ਵੱਡਾ ਪੁੱਤ

(ਸਮਾਜ ਵੀਕਲੀ)

ਜਦੋਂ ਮੀਤੋ ਦਾ ਜਨਮ ਹੋਇਆ ਧੰਨੇ ਤੇ ਦੇਬੋ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ।ਜਦੋਂ ਮੀਤੋ ਦੋ ਕੁ ਸਾਲ ਦੀ ਹੋਈ ਤੋਤਲੇ ਜਿਹੇ ਬੋਲਾਂਂ ਨਾਲ ਵਿਹੜੇ ਚ ਫਿਰਦੀ ਕਹਿੰਦੀ ਰਹਿੰਦੀ ਲੱਭਾ ਮੈਨੂੰ ਇੱਕ ਵੀਰਾ ਵੀ ਦੇ ਦੇ ।ਦੇਬੋ ਨੇ ਪੁੱਤਰ ਨੂੰ ਜਨਮ ਦਿੱਤਾ ।ਮਾਂ ਪਿਓ ਨੂੰ ਮੀਤੋ ਤੇ ਹੋਰ ਮਾਣ ਮਹਿਸੂਸ ਹੋਇਆ ।ਸਮਾਂ ਪਾ ਕੇ ਦੇਬੋ ਦੀ ਕੁੱਖੋਂ ਇੱਕ ਹੋਰ ਪੁੱਤਰ ਨੇ ਜਨਮ ਲਿਆ ।ਹੁਣ ਮੀਤੋ ਨੂੰ ਧੰਨੇ ਤੇ ਦੇਬੋ ਨੇ ਵੱਡੇ ਪੁੱਤਰ ਦਾ ਰੁਤਬਾ ਦੇ ਦਿੱਤਾ।ਮੀਤੋ ਨੂੰ ਦੋਵੇਂ ਵੱਡਾ ਪੁੱਤਰ ਕਹਿ ਕੇ ਬੁਲਾਉਂਦੇ ।ਸਮਾਂ ਲੰਘਿਆ ਮੀਤੋ ਦਾ ਵਿਆਹ ਹੋ ਗਿਆ ।ਧੰਨੇ ਦੇ ਦੋਵੇਂ ਪੁੱਤਰ ਵੀ ਵਿਆਹੇ ਗਏ ।ਮੀਤੋ ਆਪਣੇ ਸਹੁਰੇ ਘਰ ਬਹੁਤ ਖੁਸ਼ ਸੀ ।

ਅੱਜ ਮੀਤੋ ਨੂੰ ਬਿੰਦੇ ਬਿੰਦੇ ਆਪਣੇ ਮਾਂ ਪਿਓ ਦੀ ਯਾਦ ਆ ਰਹੀ ਸੀ ।ਜਿਵੇਂ ਕਿਸੇ ਅਣਹੋਣੀ ਦਾ ਆਭਾਸ ਹੋ ਰਿਹਾ ਹੋਵੇ ।ਖਿਆਲਾਂ ਚ ਡੁੱਬੀ ਮੀਤੋ ਦੇ ਫੋਨ ਤੇ ਕਿਸੇ ਅਣਪਛਾਤੇ ਜਿਹੇ ਨੰਬਰ ਤੋਂ ਕਾਲ ਆਈ ।ਮੀਤੋ ਇੱਕਦਮ ਡਰ ਗਈ ।ਘਬਰਾਈ ਜਿਹੀ ਨੇ ਫੋਨ ਚੁੱਕਿਆ ਅੱਗੋਂ ਵੱਡਾ ਪੁੱਤ ਕਹਿਣ ਸਾਰ ਬਾਪੂ ਦੀਆਂ ਧਾਹਾਂ ਨਿੱਕਲ ਗਈਆਂ ।ਬਾਪੂ ਤੋਂ ਹੋਰ ਕੁੱਝ ਵੀ ਨਾ ਬੋਲਿਆ ਗਿਆ ।ਮੀਤੋ ਨੂੰ ਸਿਰਫ ਹੌਕੇ ਹੀ ਸੁਣ ਰਹੇ ਸੀ ।ਮੀਤੋ ਨੇ ਫੋਨ ਕੱਟਿਆ ਤੇ ਵਾਰੋ ਵਾਰੀ ਆਪਣੇ ਦੋਹਾਂ ਭਰਾਵਾਂ ਨੂੰ ਲਾਇਆ, ਪਰ ਕਿਸੇ ਨੇ ਫੋਨ ਨਾ ਚੁੱਕਿਆ ।ਬੌਂਦਲੀ ਹੋਈ ਮੀਤੋ ਨੇ ਅਣਪਛਾਤੇ ਨੰਬਰ ਤੇ ਫੋਨ ਲਾਇਆ ਤੇ ਪੁੱਛਿਆ ਤੁਸੀਂ ਕਿੱਥੋਂ ਬੋਲ ਰਹੇ ਹੋ ,ਮੇਰੇ ਮਾਂ ਪਿਓ ਕਿੱਥੇ ਨੇ, ਰੋ ਕਿਉਂ ਰਹੇ ਨੇ ।ਮੀਤੋ ਇੱਕੋ ਸਾਹ ਚ ਕਈ ਸਵਾਲ ਕਰ ਗਈ ।ਅੱਗੋਂ ਆਵਾਜ ਆਈ ਕਿ ਅਸੀਂ ਤੁਹਾਡੇ ਮਾਂ ਪਿਓ ਨਾਲ ਗੱਲ ਕਰਾਉਂਦੇ ਹਾਂ ।

ਮੀਤੋ ਦੀ ਮਾਂ ਨੇ ਹੌਸਲਾ ਜਿਹਾ ਜੁਟਾ ਕੇ ਦੱਸਿਆ ਕਿ ਕੱਲ ਤੇਰੇ ਦੋਵੇਂ ਭਰਾ ਅੱਡ ਹੋ ਗਏ ਹਨ ।ਅਸੀਂ ਦੋਵੇਂ ਕਿਸੇ ਦੇ ਹਿੱਸੇ ਚ ਵੀ ਨਹੀਂ ਆਏ ।ਉਹ ਸਾਨੂੰ ਬਿਰਧ ਆਸ਼ਰਮ ਚ ਛੱਡ ਗਏ ।ਮੀਤੋ ਨਿਢਾਲ ਹੋਈ ਫੋਨ ਲੈ ਕੇ ਫਰਸ਼ ਤੇ ਹੀ ਬੈਠ ਗਈ ।ਫਿਰ ਮਨ ਜਿਹਾ ਕਰੜਾ ਕਰਕੇ ਬੋਲੀ ਫਿਕਰ ਨਾ ਕਰੋ ਤੁਹਾਡਾ ਵੱਡਾ ਪੁੱਤ ਆ ਰਿਹੈ ਤੁਹਾਨੂੰ ਲੈਣ ਲਈ ।ਬਿਰਧ ਆਸ਼ਰਮ ਚੋਂ ਮਾਂ ਪਿਓ ਲੈਣ ਆਈ ਮੀਤੋ ਨੂੰ ਧੰਨਾ ਤੇ ਦੇਬੋ ਬੁੱਕਲ ਚ ਲੈ ਕੇ ਧਾਹਾਂ ਮਾਰਦੇ ਕਹਿ ਰਹੇ ਸਨ ਆ ਗਿਆ ਸਾਡਾ ਵੱਡਾ ਪੁੱਤਰ ।ਅੱਜ ਤੂੰ ਸੱਚਮੁੱਚ ਵੱਡੇ ਪੁੱਤਰ ਦਾ ਫਰਜ਼ ਨਿਭਾ ਦਿੱਤਾ ।

ਜਸਵਿੰਦਰ ਰਾਏ ਭੱਠਲ
9646611663

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਨਾਨਕ ਨੂੰ
Next articleਬਾਬਾ ਨਾਨਕ ਜੀ ਆਇਆ