ਲੋਕ ਵਾਤਾਵਰਣ ਦੇ ਮੁੱਦੇ ‘ਤੇ ਵੋਟਾਂ ਪਾਉਣ – ਸੰਤ ਸੀਚੇਵਾਲ
ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ)- ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਜ਼ਿਮਨੀ ਚੋਣ ਵਾਸਤੇ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਦੇ ਮੁੱਦੇ ‘ਤੇ ਵੋਟਾਂ ਪਾਉਣ। ਸੰਤ ਸੀਚੇਵਾਲ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵਾਤਾਵਰਣ ਦਾ ਏਜੰਡਾ ਸੌਂਪਦਿਆ ਕਿਹਾ ਕਿ ਰਾਜਨੀਤਿਕ ਪਾਰਟੀਆਂ ਵਾਤਾਵਰਣ ਦੇ ਭੱਖਦੇ ਮੁੱਦੇ ਨੂੰ ਆਪਣੇ ਰਾਜਨੀਤਿਕ ਏਜੰਡੇ ਦਾ ਹਿੱਸਾ ਬਣਾੳੇੁਣ। ਦੁਪਹਿਰੋਂ ਬਾਅਦ ਨਿਰਮਲ ਕੁਟੀਆ ਸੀਚੇਵਾਲ ਨਤਮਸਤਕ ਹੋਣ ਲਈ ਆਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਹੇਠ ਜੰਗਲਾਤ ਦਾ ਰਕਬਾ ਵਧਾਉਣ ਦੀ ਸਖਤ ਲੋੜ ਹੈ। ਉਹਨਾਂ ਸੰਤ ਸੀਚੇਵਾਲ ਵੱਲੋਂ ਵਾਤਾਵਰਣ ਦੇ ਦਿੱਤੇ ਏਜੰਡੇ ਨੂੰ ਲੋਕਾਂ ਦਾ ਏਜੰਡਾ ਬਣਾਉਣ ਅਤੇ ਇਸ ਉਪਰ ਪੰਜਾਬ ਸਰਕਾਰ ਵੱਲੋਂ ਕੰਮ ਕਰਨ ਦਾ ਭਰੋਸਾ ਦਿੱਤਾ।
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਦਾ ਮੁੱਦਾ ਸਾਡੇ ਜੀਵਨ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤਿਕ ਪਾਰਟੀਆਂ ਤੋਂ ਇਹ ਭਰੋਸਾ ਮੰਗਣ ਕਿ ਸ਼ੁੱਧ ਹਵਾ, ਪਾਣੀ ਤੇ ਖੁਰਾਕ ਮਹੁੱਈਆ ਕਰਾਉਣ ਦਾ ਉਹਨਾਂ ਕੋਲ ਕੀ ਬਲਿਊ ਪ੍ਰਿੰਟ ਹੈ? ਸੰਤ ਸੀਚੇਵਾਲ ਨੇ ਕਿਹਾ ਕਿ ਕਾਲਾ ਸੰਘਿਆ ਡਰੇਨ, ਚਿੱਟੀ ਵੇਈਂ ਤੇ ਬੁੱਢੇ ਨਾਲੇ ਦੇ ਦੂਸ਼ਿਤ ਪਾਣੀ ਦੀ ਸਭ ਤੋਂ ਵੱਧ ਮਾਰ ਨਕੋਦਰ, ਸ਼ਾਹਕੋਟ ਮਲਸੀਆਂ ਅਤੇ ਲੋਹੀਆਂ ਇਲਾਕੇ ਦੇ ਲੋਕਾਂ ਨੂੰ ਪੈ ਰਹੀ ਹੈ। ਇਹ ਸਾਰੇ ਪ੍ਰਦੂਸ਼ਿਤ ਜਲ ਸਰੋਤ ਸਤਲੁਜ ਦਰਿਆ ਵਿੱਚ ਡਿੱਗਦੇ ਹਨ ਜਿਸ ਕਾਰਨ ਧਰਤੀ ਹੇਠਲਾ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ ਤੇ ਆਲੇ ਦੁਆਲੇ ਦੀ ਆਬੋ ਹਵਾ ਵੀ। ਉਹਨਾਂ ਦੱਸਿਆ ਕਿ ਕਾਲਾ ਸੰਘਿਆ ਡਰੇਨ ਤੇ 50 ਐਮ.ਐਲ.ਡੀ ਦਾ ਟਰੀਟਮੈਂਟ ਪਲਾਂਟ ਲੱਗਿਆ ਹੋਇਆ ਹੈ ਤੇ 15 ਐਮ.ਐਲ.ਡੀ ਦਾ ਇਕ ਹੋਰ ਟਰੀਟਮੈਂਟ ਪਲਾਂਟ ਨਿਰਮਾਣ ਅਧੀਨ ਹੈ।
ਫੋਲੜੀਵਾਲ ਵਿੱਚ ਲੱਗੇ ਟਰੀਟਮੈਂਟ ਪਲਾਂਟ ਜੇਕਰ ਪੂਰੀ ਸਮਰੱਥਾ ਨਾਲ ਚੱਲਦੇ ਹਨ ਤਾਂ ਲੋਕਾਂ ਨੂੰ ਇਸ ਨਾਲ ਵੱਡੀ ਰਾਹਤ ਮਿਲ ਸਕਦੀ ਹੈ। ਕਾਲਾ ਸੰਘਿਆ ਡਰੇਨ ਵਿੱਚ ਬਿਸਤ ਦੁਆਬ ਦਾ 20 ਕਿਊਸਿਕ ਪਾਣੀ ਛੱਡਣ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਮੌਕੇ ਗਿਦੜਪਿੰਡੀ ਇਲਾਕੇ ਦੇ ਲੋਕਾਂ ਦਾ ਇਕ ਵਫਦ ਵੀ ਸਿੱਖਿਆ ਮੰਤਰੀ ਨੂੰ ਮਿਿਲਆ ਉਹਨਾਂ ਮੰਗ ਕੀਤੀ ਕਿ ਸਤਲੁਜ ਦਰਿਆ ਦੇ ਧੱੁਸੀ ਬੰਨ੍ਹ ਤੇ ਪੱਕੀ ਸੜਕ ਬਣਾਈ ਜਾਵੇ। ਇਸ ਮੌਕੇ ਪ੍ਰਿੰਸੀਪਲ ਬਿਕਰਮ ਸਿੰਘ ਵਿਰਕ, ਕੁਲਵਿੰਦਰ ਸਿੰਘ, ਸਾਬਕਾ ਚੇਅਰਮੈਨ ਮੋਹਨ ਲਾਲ ਸੂਦ, ਐਨ.ਆਰ.ਆਈ ਹਰਜਿੰਦਰ ਸਿੰਘ ਹੇਅਰ, ਅਮਰੀਕ ਸਿੰਘ ਸੰਧੂ, ਹਰਜਿੰਦਰ ਸਿੰਘ ਸੀਚੇਵਾਲ ਅਤੇ ਹੋਰ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly