏ ਵਿਦੇਸ਼ ਜਾਣ ਲਈ ਅਪਣੀ ਜਾਨ ਜੋਖਮ ’ਚ ਪਾਉਣ ਤੋਂ ਨਹੀਂ ਡਰਦੇ। ਪਰ ਸਾਡੇ ਨੌਜਵਾਨਾਂ ਨੂੰ ਇਸ ਤਰ੍ਹਾਂ ਵਿਦੇਸ਼ ਨਹੀਂ ਜਾਣਾ ਚਾਹੀਦਾ। ਹੁਣ ਤਾਂ ਇਨ੍ਹਾਂ ਨੌਜਵਾਨਾਂ ਵਾਂਗ ਸਾਡੀਆਂ ਪੰਜਾਬੀ ਕੁੜੀਆਂ ਵੀ ਇਹੀ ਰਸਤਾ ਅਪਣਾਉਣ ਤੋਂ ਗੁਰੇਜ਼ ਨਹੀਂ ਕਰਦੀਆਂ। ਹਜ਼ਾਰਾਂ ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਜਿਨ੍ਹਾਂ ’ਚ ਵੱਡੀ ਗਿਣਤੀ ਪੰਜਾਬੀ ਨੌਜਵਾਨਾਂ ਦੀ ਹੀ ਹੁੰਦੀ ਹੈ,
ਉਹਨਾਂ ਕਿਹਾ ਕਿ ਕਿਸੇ ਵੀ ਦੇਸ਼ ਜਾਂ ਸਮਾਜ ਦਾ ਨੌਜਵਾਨ ਵਰਗ, ਉਸ ਦੇਸ਼-ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਸਾਡਾ ਆਉਣ ਵਾਲਾ ਭਵਿੱਖ ਨੌਜਵਾਨਾਂ ਦੀ ਸੋਚ ਅਤੇ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਹੀ ਨਿਰਭਰ ਕਰਦਾ ਹੈ। ਨੌਜਵਾਨਾਂ ’ਚ ਜੋਸ਼ ਤੇ ਉਤਸ਼ਾਹ ਦੀ ਕੋਈ ਘਾਟ ਨਹੀਂ ਹੁੰਦੀ। ਉਹ ਅਸਮਾਨ ਵਿਚ ਉਡਾਰੀਆਂ ਭਰਨ ਦੀ ਸਮਰੱਥਾ ਰਖਦੇ ਹਨ। ਅਪਣੀ ਸਮਰੱਥਾ ਨਾਲ ਉਹ ਦੁਨੀਆਂ ਦੀ ਨੁਹਾਰ ਬਦਲ ਸਕਦੇ ਹਨ। ਨੌਜਵਾਨ ਦੇਸ਼ ਦੇ ਹਰ ਖੇਤਰ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਦੇਸ਼ ਦਾ ਨੌਜਵਾਨ ਦੇਸ਼ ਦੀ ਸਰਹੱਦ ’ਤੇ ਖਲੋ ਕੇ ਦੇਸ਼ ਦੀ ਪਹਿਰੇਦਾਰੀ ਕਰ ਰਿਹਾ ਹੈ। ਹਰ ਸਮੇਂ ਕੁਰਬਾਨੀ ਤੇ ਦੇਸ਼ ਲਈ ਮਰ-ਮਿਟਣ ਦਾ ਜਜ਼ਬਾ ਉਸ ਦੇ ਮਨ ’ਚ ਸਮੋਇਆ ਹੋਇਆ ਹੈ।ਹਰ ਥਾਂ ਨੌਜਵਾਨ ਪੀੜ੍ਹੀ ਨੇ ਵੱਧ ਚੜ੍ਹ ਕੇ ਅਪਣਾ ਯੋਗਦਾਨ ਪਾਇਆ ਹੈ। ਭਾਵੇਂ ਕਿਸਾਨੀ ਅੰਦੋਲਨ ਹੋਵੇ ਤੇ ਭਾਵੇਂ ਕਰੋਨਾ ਕਾਲ ਪਰ ਅੱਜ ਦਾ ਨੌਜਵਾਨ ਮਹਿੰਗੀਆਂ-ਮਹਿੰਗੀਆਂ ਪੜ੍ਹਾਈਆਂ ਪੜ੍ਹ ਕੇ ਵੀ ਨੌਕਰੀਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਨੌਕਰੀਆਂ ਦੀ ਭਾਲ ਲਈ ਅਪਣਾ ਮੁਲਕ ਛੱਡ ਕੇ ਬਾਹਰਲੇ ਮੁਲਕਾਂ ਕੈਨੇਡਾ, ਆਸਟ੍ਰੇਲੀਆ, ਅਮਰੀਕਾ, ਯੂ.ਕੇ., ਨਿਊਜ਼ੀਲੈਂਡ ਆਦਿ ਦੇਸ਼ਾਂ ’ਚ ਜਾਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਕਾਸ਼ ਅਸੀਂ ਇਹ ਸਭ ਕੁਝ ਆਪਣੇ ਨੌਜਵਾਨ ਨੂੰ ਦੇ ਸਕਦੇ, ਜੋ ਬੇਗਾਨੇ ਮੁਲਕ ਉਨ੍ਹਾਂ ਨੂੰ ਦੇ ਰਹੇ ਹਨ। ਉਹ ਕਦੇ ਵੀ ਵਿਦੇਸ਼ ਨਾ ਜਾਂਦੇ।
ਇਸ ਮੌਕੇ ਵਿਦੇਸ਼ ਤੋਂ ਆਉਂਣ ਵਾਲੇ ਜਸਵੰਤ ਸਿੰਘ ਨੂੰ ਵੀ ਗੁਲਦਸਤਾ ਭੇਟ ਕਰਕੇ ਸੁਵਾਗਤ ਕੀਤਾ ।ਇਸ ਮੌਕੇ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਡਾਵਾਂਡੋਲ ਹੈ। ਸਮੇਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ‘ਸੋਨੇ ਦੀ ਚਿੜੀ’ ਕਹੇ ਜਾਣ ਵਾਲੇ ਪੰਜਾਬ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਗਈ ਹੈ ਅਤੇ ਲੋਕ ਕਰਜ਼ੇ ਦੇ ਬੋਝ ਹੇਠ ਦੱਬੇ ਪਏ ਹਨ। ਖੇਤੀਬਾੜੀ ਦਾ ਧੰਦਾ ਫੇਲ ਹੋ ਚੁੱਕਾ ਹੈ। ਕਰਜ਼ੇ ਕਾਰਨ ਦੇਸ਼ ਦੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਅਜੋਕੀ ਨੌਜਵਾਨ ਪੀੜ੍ਹੀ ਦਾ ਧਿਆਨ ਵੀ ਬਾਹਰਲੇ ਦੇਸ਼ਾਂ ’ਚ ਜਾਣ ਦਾ ਹੈ, ਜਿਸ ਕਾਰਨ ਛੱਡੇ ਬੱਚੇ ਵਿਦੇਸ਼ ਵੱਲ ਜਾ ਰਹੇ ਹਨ। ਇਸ ਮੌਕੇ ਰਸ਼ਪਾਲ ਸਿੰਘ ਸੂਬਾ ਸਕੱਤਰ ਕਿਰਤੀ ਕਿਸਾਨ ਯੂਨੀਅਨ, ਜਸਵੰਤ ਸਿੰਘ,ਮੁਕੰਦ ਸਿੰਘ, ਸਰਵਨ ਸਿੰਘ ਕਰਮਜੀਤ ਪੁਰ, ਕਸ਼ਮੀਰ ਸਿੰਘ ਮੱਖੂ,ਸੁਖਵਿੰਦਰ ਸਿੰਘ ਸ਼ਹਿਰੀ, ਹਰਨੇਕ ਸਿੰਘ , ਹਰਬੰਸ ਸਿੰਘ,ਗੁਰਦੇਵ ਸਿੰਘ ਲਵਲੀ, ਲਖਵੀਰ ਸਿੰਘ, ਰਾਜਵੀਰ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly