ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਏਕ ਜੋਤ ਵਿਕਲਾਂਗ ਬੱਚੋਂ ਕਾ ਸਕੂਲ ਲੁਧਿਆਣਾ ਅਤੇ ਬਲਾਈਂਡ ਪਰਸਨ ਐਸੋਸੀਏਸ਼ਨ ਵੱਲੋਂ ਨੇਤਰਹੀਣਾਂ ਦੇ ਭਵਿੱਖ ਨੂੰ ਰੁਸ਼ਨਾਉਣ ਵਾਲਾ, ਬਰੇਲ ਲਿਪੀ ਦਾ ਬਾਨੀ ਲੂਈ ਬਰੇਲ ਦਾ 215ਵਾਂ ਜਨਮ-ਦਿਨ ਗੁਰੂ ਨਾਨਕ ਦੇਵ ਭਵਨ ਨੇੜੇ ਭਾਰਤ ਨਗਰ ਚੌਂਕ ਲੁਧਿਆਣਾ ਵਿਖੇ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਡਾ: ਸੇਨਾ ਅਗਰਵਾਲ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਨਹੀਂ ਪਹੁੰਚ ਸਕੇ। ਉਹਨਾਂ ਵੱਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀਮਤੀ ਇੰਦਰਪ੍ਰੀਤ ਕੌਰ ਜੀ ਪਹੁੰਚੇ ਸਨ । ਸ਼ੈਲਜਾ ਫਾਊਂਡੇਸ਼ਨ ਦੇ ਚੇਅਰਮੈਨ ਮੈਡਮ ਸ਼ੈਲਜਾ ਸ਼ਰਮਾ ਵੀ ਸਟੇਜ ਤੇ ਸੁਸ਼ੋਭਿਤ ਸਨ। ਪ੍ਰੋਗਰਾਮ ਦਾ ਆਗਾਜ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਸਮ ਗ੍ਰੰਥ ਵਿੱਚ ਉਚਾਰਨ ਕੀਤਾ ਸ਼ਬਦ “ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋਂ” ਦਾ ਗਾਇਨ ਸੁਰਜੀਤ ਸਿੰਘ ਜੀ ਵੱਲੋਂ ਕੀਤਾ ਗਿਆ । ਜਗਜੀਤ ਸਿੰਘ ਫਤਿਹਗੜ੍ਹ ਸਾਹਿਬ, ਸੁਖਵਿੰਦਰ ਸਿੰਘ ਮੰਡੀ ਅਹਿਮਦਗੜ੍ਹ, ਸਾਕਸ਼ੀ, ਰਵੀ, ਸੁਜੀਤ ਕੁਮਾਰ, ਰਾਜ ਕੁਮਾਰ, ਨਰਿੰਦਰ ਕੌਰ ਪ੍ਰਧਾਨ, ਅਜੇ ਅਰੋੜਾ, ਮਾਸਟਰ ਇਕਬਾਲ ਸਿੰਘ ਨੇ ਗੀਤ ਗਾ ਕੇ ਸੋਹਣਾ ਰੰਗ ਬੰਨ੍ਹਿਆ। ਅਜੇ ਅਰੋੜਾ, ਦੇਸ ਰਾਜ, ਵਿਕਰਾਂਤ ਜੀ, ਮੈਡਮ ਕ੍ਰਿਸ਼ਨਾ, ਗੁਰਮੀਤ ਸਿੰਘ ਖ਼ਾਲਸਾ ਨੇ ਨੇਤਰਹੀਣ ਵਿਅਕਤੀਆਂ, ਬੱਚਿਆਂ ਨੂੰ ਲੂਈ ਬਰੇਲ ਦੇ ਜਨਮ-ਦਿਨ ਤੇ ਲੱਖ-ਲੱਖ ਵਧਾਈਆਂ ਦਿੱਤੀਆਂ। ਉਹਨਾਂ ਲੂਈ ਬਰੇਲ ਦੇ ਜੀਵਨ ਤੇ ਵਿਸਥਾਰ ਸਹਿਤ ਚਾਨਣਾ ਪਾਇਆ। ਮੈਡਮ ਇੰਦਰਪ੍ਰੀਤ ਕੌਰ ਤੇ ਸ਼ੈਲਜਾ ਸ਼ਰਮਾ ਨੇ ਲੂਈ ਬਰੇਲ ਦੇ ਜਨਮ-ਦਿਨ ਤੇ ਨੇਤਰਹੀਣਾਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਲੂਈ ਬਰੇਲ ਨੇ ਬਰੇਲ ਲਿਪੀ ਤਿਆਰ ਕਰਕੇ ਨੇਤਰਹੀਣਾਂ ਦੇ ਭਵਿੱਖ ਨੂੰ ਰੁਸ਼ਨਾ ਦਿੱਤਾ ਹੈ। ਇਸ ਮੌਕੇ ਤੇ ਵੱਖ-ਵੱਖ ਖੇਤਰਾਂ ਵਿੱਚ ਉਪਲਬਧੀਆਂ ਪ੍ਰਾਪਤ ਕਰਨ ਵਾਲੀਆਂ ਸੱਤ ਸ਼ਖ਼ਸੀਅਤਾਂ ਜਿਨ੍ਹਾਂ ਵਿੱਚ ਅਜੇ ਅਰੋੜਾ ਆਈ.ਏ.ਐਸ., ਡਾ: ਹਿਮਾਂਸ਼ੂ ਗਰਗ ਅੰਗਰੇਜ਼ੀ ਅਧਿਆਪਕ, ਮਾਸਟਰ ਇਕਬਾਲ ਸਿੰਘ ਸੰਗੀਤ ਅਧਿਆਪਕ, ਲਲਿਤ ਗਰਗ ਸਮਾਜ-ਸੇਵੀ, ਮੈਡਮ ਕ੍ਰਿਸ਼ਨਾ ਦੇਵੀ ਸੇਵਾ-ਭਾਵੀ, ਹਰਲੀਨ ਕੌਰ ਹੋਣਹਾਰ ਵਿਦਿਆਰਥੀ, ਦੀਪ ਕੁਮਾਰ ਨੈਸ਼ਨਲ ਖਿਡਾਰੀ ਨੂੰ ਹਾਰ ਪਾ ਕੇ, ਲੋਈ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਵਰੁਣ ਟੰਡਨ ਆਰਟਿਸਟ ਨੇ ਬਰੇਲ ਪੇਪਰ ਤੇ ਲੂਈ ਬਰੇਲ ਦੀ 18 ਫੁੱਟ ਲੰਮੀ ਤਸਵੀਰ ਤਿਆਰ ਕਰਕੇ ਜ਼ਮੀਨ ਤੇ ਵਿਛਾ ਕੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਬਲਾਈਂਡ ਪਰਸਨ ਐਸੋਸੀਏਸ਼ਨ ਦੇ ਅਨਿਲ ਵਰਮਾ ਰਾਸ਼ਟਰੀ ਪ੍ਰਧਾਨ, ਪੰਜਾਬ ਪ੍ਰਧਾਨ ਨਰਿੰਦਰ ਕੌਰ, ਲਲਿਤ ਗਰਗ ਜਨਰਲ ਸਕੱਤਰ, ਅਜੇ ਠਾਕੁਰ ਚੀਫ਼ ਅਡਵਾਈਜ਼ਰ, ਗੁਰਮੀਤ ਸਿੰਘ ਖ਼ਾਲਸਾ ਚੇਅਰਪਰਸਨ, ਲਵਪ੍ਰੀਤ ਮੀਡੀਆ ਇੰਚਾਰਜ ਵੀ ਹਾਜ਼ਰ ਸਨ। ਮੰਚ ਦਾ ਸੰਚਾਲਨ ਨੈਸ਼ਨਲ ਐਵਾਰਡੀ ਮਾਸਟਰ ਕਰਮਜੀਤ ਸਿੰਘ ਤੇ ਸਾਨੀਆ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਲੇਖਕ ਤੇ ਪੱਤਰਕਾਰ ਕਰਨੈਲ ਸਿੰਘ ਐੱਮ.ਏ.ਵੱਲੋਂ ਲੋੜਵੰਦ ਨੇਤਰਹੀਣਾਂ ਨੂੰ ਮੁਫ਼ਤ ਨੇਤਰਹੀਣ ਸਟਿੱਕਾਂ ਵੰਡੀਆਂ ਗਈਆਂ । ਏਕ ਜੋਤ ਵਿਕਲਾਂਗ ਸਕੂਲ ਦੇ ਪ੍ਰਧਾਨ ਸਤਵੰਤ ਕੌਰ ਨੇ ਨੇਤਰਹੀਣ ਵਿਅਕਤੀਆਂ, ਬੱਚਿਆਂ ਨੂੰ ਲੂਈ ਬਰੇਲ ਦੇ ਜਨਮ-ਦਿਨ ਤੇ ਵਧਾਈ ਦਿੱਤੀ । ਉਹਨਾਂ ਸਮਾਗਮ ਵਿੱਚ ਦੂਰ-ਦੂਰ ਤੋਂ ਪਹੁੰਚੇ ਨੇਤਰਹੀਣਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj