ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ਹੈਕ, ਦਸ ਹਜ਼ਾਰ ਵੋਟਰ ਕਾਰਡ ਬਣਾਉਣ ਵਾਲਾ ਸਹਾਰਨਪੁਰ ਤੋਂ ਕਾਬੂ

Election Commission of India (ECI).

ਸਹਾਰਨਪੁਰ (ਯੂਪੀ) (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਤੋਂ ਨੌਜਵਾਨ ਨੂੰ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ ਹੈਕ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਸਹਾਰਨਪੁਰ ਦੇ ਸੀਨੀਅਰ ਪੁਲੀਸ ਸੁਪਰਡੈਂਟ ਐੱਸ. ਚੇਨੱਪਾ ਨੇ ਦੱਸਿਆ ਕਿ ਵਿਪੁਲ ਸੈਣੀ ਨੇ ਕਥਿਤ ਤੌਰ ‘ਤੇ ਇਥੋਂ ਦੇ ਨਕੁੜ ਇਲਾਕੇ ਵਿੱਚ ਆਪਣੀ ਕੰਪਿਊਟਰ ਦੁਕਾਨ ਵਿੱਚ ਹਜ਼ਾਰਾਂ ਵੋਟਰ ਆਈਡੀ ਕਾਰਡ ਬਣਾਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੈਣੀ ਉਸੇ ਪਾਸਵਰਡ ਨਾਲ ਕਮਿਸ਼ਨ ਦੀ ਵੈੱਬਸਾਈਟ ‘ਤੇ ਲੌਗਇਨ ਕਰਦਾ ਸੀ ਜਿਸ ਦੀ ਵਰਤੋਂ ਕਮਿਸ਼ਨ ਦੇ ਅਧਿਕਾਰੀ ਕਰਦੇ ਸਨ।

ਕਮਿਸ਼ਨ ਨੂੰ ਕੁਝ ਗਲਤ ਹੋਣ ਦਾ ਸ਼ੱਕ ਸੀ ਅਤੇ ਉਸ ਨੇ ਇਸ ਦੀ ਜਾਣਕਾਰੀ ਜਾਂਚ ਏਜੰਸੀਆਂ ਨੂੰ ਦਿੱਤੀ। ਏਜੰਸੀਆਂ ਦੀ ਜਾਂਚ ਦੌਰਾਨ ਸੈਣੀ ਸ਼ੱਕ ਦੇ ਘੇਰੇ ਵਿੱਚ ਆ ਗਿਆ। ਉਨ੍ਹਾਂ ਨੇ ਸਹਾਰਨਪੁਰ ਪੁਲੀਸ ਨੂੰ ਸੈਣੀ ਬਾਰੇ ਸੂਚਿਤ ਕੀਤਾ। ਪੁੱਛ ਪੜਤਾਲ ਦੌਰਾਨ ਸੈਣੀ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਦੇ ਹਰਦਾ ਵਾਸੀ ਅਰਮਾਨ ਮਲਿਕ ਦੇ ਕਹਿਣ ‘ਤੇ ਕੰਮ ਕਰ ਰਿਹਾ ਸੀ ਅਤੇ ਉਸ ਨੇ ਤਿੰਨ ਮਹੀਨਿਆਂ ਵਿੱਚ ਦਸ ਹਜ਼ਾਰ ਤੋਂ ਵੱਧ ਵੋਟਰ ਆਈਡੀ ਕਾਰਡ ਬਣਾਏ ਹਨ। ਸਾਈਬਰ ਸੈੱਲ ਅਤੇ ਸਹਾਰਨਪੁਰ ਕ੍ਰਾਈਮ ਬ੍ਰਾਂਚ ਦੀ ਸਾਂਝੀ ਟੀਮ ਨੇ ਵੀਰਵਾਰ ਨੂੰ ਸੈਣੀ ਨੂੰ ਗ੍ਰਿਫਤਾਰ ਕੀਤਾ।

ਸ੍ਰੀ ਚੇਨੱਪਾ ਨੇ ਦੱਸਿਆ ਕਿ ਜਾਂਚ ਦੌਰਾਨ ਸੈਣੀ ਦੇ ਬੈਂਕ ਖਾਤੇ ਵਿੱਚ 60 ਲੱਖ ਰੁਪਏ ਮਿਲੇ, ਜਿਸ ਤੋਂ ਬਾਅਦ ਖਾਤੇ ਵਿੱਚੋਂ ਲੈਣ-ਦੇਣ ਤੁਰੰਤ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਣੀ ਦੇ ਖਾਤੇ ਵਿੱਚ ਇੰਨਾ ਪੈਸਾ ਕਿੱਥੋਂ ਆਇਆ, ਇਸ ਦੀ ਜਾਂਚ ਕੀਤੀ ਜਾਵੇਗੀ। ਪੁੱਛ ਪੜਤਾਲ ਦੌਰਾਨ ਸੈਣੀ ਨੇ ਦੱਸਿਆ ਕਿ ਉਸ ਨੂੰ ਪਛਾਣ ਪੱਤਰ ਦੇ ਬਦਲੇ 100 ਤੋਂ 200 ਰੁਪਏ ਮਿਲਦੇ ਹਨ। ਪੁਲੀਸ ਨੇ ਉਸ ਦੇ ਘਰ ਤੋਂ ਦੋ ਕੰਪਿਊਟਰ ਵੀ ਬਰਾਮਦ ਕੀਤੇ ਹਨ। ਜਾਂਚ ਏਜੰਸੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਉਸ ਦੀ ਨਿਆਇਕ ਹਿਰਾਸਤ ਮੰਗੇਗੀ। ਸੈਣੀ ਦੇ ਪਿਤਾ ਕਿਸਾਨ ਹਨ ਤੇ ਸੈਣੀ ਨੇ ਸਹਾਰਨਪੁਰ ਜ਼ਿਲ੍ਹੇ ਦੇ ਕਾਲਜ ਤੋਂ ਬੀਸੀਏ ਕੀਤੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਣਫਿੱਟ ਵਾਹਨ ਸੜਕਾਂ ਤੋਂ ਹਟਾਏ ਜਾਣਗੇ: ਮੋਦੀ
Next articleਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅੰਮ੍ਰਿਤਸਰ ’ਚ ਸਖ਼ਤ ਸੁਰੱਖਿਆ ਪ੍ਰਬੰਧ