ਸਿੱਖਿਆ ਦੇ ਸਤਿਕਾਰਯੋਗ ਸ਼ਿਲਪਕਾਰ ਸਾਡੇ ਅਧਿਆਪਕ

ਅਧਿਆਪਕਾਂ ਦਾ ਸੱਚਾ ਆਦਰ ਉਹਨਾਂ ਦੇ ਸਨਮਾਨ ਵਿਚ ਨਹੀਂ, ਸਗੋਂ ਉਹਨਾਂ ਦੇ ਵਿਦਿਆਰਥੀਆਂ ਦੀਆਂ ਸਫਲਤਾਵਾਂ ਵਿੱਚ ਹੁੰਦਾ ਹੈ।
 ਪਲਕਪ੍ਰੀਤ ਕੌਰ ਬੇਦੀ 
(ਸਮਾਜ ਵੀਕਲੀ) ਅਧਿਆਪਕ ਦੇਸ਼ ਦਾ ਸਭ ਤੋਂ ਕੀਮਤੀ ਸਰਮਾਇਆ ਹੁੰਦੇ ਹਨ, ਕਿਉਂਕਿ ਉਹ ਸਮਾਜ ਦਾ ਭਵਿੱਖ ਤਿਆਰ ਕਰਦੇ ਹਨ। ਅਧਿਆਪਕਾਂ ਨੂੰ ਸਮਾਜ ਦੇ ਸਭ ਤੋਂ ਮਹੱਤਵਪੂਰਣ ਅੰਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਵਿਦਿਆਰਥੀਆਂ ਨੂੰ ਸਿਰਫ਼ ਪੜਾਈ ਹੀ ਨਹੀਂ ਕਰਾਉਂਦੇ, ਬਲਕਿ ਉਹਨਾਂ ਨੂੰ ਜ਼ਿੰਦਗ਼ੀ ਦੇ ਸੱਚੇ- ਸੁੱਚੇ ਰਾਹ ਅਤੇ ਸੰਸਕਾਰਾਂ ਨਾਲ ਵੀ ਜਾਣੂ ਕਰਵਾਉਂਦੇ ਹਨ। ਹਰ ਸਾਲ 5 ਅਕਤੂਬਰ ਨੂੰ ਮਨਾਇਆ ਜਾਣ ਵਾਲਾ “ਵਿਸ਼ਵ ਅਧਿਆਪਕ ਦਿਵਸ” ਸਿੱਖਿਆ ਦੇ ਇਨ੍ਹਾਂ ਮਹਾਨ ਯੋਧਿਆਂ ਦੀ ਮਹਾਨਤਾ ਨੂੰ ਸਨਮਾਨਿਤ ਕਰਨ ਦਾ ਇੱਕ ਮੌਕਾ ਹੈ।
ਇਸ ਦਿਨ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਦੇ ਸਿੱਖਿਆ, ਵਿਗਿਆਨ ਅਤੇ ਸੰਸਕ੍ਰਿਤੀ ਸੰਗਠਨ (ਯੂਨੇਸਕੋ) ਵੱਲੋਂ 1994 ਵਿੱਚ ਕੀਤਾ ਗਿਆ ਸੀ, ਤਾਂ ਜੋ ਅਧਿਆਪਕਾਂ ਦੀਆਂ ਯੋਗਦਾਨਾਂ ਦੀ ਕਦਰ ਕੀਤੀ ਜਾ ਸਕੇ ਅਤੇ ਸਿੱਖਿਆ ਦੇ ਖੇਤਰ ਵਿੱਚ ਉਹਨਾਂ ਦੇ ਬਾਰੇ ਚਰਚਾ ਹੋ ਸਕੇ।
ਜਿਸ ਦੇਸ਼ ਵਿੱਚ ਅਧਿਆਪਕਾਂ ਨੂੰ ਸੰਪੂਰਨ ਆਦਰ-ਸਤਿਕਾਰ ਮਿਲਦਾ ਹੈ, ਉਹ ਦੇਸ਼ ਬਹੁਤ ਤਰੱਕੀ ਦੇ ਰਾਹ ਉੱਤੇ ਹੁੰਦਾ ਹੈ। ਪਰ ਇਹ ਸਤਿਕਾਰ ਸਿਰਫ਼ ਸਰਕਾਰੀ ਪੱਧਰ ਤੱਕ ਸੀਮਿਤ ਨਹੀਂ ਹੁੰਦਾ, ਇਸ ਦੇ ਨਾਲ ਹੀ ਅਧਿਆਪਕਾਂ ਨੂੰ ਉਹਨਾਂ ਦੇ ਵਿਦਿਆਰਥੀਆਂ ਵੱਲੋਂ ਮਿਲਣ ਵਾਲਾ ਆਦਰ ਸਤਿਕਾਰ ਉਸ ਤੋਂ ਵੀ ਵੱਧ ਅਹਿਮ ਹੁੰਦਾ ਹੈ। ਜੋ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਮਾਨ ਸਤਿਕਾਰ ਦਾ ਰਿਸ਼ਤਾ ਬਣਾਈ ਰੱਖਦੇ ਹਨ, ਉਹ ਸਫਲ ਜੀਵਨ ਦੀਆਂ ਮੰਜ਼ਿਲਾਂ ਤੇ ਜ਼ਰੂਰ ਪਹੁੰਚਦੇ ਹਨ। ਇਸ ਲਈ ਅਧਿਆਪਕ ਅਤੇ ਵਿਦਿਆਰਥੀ ਦੋਵੇਂ ਹੀ ਇਸ ਆਦਰ-ਸਤਿਕਾਰ ਅਤੇ ਸਿੱਖਣ ਸਿਖਾਉਣ ਦੀ ਸਾਂਝੀ ਕੜੀ ਦੇ ਹੱਕਦਾਰ ਹਨ ।
ਮੇਰੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੇ ਅਧਿਆਪਕ ਮੇਰੇ ਲਈ ਮਾਣ ਤੇ ਹਲ੍ਹਾਸ਼ੇਰੀ ਦੇ ਪਾਤਰ ਬਣੇ। ਜਦੋਂ ਮੈਂ ਉਹਨਾਂ ਨੂੰ ਯਾਦ ਕਰਦੀ ਹਾਂ, ਤਾਂ ਮੇਰਾ ਸਿਰ ਆਪਣੇ ਆਪ ਮਾਣ ਨਾਲ ਉੱਚਾ ਹੋ ਜਾਂਦਾ ਹੈ। ਮੈਂ ਹਮੇਸ਼ਾ ਹੀ ਸੰਪੂਰਨ ਰੂਪ ‘ਚ ਆਦਰ ਤੇ ਸਤਿਕਾਰ ਨਾਲ ਉਹਨਾਂ ਅੱਗੇ ਝੁਕ ਜਾਂਦੀ ਹਾਂ। ਉਹ ਅਧਿਆਪਕ ਜਿਹੜੇ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਜੀਵਨ ਦੀਆਂ ਉਹ ਸੱਚਾਈਆਂ ਸਿੱਖਾਉਂਦੇ ਹਨ, ਜਿੰਨ੍ਹਾਂ ਦੀ ਭੂਮਿਕਾ ਸਾਡੀ ਜ਼ਿੰਦਗ਼ੀ ‘ਚ ਬਹੁਤ ਵੱਡੀ ਹੁੰਦੀ ਹੈ।
ਮੇਰੇ ਸਕੂਲ ਦੇ ਇੱਕ ਅਧਿਆਪਕ, ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਦੇ ਹਰ ਪਹਿਲੂ ਤੇ ਖੁੱਲ੍ਹ ਕੇ ਸੋਚਣਾ ਸਿਖਾਇਆ, ਉਹਨਾਂ ਨੇ ਮੇਰੇ ਵਿਚਲੇ ਸੁਪਨੇ ਨੂੰ ਪਛਾਣਿਆ ਅਤੇ ਮੈਨੂੰ ਹੌਸਲਾ ਦਿੱਤਾ ਕਿ ਮੈਂ ਆਪਣੇ ਮਨ ਦੀ ਗੱਲ ਸੁਣਾਂ ਸਕਾ। ਉਹਨਾ ਅਧਿਆਪਕਾਂ ਨੇ ਹੀ ਮੇਰੇ ਵਿਚ ਇਹ ਵਿਸ਼ਵਾਸ ਜਗਾਇਆ ਕਿ ਮੈਂ ਆਪਣਾ ਰਸਤਾ ਖੁਦ ਚੁਣ ਸਕਦੀ ਹਾਂ ਅਤੇ ਉਸ ਰਸਤੇ ਤੇ ਅੱਗੇ ਵਧ ਸਕਦੀ ਹਾਂ। ਇਸ ਸਿੱਖਿਆ ਨੇ ਸਿਰਫ਼ ਮੇਰੇ ਅਧਿਆਪਕ ਦੀ ਬੇਮਿਸਾਲ ਸਾਂਝ ਨੂੰ ਹੀ ਸਨਮਾਨਿਤ ਨਹੀਂ ਕੀਤਾ, ਸਗੋਂ ਮੇਰੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਵੀ ਦਿੱਤੀ।
ਇਕ ਸੱਚਾ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਉਚੇ ਆਦਰਸ਼ਾਂ ਅਤੇ ਅਹਿਮ ਮੁੱਦਿਆ ਦੀ ਪ੍ਰੇਰਨਾ ਦਿੰਦਾ ਹੈ। ਅਜਿਹੇ ਅਧਿਆਪਕਾਂ ਨੂੰ ਵਿਦਿਆਰਥੀ ਕਦੇ ਵੀ ਨਹੀਂ ਭੁੱਲਦੇ, ਉਹ ਹਮੇਸ਼ਾ ਆਪਣੇ ਅਧਿਆਪਕ ਨੂੰ ਇੱਜਤ ਤੇ ਸਨਮਾਨ ਦੇ ਨਾਲ ਯਾਦ ਰੱਖਦੇ ਹਨ। ਜਿਵੇਂ ਕਿ ਕਹਿੰਦੇ ਹਨ, “ਅਧਿਆਪਕਾਂ ਦਾ ਸੱਚਾ ਆਦਰ ਉਹਨਾਂ ਦੇ ਸਨਮਾਨ ਵਿਚ ਨਹੀਂ, ਸਗੋਂ ਉਹਨਾਂ ਦੇ ਵਿਦਿਆਰਥੀਆਂ ਦੀਆਂ ਸਫਲਤਾਵਾਂ ਵਿੱਚ ਹੁੰਦਾ ਹੈ।”
ਵਿਸ਼ਵ ਅਧਿਆਪਕ ਦਿਵਸ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਅਸੀਂ ਅਧਿਆਪਕਾਂ ਨੂੰ ਸਿਰਫ਼ ਅੱਜ ਦੇ ਦਿਨ ਹੀ ਨਹੀਂ ਸਗੋ ਹਮੇਸ਼ਾਂ  ਹਰ ਰੋਜ਼ ਹੀ ਅੱਜ ਦੇ ਦਿਨ ਵਾਂਗੂ ਯਾਦ ਕਰੀਏ ਅਤੇ ਉਹਨਾਂ ਦਾ ਆਦਰ ਕਰੀਏ।
✍️ ਪਲਕਪ੍ਰੀਤ ਕੌਰ ਬੇਦੀ      
 ਕੇ,ਐਮ.ਵੀ. ਕਾਲਜੀਏਟ 
 ਸੀਨੀਅਰ ਸੈਕੰਡਰੀ ਸਕੂਲ, 
 ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੈਨੂੰ ਮੇਰੇ ਹਲਕੇ ਦੇ ਲੋਕਾਂ ‘ਤੇ ਹਮੇਸ਼ਾ ਮਾਣ ਰਹੇਗਾ__ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ
Next articleਸਾਹਿਤ ਅਕੈਡਮੀ ਦਿੱਲੀ ਵੱਲੋਂ ਮੋਗਾ ਵਿਖੇ ਸਮਾਗਮ ਅੱਜ – ਬੂਟਾ ਸਿੰਘ ਚੌਹਾਨ