ਪਣਜੀ (ਸਮਾਜ ਵੀਕਲੀ): ਅੱਠਵੀਂ ਵਾਰ ਵਿਧਾਇਕ ਬਣੇ ਭਾਜਪਾ ਆਗੂ ਸਤੀਸ਼ ਮਹਾਨਾ ਨੂੰ ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਵਿਰੋਧੀ ਧਿਰ ਦੇ ਆਗੂ ਅਖਿਲੇਸ਼ ਯਾਦਵ ਨੇ ਉਨ੍ਹਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਦੀ ਸ਼ਲਾਘਾ ਕੀਤੀ। ਉਧਰ ਪਣਜੀ ’ਚ ਭਾਜਪਾ ਵਿਧਾਇਕ ਰਮੇਸ਼ ਤਾਵੜਕਰ ਨੂੰ ਗੋਆ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ। ਉਨ੍ਹਾਂ ਕਾਂਗਰਸ ਦੇ ਉਮੀਦਵਾਰ ਅਲੈਕਸਿਓ ਸਿਕਿਊਰਾ ਨੂੰ ਹਰਾਇਆ। ਹੁਕਮਰਾਨ ਭਾਜਪਾ ਦੀ ਅਗਵਾਈ ਵਾਲੇ ਧੜੇ ਦੇ ਤਾਵੜਕਰ ਨੂੰ 24 ਜਦਕਿ ਕਾਂਗਰਸ, ‘ਆਪ’ ਅਤੇ ਰਿਵੋਲਿਊਸ਼ਨਰੀ ਗੋਅਨਜ਼ ਪਾਰਟੀ ਦੇ ਉਮੀਦਵਾਰ ਸਿਕਿਊਰਾ ਨੂੰ 15 ਵੋਟਾਂ ਮਿਲੀਆਂ।
ਮਹਾਨਾ ਦੇ 18ਵੀਂ ਯੂਪੀ ਵਿਧਾਨ ਸਭਾ ਦੇ ਸਪੀਕਰ ਬਣਨ ਮਗਰੋਂ ਯੋਗੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਸੂਬੇ ਲਈ ਵਧੀਆ ਸੰਕੇਤ ਹੈ ਕਿ ਲੋਕਤੰਤਰ ਦੇ ਦੋਵੇਂ ਪਹੀਏ (ਹੁਕਮਰਾਨ ਅਤੇ ਵਿਰੋਧੀ ਧਿਰ) ਇਕ ਹੀ ਦਿਸ਼ਾ ਵੱਲ ਵਧ ਰਹੇ ਹਨ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਮਹਾਨਾ ਨੂੰ ਅਪੀਲ ਕੀਤੀ ਕਿ ਉਹ ਸਪੀਕਰ ਵਜੋਂ ਨਿਰਪੱਖ ਰਹਿ ਕੇ ਆਪਣਾ ਫ਼ਰਜ਼ ਨਿਭਾਉਣ ਅਤੇ ਵਿਰੋਧੀ ਧਿਰ ਦੇ ਹੱਕਾਂ ਦੀ ਵੀ ਰਾਖੀ ਕਰਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly