ਸਮਾਜ ਵੀਕਲੀ ਯੂ ਕੇ-
ਜਲੰਧਰ, (ਜੱਸਲ)- “ਸਿੱਖਿਆ ਹੀ ਵਿਦਿਆਰਥੀਆਂ ਦੇ ਜੀਵਨ ਨੂੰ ਰੋਸ਼ਨ ਕਰਕੇ ਪਰਿਵਰਤਨ ਲਿਆਉਂਦੀ ਹੈ।” ਇਹ ਵਿਚਾਰ ਇੰਗਲੈਂਡ ਤੋਂ ਛੱਪਦੇ ਅਖਬਾਰ ‘ਸਮਾਜ ਵੀਕਲੀ ‘ਦੇ ਮੁੱਖ ਸੰਪਾਦਕ, ਮਹਾਨ ਲੇਖਕ, ਵਿਦਵਾਨ, ਉੱਘੇ ਅੰਬੇਡਕਰੀ ਤੇ ਬੋਧੀ ਉਪਾਸਕ ਸ੍ਰੀ ਦਵਿੰਦਰ ਚੰਦੜ ਯੂ.ਕੇ. ਨੇ ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ ਵਿਖੇ ਵਿਸ਼ੇਸ਼ ਮਹਿਮਾਨ ਵਜੋਂ ਇੱਕ ਸਕੂਲ ਵਿਜਿਟ ਦੌਰਾਨ ਆਖੀ। ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਸ੍ਰੀ ਦਵਿੰਦਰ ਚੰਦੜ ਯੂ.ਕੇ, ਸ਼੍ਰੀਮਤੀ ਦੇਵੀ ਰਾਣੀ ਚੰਦੜ ਯੂ.ਕੇ. ਅਤੇ ਸ੍ਰੀ ਦੌਲਤਾ ਬਾਲੀ ਯੂ.ਕੇ. ਦਾ ਫੁੱਲਾਂ ਦੇ ਹਾਰਾਂ ਨਾਲ ਨਿੱਘਾ ਸਵਾਗਤ ਕੀਤਾ।
ਸ੍ਰੀ ਦਵਿੰਦਰ ਚੰਦੜ ਜੀ ਨੇ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਜੱਸਲ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਹੋ ਜਿਹੀਆਂ ਮਸ਼ੀਨਰੀ ਸੰਸਥਾਵਾਂ ਨੂੰ ਲਗਾਤਾਰ ਚਲਾਉਣਾ ਬਹੁਤ ਮੁਸ਼ਕਿਲ ਦਾ ਕੰਮ ਹੈ, ਸਗੋਂ ਪ੍ਰਿੰਸੀਪਲ, ਸਮੂਹ ਸਟਾਫ ਅਤੇ ਪ੍ਰਬੰਧਕਾਂ ਦੀ ਸਖਤ ਮਿਹਨਤ, ਇਮਾਨਦਾਰੀ, ਲਗਨ ਕਰਕੇ ਹੀ ਅਜਿਹਾ ਸੰਭਵ ਹੋਇਆ ਹੈ। ਉਹਨਾਂ ਦੇਸ਼ -ਵਿਦੇਸ਼ ਦੀਆਂ ਗੁਰੂ ਰਵਿਦਾਸ ਸਭਾਵਾਂ, ਅੰਬੇਡਕਰੀ ਤੇ ਬੋਧੀ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਸਕੂਲ ਦੀ ਆਰਥਿਕ ਮਦਦ ਕਰਨ ਦੀ ਵੀ ਅਪੀਲ ਕੀਤੀ। ਕਿਉਂਕਿ ਇਸ ਸਕੂਲ ਵਿੱਚ ਗਰੀਬਾਂ ਦੇ ਬੱਚੇ ਜ਼ਿਆਦਾ ਪੜ੍ਹਦੇ ਹਨ। ਬਾਬਾ ਸਾਹਿਬ ਜੀ ਦਾ ਪਹਿਲਾ ਉਪਦੇਸ਼ ਹੀ “ਐਜੂਕੇਸ਼ਨ” ਸੀ। ਸਿੱਖਿਆ ਗ੍ਰਹਿਣ ਕਰਕੇ ਹੀ ਵਿਦਿਆਰਥੀ ਆਪਣੇ ਮਿੱਥੇ ਹੋਏ ਟੀਚੇ ‘ਤੇ ਪਹੁੰਚ ਕੇ ਸਮਾਜ ਤੇ ਦੇਸ਼ ਦੀ ਤਰੱਕੀ ‘ਚ ਯੋਗਦਾਨ ਪਾ ਸਕਦਾ ਹੋੈ। ਮਾਨਯੋਗ ਦਵਿੰਦਰ ਚੰਦੜ, ਉਨਾਂ ਦੀ ਧਰਮ ਸੁਪਤਨੀ ਸ੍ਰੀਮਤੀ ਦੇਵੀ ਰਾਣੀ ਅਤੇ ਅੰਬੇਡਕਰੀ ਆਗੂ ਸ੍ਰੀ ਦੌਲਤਾ ਬਾਲੀ ਜੀ ਨੇ ਕਲਾਸਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਪੜ੍ਹਾਈ ਸਬੰਧੀ ਗੱਲਬਾਤ ਕੀਤੀ। ਉਹਨਾਂ ਬੱਚਿਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਆ। ਸ਼੍ਰੀਮਤੀ ਦੇਵੀ ਰਾਣੀ ਚੰਦੜ ਨੇ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਉਤਸ਼ਾਹਿਤ ਕੀਤਾ। ਬਾਬਾ ਸਾਹਿਬ ਜੀ ਨੇ ਕਿਹਾ ਸੀ ਕਿ “ਜੇਕਰ ਅਸੀਂ ਲੜਕਿਆਂ ਦੇ ਨਾਲ -ਨਾਲ ਲੜਕੀਆਂ ਦੀ ਵਿੱਦਿਆ ਵੱਲ ਧਿਆਨ ਦੇਣ ਲੱਗ ਜਾਈਏ ਤਾਂ ਅਸੀਂ ਹੋਰ ਵੀ ਛੇਤੀ ਪ੍ਰਗਤੀ ਕਰ ਸਕਦੇ ਹਾਂ । ”
ਸ੍ਰੀ ਦੌਲਤਾ ਬਾਲੀ ਜੀ ਨੇ ਵਿਦਿਆਰਥੀਆ ਨੂੰ ਤਥਾਗਤ ਬੁੱਧ ਦੀਆਂ ਸਿੱਖਿਆਵਾਂ ‘ ਪੰਚਸ਼ੀਲ ‘ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ । ਸ੍ਰੀ ਦਵਿੰਦਰ ਚੰਦੜ ਜੀ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਕੂਲ ਦੀ ਮਾਲੀ ਮਦਦ ਕਰਾਂਗੇ। ਕਿਉਂਕਿ ਇਹ ਸਕੂਲ ਪੜ੍ਹਾਈ ਦੇ ਨਾਲ -ਨਾਲ ਬਾਬਾ ਸਾਹਿਬ ਜੀ ਅਤੇ ਬਹੁਜਨ ਮਹਾਂਪੁਰਸ਼ਾ ਦੀ ਵਿਚਾਰਧਾਰਾ ‘ਤੇ ਚੱਲਦਾ ਹੋਇਆ ਸਮਾਜ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਵੱਲੋਂ ਸਤਿਕਾਰਯੋਗ ਸ੍ਰੀ ਚੰਦੜ ਪਰਿਵਾਰ ਅਤੇ ਮਾਨਯੋਗ ਦੌਲਤਾ ਬਾਲੀ ਜੀ ਦਾ ਸਕੂਲ ਆਉਣ ‘ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।