(ਸਮਾਜ ਵੀਕਲੀ)
ਜਦ ਅਰਥ ਧਰਮ ਦੇ ਸਮਝ ਪੈਂਣਗੇ,
ਫਿਰ ਕਦੇ ਨਾਂ ਦਮਨ ਹੋਏਗਾ।
ਬੰਦ ਹੋਏਗੀ ਕਤਲੋ ਗਾਰਤ,
ਧਰਤੀ ਉੱਤੇ ਅਮਨ ਹੋਏਗਾ।
ਇੱਕ ਦੂਜੇ ਨੂੰ ਪਾ ਗਲਵੱਕੜੀ,
ਇਹ ਦੁਨੀਆਂ ਜਦ ਅਜ਼ੀਜ਼ ਹੋਏਗੀ।
ਸੰਸਾਰ ਚ ਵਸਦੇ ਸਭ ਲੋਕਾਂ ਨੂੰ,
ਫਿਰ ਈਦ ਮੁਬਾਰਕ ਈਦ ਹੋਏਗੀ……..
ਜਦ ਭੁੱਖਿਆਂ ਦੇ ਕੋਲ਼ ਅੰਨ ਹੋਏਗਾ,
ਜਦ ਨੰਗਾ ਨਾਂ ਕੋਈ ਤੰਨ ਹੋਏਗਾ।
ਉਦਾਸ ਚੇਹਰਿਆਂ ਉੱਤੇ ਹਾਸੇ,
ਜਦ ਹਰ ਕੋਈ ਖੁਸ਼ ਪ੍ਰਸੰਨ ਹੋਏਗਾ।
ਦਿਲਾਂ ਚੋਂ ਨਫ਼ਰਤ ਦੇ ਪਾੜੇ ਦੀ,
ਜਿਸ ਦਿਨ ਮੇਟ ਲਕੀਰ ਹੋਏਗੀ।
ਸੰਸਾਰ ਚ ਵਸਦੇ ਸਭ ਲੋਕਾਂ ਨੂੰ,
ਫਿਰ ਈਦ ਮੁਬਾਰਕ ਈਦ ਹੋਏਗੀ……..
ਵੱਡਿਆਂ ਸਾਨੂੰ ਧਰਮ ਸਿਖਾਇਆ,
ਸਭਨਾਂ ਦਾ ਦੁੱਖ-ਸੁੱਖ ਵਡਾਉਣਾਂ।
ਦੂਜਿਆਂ ਦੇ ਲਈ ਜੀਵਨ ਜਿਊਣਾਂ,
ਇਸ ਧਰਤੀ ਨੂੰ ਸੁਰਗ ਬਣਾਉਣਾਂ।
ਜਦ ਇਸ ਸੰਦੇਸ਼ ਨੂੰ ਸਮਝ ਕੇ ਦੁਨੀਆਂ,
ਇੱਕ ਦੂਜੇ ਦੇ ਕਰੀਬ ਹੋਏਗੀ।
ਸੰਸਾਰ ਚ ਵਸਦੇ ਸਭ ਲੋਕਾਂ ਨੂੰ,
ਫਿਰ ਈਦ ਮੁਬਾਰਕ ਈਦ ਹੋਏਗੀ……..
ਮਾਂ ਪਿਉ ਦਾ ਜਦ ਸਤਿਕਾਰ ਹੋਏਗਾ,
ਗੂੜ੍ਹਾ ਰਿਸ਼ਤਿਆਂ ਵਿੱਚ ਪਿਆਰ ਹੋਏਗਾ।
ਦੁਨੀਆਂ ਵਿੱਚ ਇਨਸਾਨਾਂ ਦਾ ਜਦ,
ਉੱਚਾ ਸੁੱਚਾ ਕਿਰਦਾਰ ਹੋਏਗਾ।
ਝੂਠ ਤਕੱਬਰ ਨੂੰ ਛੱਡ ਦੁਨੀਆਂ,
ਸੱਚ ਦੀ ਜਦੋਂ ਮੁਰੀਦ ਹੋਏਗੀ।
ਸੰਸਾਰ ਚ ਵਸਦੇ ਸਭ ਲੋਕਾਂ ਨੂੰ,
ਫਿਰ ਈਦ ਮੁਬਾਰਕ ਈਦ ਹੋਏਗੀ……..
ਛੱਡ ਜ਼ਾਤ-ਪਾਤ ਤੇ ਊਚ -ਨੀਚ ਨੂੰ,
ਜਦ ਲੋਕ ਸੱਚੇ ਇਨਸਾਨ ਬਣਨਗੇ।
ਸਭ ਨੂੰ ਇੱਕ ਬਰਾਬਰ ਮੰਨ ਕੇ,
ਇੱਕ ਦੂਜੇ ਦਾ ਇਤਰਾਮ ਕਰਨਗੇ।
ਰੂੜੀਵਾਦੀ ਗੰਦੀ ਸੋਚ ਨੂੰ ਛੱਡ ਜਦ,
ਲੋਕਾਂ ਦੀ ਪਾਕ ਜ਼ਮੀਰ ਹੋਏਗੀ।
ਸੰਸਾਰ ਚ ਵਸਦੇ ਸਭ ਲੋਕਾਂ ਨੂੰ,
ਫਿਰ ਈਦ ਮੁਬਾਰਕ ਈਦ ਹੋਏਗੀ……..
ਸਭ ਤੋਂ ਵੱਡਾ ਹੈ ਧਰਮ ਬੰਦੇ ਦਾ,
ਬੰਦਾ ਹੋਣਾਂ ਇਨਸਾਨ ਚਾਹੀਦਾ।
ਜੀਵਨ ਵੀ ਉੱਚਾ ਸੁੱਚਾ ਹੋਵੇ,
ਤੇ ਪੱਕਾ ਦੀਨ ਈਮਾਨ ਚਾਹੀਦਾ।
ਹਰਦਾਸਪੁਰੀ ਇੱਕ ਦੂਜੇ ਦੀ ਨਾਂ,
ਫਿਰ ਦੁਨੀਆਂ ਕਦੇ ਰਕੀਬ ਹੋਏਗੀ।
ਸੰਸਾਰ ਚ ਵਸਦੇ ਸਭ ਲੋਕਾਂ ਨੂੰ,
ਫਿਰ ਈਦ ਮੁਬਾਰਕ ਈਦ ਹੋਏਗੀ……..
ਮਲਕੀਤ ਹਰਦਾਸਪੁਰੀ ਗਰੀਸ
00306947249768
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly