ਚੋਣ ਮੰਥਨ: ਕਾਂਗਰਸ ਨੇ ਹਾਰ ਦਾ ਠੀਕਰਾ ‘ਬਦਲਾਅ ਦੀ ਹਵਾ’ ਸਿਰ ਭੰਨਿਆ

ਬਠਿੰਡਾ (ਸਮਾਜ ਵੀਕਲੀ):  ਜ਼ਿਲ੍ਹਾ ਕਾਂਗਰਸ ਨੇ ਵਿਧਾਨ ਸਭਾ ਚੋਣਾਂ ’ਚ ਆਪਣੇ ਉਮੀਦਵਾਰਾਂ ਦੀ ਹਾਰ ਲਈ ਜਿੱਥੇ ਸਵੈ-ਪੜਚੋਲ ਕੀਤੀ, ਉਥੇ ਬੀਤੇ ਦਿਨ ਆਪਣੀ ਪਾਰਟੀ ਨੂੰ ਤਿਆਗਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਵੱਲੋਂ ਲਾਏ ਇਲਜ਼ਾਮਾਂ ਨੂੰ ‘ਸਿਆਸੀ ਪ੍ਰਾਪੇਗੰਡਾ’ ਕਹਿ ਕੇ ਮਨਪ੍ਰੀਤ ਸਿੰਘ ਬਾਦਲ ਦੇ ਹੱਕ ’ਚ ਢਾਲ ਬਣਨ ਦੀ ਵੀ ਕੋਸ਼ਿਸ਼ ਕੀਤੀ।

ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੀ ਇਹ ਬੈਠਕ ਇੱਥੇ ਕਾਂਗਰਸ ਭਵਨ ਵਿੱਚ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਕਾਂਗਰਸ ਦੇ ਵੱਖ-ਵੱਖ ਵਿੰਗਾਂ ਦੇ ਆਗੂ ਤੇ ਵਰਕਰ ਹਾਜ਼ਰ ਹੋਏ। ਜੈਜੀਤ ਸਿੰਘ (ਜੋਜੋ ਜੌਹਲ) ਨੇ ਚੋਣਾਂ ਵਿੱਚ ਸਹਿਯੋਗ ਦੇਣ ਵਾਲੇ ਵਰਕਰਾਂ ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਲਈ ਉਹ ਸਭ ਦੇ ਸਦਾ ਰਿਣੀ ਰਹਿਣਗੇ। ਇਹ ਵੀ ਦਾਅਵਾ ਕੀਤਾ ਕਿ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ’ਚ ਸ਼ਹਿਰ ਦਾ ਜੋ ਰਿਕਾਰਡ ਵਿਕਾਸ ਹੋਇਆ, ਇਸ ਤੋਂ ਪਹਿਲਾਂ ਕਦੀ ਕੋਈ ਵੀ ਰਾਜਸੀ ਦਲ ਨਹੀਂ ਕਰਵਾ ਸਕਿਆ। ਸ੍ਰੀ ਜੌਹਲ ਨੇ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਸਰੂਪ ਚੰਦ ਸਿੰਗਲਾ ਵੱਲੋਂ ਬਾਦਲ ਪਰਿਵਾਰ ਵੱਲੋਂ ‘ਮਿਲ’ ਕੇ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਦੇ ਲਾਏ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਦਾਅਵਾ ਕੀਤਾ ਕਿ ਕਾਂਗਰਸ ਹਮੇਸ਼ਾ ਆਪਣੇ ਦਮ ’ਤੇ ਚੋਣਾਂ ਲੜਦੀ ਤੇ ਜਿੱਤਦੀ ਹੈ ਅਤੇ ਅਜਿਹੇ ਦੋਸ਼ ਬੁਖਲਾਹਟ ਦੀ ਉਪਜ ਹਨ। ਇਸ ਮੌਕੇ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਮਾਸਟਰ ਹਰਮੰਦਰ ਸਿੰਘ, ਮਾਰਕੀਟ ਕਮੇਟੀ ਬਠਿੰਡਾ ਦੇ ਚੇਅਰਮੈਨ ਮੋਹਨ ਲਾਲ ਝੁੰਬਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ, ਸੰਦੀਪ ਬੌਬੀ ਕੌਂਸਲਰ ਆਦਿ ਵੀ ਸ਼ਾਮਿਲ ਸਨ।

ਸਰੂਪ ਚੰਦ ਸਿੰਗਲਾ ਦਾ ਪਾਰਟੀ ਨੂੰ ਅਲਵਿਦਾ ਕਹਿਣਾ ਮੰਦਭਾਗਾ: ਬਲਕਾਰ ਸਿੰਘ ਬਰਾੜ

ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਕਾਰ ਬਰਾੜ ਦੀ ਅਗਵਾਈ ਵਿਚ ਹੋਈ| ਇਸ ਮੌਕੇ ਬੋਲਦਿਆਂ ਬਲਕਾਰ ਬਰਾੜ ਗੋਨਿਆਣਾ ਨੇ ਕਿਹਾ ਕਿ ਸਰੂਪ ਸਿੰਗਲਾ ਦੁਆਰਾ ਦਿੱਤਾ ਅਸਤੀਫਾ ਮੰਦਭਾਗਾ ਫੈਸਲਾ ਹੈ| ਉਨ੍ਹਾਂ ਕਿਹਾ ਕਿ ਸਰੂਪ ਚੰਦ ਸਿੰਗਲਾ ਨੂੰ ਪਾਰਟੀ ਦੇ ਔਖੇ ਸਮੇਂ ਨਾਲ ਖੜ੍ਹਨਾ ਚਾਹੀਦਾ ਸੀ। ਉਨ੍ਹਾਂ ਸਿੰਗਲਾ ਵੱਲੋਂ ਪਾਰਟੀ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਨਿਰਆਧਾਰ ਦੱਸਿਆ| ਮੀਟਿੰਗ ਵਿਚ ਹਾਜ਼ਰ ਸਮੂਹ ਆਗੂਆਂ ਅਤੇ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਭਰੋਸਾ ਪ੍ਰਗਟ ਕੀਤਾ| ਸਮੂਹ ਅਹੁਦੇਦਾਰਾਂ ਨੇ ਇਕ ਆਵਾਜ਼ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਮੀਟਿੰਗ ਵਿਚ ਮੋਹਿਤ ਗੁਪਤਾ, ਇਕਬਾਲ ਸਿੰਘ ਬਬਲੀ ਢਿੱਲੋਂ, ਰਾਜਵਿੰਦਰ ਸਿੱਧੂ ਸਮੇਤ ਹੋਰ ਆਗੂ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਨਖ਼ਾਹਾਂ ਨਾ ਮਿਲਣ ਕਾਰਨ ਅਧਿਆਪਕਾਂ ਵੱਲੋਂ ਪ੍ਰਦਰਸ਼ਨ
Next articleਕਿਸਾਨਾਂ ਨੇ ਨਹਿਰੀ ਵਿਭਾਗ ਦੇ ਤਿੰਨ ਅਧਿਕਾਰੀ ਬੰਦੀ ਬਣਾਏ