ਸਿੱਖਿਆ ਅਤੇ ਖੇਡਾਂ ਨੂੰ ਪ੍ਰਣਾਏ ਹੋਏ ਬਲਾਕ ਅਫਸਰ ਹਰਦੇਵ ਸਿੰਘ ਸਰਹਾਲੀ

ਹਰਦੇਵ ਸਿੰਘ ਸਰਹਾਲੀ

( ਖੇਡ ਜਗਤ ਲਈ ਵਿਸ਼ੇਸ਼)

(ਸਮਾਜ ਵੀਕਲੀ) ਬਚਪਨ ਤੋਂ ਹੀ ਸੁਣਦੇ ਆਏ ਹਾਂ ਕਿ ਖੇਡਾਂ ਜਿੱਥੇ ਬੱਚਿਆਂ ਦੇ ਸਰੀਰਕ ਵਿਕਾਸ ਲਈ ਜਰੂਰੀ ਹਨ,ਉੱਥੇ ਹੀ ਖੇਡਾਂ ਜਾਂ ਖੇਡ ਗਰਾਊਂਡ ਨਾਲ ਜੁੜਿਆ ਬੰਦਾ ਵੀ ਆਪਣੀ ਜਿੰਦਗੀ ਅਨੁਸ਼ਾਸਿਤ ਤਰੀਕੇ ਨਾਲ ਜਿਉਂਦਾ ਹੋਇਆ ਸਮਾਜ ਲਈ ਰਾਹ ਦਸੇਰਾ ਹੋ ਨਿੱਬੜਦਾ ਹੈ। ਦੁਨੀਆ ਦੇ ਕਈ ਉੱਘੇ ਖਿਡਾਰੀਆਂ ਦੀਆਂ ਜੀਵਨੀਆਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਹਨਾਂ ਦੁਆਰਾ ਅਪਣਾਈ ਗਈ ਖੇਡ ਅਤੇ ਉਸ ਖੇਡ ਲਈ ਕੀਤੀ ਮਿਹਨਤ , ਉਹਨਾਂ ਨੂੰ ਜਿੰਦਗੀ ਚ ਆਈਆਂ ਲੱਖਾਂ ਔਕੜਾਂ/ਦੁਸਵਾਰੀਆਂ ਦੇ ਬਾਵਜੂਦ ਵੀ ਇੱਕ ਉਸ ਮੁਕਾਮ ਤੱਕ ਲੈ ਗਈ,ਜਿੱਥੇ ਹਰ ਇਨਸਾਨ ਜਾਣਾ ਲੋਚਦਾ ਹੁੰਦਾ।
“ਉੱਡਣਾ ਸਿੱਖ” ਮਿਲਖਾ ਸਿੰਘ ਨੂੰ ਕੌਣ ਨਹੀਂ ਜਾਣਦਾ? ਪ੍ਰਸਿੱਧ ਕਵੀ ਪਾਸ ਦੁਆਰਾ ਲਿਖੀ ਉਸ ਦੀ ਜੀਵਨੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਮਿਲਖਾ ਸਿੰਘ ਨੇ ਬਚਪਨ ਵਿਚ ਚੋਰੀ ਵੀ ਕੀਤੀ, ਰੇਲ ਗੱਡੀ ਵਿੱਚ ਬਿਨਾਂ ਟਿਕਟ ਵੀ ਫੜਿਆ ਗਿਆ, ਜੇਲ੍ਹ ਵੀ ਕੱਟੀ ਪਰ ਇਹਨਾਂ ਸਾਰੇ ਮਾੜੇ ਕੰਮਾਂ ਤੋਂ ਤੌਬਾ ਕਰ ਜਦ ਉਹ ਫੌਜ ਵਿੱਚ ਭਰਤੀ ਹੋ ਖੇਡ ਗਰਾਊਂਡ ਨਾਲ ਜੁੜਿਆ ਤਾਂ ਉਸ ਨੇ ਦੇਸ਼-ਦੁਨੀਆ ਵਿਚ ਆਪਣਾ ਨਾਮ ਚਮਕਾਇਆ। ਉਹ ਮਿਲਖਾ ਸਿੰਘ, ਜਿਸ ਨੂੰ ਪਤਾ ਨਹੀਂ ਹੁੰਦਾ ਸੀ ਕਿ 400 ਮੀਟਰ ਦੌੜ ਕਿੰਨੀ ਕੁ ਦੂਰ ਹੁੰਦੀ ਹੈ ਪਰ ਜਦੋਂ ਦੌੜਨ ਲੱਗਾ ਤਾਂ 400 ਮੀਟਰ ਵਾਲੇ ਸਾਰੇ ਨੈਸ਼ਨਲ ਰਿਕਾਰਡ ਤੋੜ ਦਿੱਤੇ। ਇਸੇ ਤਰ੍ਹਾਂ ਪਿੰਡ ਤੋਲਾਵਾਲ ਜਿਲ੍ਹਾ ਸੰਗਰੂਰ ਦੇ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਖੇਤਾਂ ਦੀਆਂ ਪਗਡੰਡੀਆਂ ਤੇ ਦੌੜਨ ਦੀ ਪ੍ਰੈਕਟਿਸ ਕਰਨ ਵਾਲੀ ਸੁਨੀਤਾ ਰਾਣੀ( ਜਿਸ ਨੂੰ ਖੇਡਾਂ ਵਾਲੇ ਪਾਸੇ ਤੋਂ ਹਟਾਉਣ ਲਈ ਉਸ ਦੇ ਕੋੜਮੇ ਦੇ ਲੋਕਾਂ ਨੇ ਉਸ ਦੇ ਮਾਂ-ਬਾਪ ਨੂੰ ਆਪਣੀ ਬਰਾਦਰੀ ਤੋਂ ਅਲੱਗ ਹੋ ਕੇ ਚੱਲਣ ਦੀਆਂ ਟਕੋਰਾਂ ਵੀ ਮਾਰੀਆਂ) ਮਾਂ-ਬਾਪ ਦੀ ਹੱਲਾਸੇਰੀ ਤੇ ਸਕੂਲ ਅਧਿਆਪਕਾਂ ਤੇ ਆਮ ਲੋਕਾਈ ਤੋਂ ਮਿਲੇ ਸਹਿਯੋਗ ਸਦਕਾ ਉਸ ਨੇ 1998 ਅਤੇ 2002 ਦੀਆਂ ਏਸ਼ੀਆਈ ਖੇਡਾਂ ਵਿੱਚ 5000 ਮੀਟਰ ਤੇ 1500 ਮੀਟਰ ਦੌੜਾਂ ਵਿੱਚ ਇੱਕ ਗੋਲਡ , ਇੱਕ ਸਿਲਵਰ ਤੇ ਦੋ ਕਾਂਸੀ ਦੇ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾਏ। ਸਰਕਾਰ ਨੇ ਉਸ ਦੀਆਂ ਪ੍ਰਾਪਤੀਆਂ ਦੇ ਕਦਰ ਕਰਦੇ ਹੋਏ ਉਸ ਨੂੰ ਪੰਜਾਬ ਪੁਲਸ ਵਿਚ ਬਤੌਰ ਡੀ ਐੱਸ ਪੀ ਭਰਤੀ ਕੀਤਾ ਤੇ ਅੱਜਕਲ ਉਹ ਐੱਸ ਐੱਸ ਪੀ ਦੇ ਅਹੁਦੇ ਤੇ ਤਾਇਨਾਤ ਹੈ।
ਇਹ ਉਦਾਹਰਣਾਂ ਮੈਂ ਇੱਥੇ ਤਾਂ ਸਾਂਝੀਆਂ ਕਰ ਰਿਹਾ ਹਾਂ ਕਿ ਕਈ ਵਾਰ ਇਨਸਾਨ ਦੀ ਜਿੰਦਗੀ ਵਿੱਚ ਕੁੱਝ ਘਟਨਾਵਾਂ ਇਹੋ ਜਿਹੀਆਂ ਘਟਦੀਆਂ ਹਨ ਜਾਂ ਕਿਸੇ ਇਹੋ ਜਿਹੇ ਇਨਸਾਨ ਦੀ ਸੇਧ ਜਾਂ ਹੌਸਲਾ ਮਿਲ ਜਾਂਦਾ ਹੈ , ਜੋ ਆਮ ਇਨਸਾਨ ਨੂੰ ਇੱਕ ਖਾਸ ਸਖਸ਼ੀਅਤ ਬਣਾ ਦਿੰਦੇ ਹਨ ਤੇ ਜਦੋਂ ਉਹ ਇਨਸਾਨ ਇੱਕ ਖੇਡ ਪ੍ਰੇਮੀ ਤੇ ਪ੍ਰਾਇਮਰੀ ਸਿੱਖਿਆ ਨੂੰ ਪ੍ਰਣਾਇਆ ਹੋਇਆ ਇੱਕ ਬਲਾਕ ਅਫਸਰ ਹੋਵੇ ਤਾਂ ਗੱਲ ਸੋਨੇ ਤੇ ਸੁਹਾਗੇ ਵਾਲੀ ਹੋ ਜਾਂਦੀ ਹੈ। ਪੰਜਾਬ ਦੇ ਸਰਹੱਦੀ ਜਿਲ੍ਹੇ ਫਿਰੋਜ਼ਪੁਰ ਜਿਲ੍ਹੇ ਦੀ ਜੀਰਾ ਤਹਿਸੀਲ ਦੇ ਪਿੰਡ ਸਰਹਾਲੀ ਵਿੱਚ 15 ਦਸੰਬਰ 1974 ਨੂੰ ਪਿਤਾ ਸ ਕਰਤਾਰ ਸਿੰਘ ਦੇ ਘਰ ਮਾਤਾ ਸਤਵੰਤ ਕੌਰ ਦੀ ਕੁੱਖੋਂ ਜਨਮੇ ਹਰਦੇਵ ਸਿੰਘ ,ਜਿਸ ਨੇ ਪ੍ਰਾਇਮਰੀ ਤੋਂ ਬੀ ਪੀ ਐੱਡ ਦੀ ਪੜ੍ਹਾਈ ਕੀਤੀ ਤੇ ਆਪਣੇ ਕਿੱਤੇ ਦੀ ਸ਼ੁਰੂਆਤ ਬਤੌਰ ਪ੍ਰਾਇਮਰੀ ਅਧਿਆਪਕ ਤੋਂ ਸ਼ੁਰੂ ਕੀਤੀ , ਬਾਰੇ ਵੀ ਉਦੋਂ ਹੀ ਪਤਾ ਲੱਗਾ,ਜਦੋਂ ਉਹ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਣ ਕੇ ਸਾਡੇ ਸਿੱਖਿਆ ਬਲਾਕ ਸਿੱਧਵਾਂ ਬੇਟ- 2 ਜਿਲ੍ਹਾ ਲੁਧਿਆਣਾ ਵਿਚ ਆਏ। ਬੇਸ਼ੱਕ ਦੀ ਮੈਨੂੰ ਖੁਦ ਨੂੰ ਵੀ ਆਪਣੀ 22 ਸਾਲ ਦੀ ਸਰਵਿਸ ਦੌਰਾਨ ਵੱਖ-ਵੱਖ ਬਲਾਕ ਅਫਸਰ ਸਹਿਬਾਨਾਂ ਨਾਲ ਲੱਗਭਗ 15 ਸਾਲ ਫੀਲਡ ਦੀ ਨੌਕਰੀ ਕਰਨ ਦਾ ਮੌਕਾ ਵੀ ਮਿਲਿਆ, ਪਰ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਪ੍ਰਣਾਏ ਹੋਏ ਇਹ ਬਲਾਕ ਅਫਸਰ ਪਹਿਲੀ ਵਾਰ ਮਿਲੇ। ਇਹ ਸਾਰੇ ਹੀ ਅਧਿਆਪਕ ਜਾਣਦੇ ਹਨ ਕਿ ਪ੍ਰਾਇਮਰੀ ਪੱਧਰ ਤੇ ਬੱਚਿਆਂ ਦੀਆਂ ਸੈਂਟਰ/ਬਲਾਕ ਪੱਧਰ ਦੀਆਂ ਖੇਡਾਂ ਨੂੰ ਅਧਿਆਪਕ ਆਪਣੀਆਂ ਜੇਬਾਂ ਚੋਂ ਜਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਨੇਪਰੇ ਚਾੜ੍ਹਦੇ ਹਨ। ਪਿਛਲੇ ਸਾਲ ਜਦੋਂ ਸ ਹਰਦੇਵ ਸਿੰਘ ਸਰਹਾਲੀ ਦੀ ਅਗਵਾਈ ਵਿੱਚ ਸੈਂਟਰ ਪੱਧਰ ਦੀਆਂ ਖੇਡਾਂ ਸ਼ੁਰੂ ਹੋਈਆਂ ਤਾਂ ਇਹਨਾਂ ਨੇ ਉਸ ਸਮੇਂ ਹੀ ਬਲਾਕ ਵਿੱਚ ਅਨਾਂਊਸ ਕਰ ਦਿੱਤਾ ਸੀ ਕਿ ਆਪਣੇ ਬਲਾਕ ਦੀ ਕੋਈ ਵੀ ਟੀਮ ਜੇਕਰ ਸਟੇਟ ਪੱਧਰ ਤੇ ਪੁਜੀਸ਼ਨ ਪ੍ਰਾਪਤ ਕਰਦੀ ਹੈ ਤਾਂ ਉਸ ਵਿੱਚ ਪਹਿਲੇ ਲਈ 15000/ ਹਜਾਰ, ਦੂਜੇ ਲਈ 10000/ ਹਜਾਰ ਤੇ ਤੀਜੇ ਸਥਾਨ ਤੇ ਆਉਣ ਵਾਲੀ ਟੀਮ ਲਈ 5000/ ਹਜਾਰ ਰੁਪਏ ਮੇਰੇ ਵੱਲੋਂ ਸਪੈਸ਼ਲ ਇਨਾਮ ਵਜੋਂ ਦਿੱਤੇ ਜਾਣਗੇ। ਇਸੇ ਤਰ੍ਹਾਂ ਨਿੱਜੀ ਖੇਡ ਵਾਲੇ ਬੱਚੇ ਵੀ ਜੇਕਰ ਸਟੇਟ ਪੱਧਰ ਤੇ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨ ਪ੍ਰਾਪਤ ਕਰਦੇ ਹਨ ਤਾਂ ਉਹਨਾਂ ਨੂੰ ਕ੍ਰਮਵਾਰ 3000/ , 2000/, ਤੇ 1000/ ਦੇ ਸਪੈਸ਼ਲ ਇਨਾਮ ਦਿੱਤੇ ਜਾਣਗੇ।
ਇਹਨਾਂ ਦੁਆਰਾ ਦਿੱਤੀ ਹੱਲਾਸੇਰੀ ਤੇ ਅਧਿਆਪਕਾਂ ਦੁਆਰਾ ਕਰਵਾਈ ਮਿਹਨਤ ਸਦਕਾ ਬਲਾਕ ਦੀਆਂ ਟੀਮਾਂ ਨੇ ਕਬੱਡੀ ਤੇ ਕਰਾਟਿਆਂ ਵਿੱਚੋਂ ਸਟੇਟ ਪੱਧਰ ਤੇ ਸਨਮਾਨਯੋਗ ਪੁਜੀਸ਼ਨਾਂ ਪ੍ਰਾਪਤ ਕੀਤੀਆਂ । ਬਲਾਕ ਅਫਸਰ ਸਾਹਿਬ ਨੇ ਸਰਕਾਰੀ ਪ੍ਰਾਇਮਰੀ ਸਕੂਲ ਭੱਠਾਧੂਹਾ ਚ ਇਹਨਾਂ ਜੇਤੂ ਬੱਚਿਆਂ ਦੇ ਸਨਮਾਨ ਵਿੱਚ ਇੱਕ ਸਮਾਗਮ ਰੱਖ ਕੇ ਉਕਤ ਐਲਾਨੀ ਰਾਸ਼ੀ ਬੱਚਿਆਂ ਨੂੰ ਸਨਮਾਨ ਵਜੋਂ ਦੇ ਕੇ ਆਪਣਾ ਕੀਤਾ ਵਾਅਦਾ ਨਿਭਾਇਆ। ਇਸ ਸਾਲ ਦੇ ਖੇਡ ਸੀਜਨ ਸ਼ੁਰੂ ਹੁੰਦੇ ਹੀ ਇਹਨਾਂ ਵੱਲੋਂ ਪਿਛਲੇ ਸਾਲ ਵਾਲੀ ਰਾਸ਼ੀ ਹੀ ਦੁਬਾਰਾ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਲਈ ਐਲਾਨ ਕੀਤੀ ਗਈ ਹੈ। ਇਸ ਤਰ੍ਹਾਂ ਆਉਣ ਵਾਲੇ ਸਮੇਂ ਦੀ ਯੋਜਨਬੰਦੀ ਬਾਰੇ ਉਹਨਾਂ ਨਾਲ ਗੱਲਬਾਤ ਕਰਦਿਆਂ ਪਤਾ ਲੱਗਾ ਕਿ ਉਹ ਖੇਡ ਸੀਜਨ ਲੰਘੇ ਤੋਂ ਬਾਅਦ ਬਲਾਕ ਪੱਧਰ ਤੇ ਵਿੱਦਿਅਕ ਮੁਕਾਬਲੇ ਕਰਵਾਉਣ ਦੀ ਸੋਚ ਧਾਰੀ ਬੈਠੇ ਹਨ ਤਾਂ ਜੋ ਬੱਚੇ ਖੇਡਾਂ ਦੇ ਨਾਲ-ਨਾਲ ਵੱਖ ਵੱਖ ਵਿੱਦਿਅਕ ਮੁਕਾਬਲਿਆਂ ਵਿੱਚ ਵੀ ਅੱਗੇ ਜਾਣ। ਬਲਾਕ ਦੇ ਪ੍ਰਾਇਮਰੀ ਸਕੂਲਾਂ ਜਿਹਨਾਂ ਵਿੱਚੋਂ ਬਹੁਤੇ ਸਕੂਲ ਦਰਿਆ ਸਤਲੁਜ ਦੀ ਬੇਟ ਵਿੱਚ ਪੈਂਦੇ ਹਨ ਤੇ ਇਹਨਾਂ ਚੋਂ ਕੁਝ ਪਿੰਡ ਨਸ਼ਿਆਂ ਦੀ ਵਿਕਰੀ ਲਈ ਵੀ ਮਸ਼ਹੂਰ ਹਨ , ਉਹਨਾਂ ਚ ਪੜ੍ਹਦੇ ਬੱਚਿਆਂ ਲਈ ਇਹੋ ਜਿਹੀ ਸੱਚੀ ਤੇ ਸੁੱਚੀ ਸੋਚ ਰੱਖਣੀ ਸ਼ਾਇਦ ਇਸ ਕਾਬਲ ਬਲਾਕ ਅਫਸਰ ਦੇ ਹਿੱਸੇ ਹੀ ਆਇਆ ਹੈ। ਸਿੱਖਿਆ ਤੇ ਖੇਡਾਂ ਤੋਂ ਇਲਾਵਾ ਦਫ਼ਤਰੀ ਕੰਮਕਾਜ ਲਈ ਵੀ ਸੁਹਿਰਦ ਇਸ ਬਲਾਕ ਅਫਸਰ ਵੱਲੋਂ ਹਰ ਇੱਕ ਅਧਿਆਪਕ ਦੀ ਕੋਈ ਵੀ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਂਦੀ ਹੈ। ਪਰਿਵਾਰ ਚ ਇੱਕ ਆਦਰਸ਼ ਅਧਿਆਪਕਾ ਵਜੋਂ ਹੀ ਸੇਵਾ ਨਿਭਾਅ ਰਹੀ ਆਪ ਦੀ ਧਰਮ ਪਤਨੀ ਸ਼੍ਰੀਮਤੀ ਕੁਲਵਿੰਦਰ ਕੌਰ ਅਤੇ ਕੈਨੇਡਾ ਵਿਚ ਉਚੇਰੀ ਪੜ੍ਹਾਈ ਕਰ ਰਿਹਾ ਬੇਟਾ ਅਦੇਸ਼ਵੀਰ ਸਿੰਘ ਤੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਬੇਟੀ ਰਵਨੀਤ ਕੌਰ ਦਾ ਵੀ ਆਪ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਕਾਮਨਾਂ ਕਰਦੇ ਹਾਂ ਕਿ ਸਿੱਖਿਆ ਤੇ ਖੇਡਾਂ ਨੂੰ ਪ੍ਰਣਾਏ ਹੋਏ ਇਸ ਬਲਾਕ ਅਫਸਰ ਨੂੰ ਪਰਮਾਤਮਾ ਤੰਦਰੁਸਤ ਤੇ ਲੰਮੀ ਉਮਰ ਬਖਸ਼ੇ ਤਾਂ ਜੋ ਆਪਣੀ ਆਉਣ ਵਾਲੀ ਜਿੰਦਗੀ ਵੀ ਇਹਨਾਂ ਨੰਨੇ-ਮੁੰਨੇ ਬੱਚਿਆਂ ਲਈ ਤੇ ਸਮਾਜ ਨੂੰ ਚੰਗਾ ਬਣਾਉਣ ਹਿੱਤ ਰਾਹ ਦਸੇਰਾ ਬਣ ਲੇਖੇ ਲਾਉਂਦੇ ਰਹਿਣ।
ਆਮੀਨ ।
ਜ਼ਿੰਦਗੀ ਜਿੰਦਾਬਾਦ।
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ ( ਲੁਧਿ:)
8437600371

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 07/10/2024
Next articleਬੁੱਧ ਚਿੰਤਨ/ ਬੁੱਧ ਬਾਣ