(ਸਮਾਜ ਵੀਕਲੀ) ਅੱਜ ਦੇ ਭੌਤਿਕਵਾਦੀ ਸਮਾਜ ਵਿੱਚ ਮਨੁੱਖ ਆਪਣੀ ਜੀਵਨ ਸ਼ੈਲੀ ਵਿੱਚ ਇਸ ਤਰ੍ਹਾਂ ਉਲਝ ਗਿਆ ਹੈ ਕਿ ਉਹ ਸਿਹਤ ਦੇ ਮੂਲ ਸਿਧਾਂਤਾਂ ਨੂੰ ਭੁਲ੍ਹ ਗਿਆ ਹੈ। ਅਸਲ ਸਿਹਤ ਅਤੇ ਲੰਮੀ ਉਮਰ ਦਾ ਰਾਜ ਕੋਈ ਰਾਜ਼ ਨਹੀਂ, ਸਗੋਂ ਸਧਾਰਣ ਜੀਵਨ, ਸਧਾਰਣ ਖਾਣ ਪੀਣ ਤੇ ਕੁਦਰਤ ਵਿੱਚ ਹੀ ਹੀ ਲੁਕਿਆ ਹੋਇਆ ਹੈ।
ਸਾਦਾ ਖਾਣਾ — ਤੰਦਰੁਸਤੀ ਦੀ ਜੜ੍ਹ
ਸਾਦਾ ਖਾਣਾ ਦਾ ਅਰਥ ਹੈ — ਘਰੇਲੂ, ਤਾਜ਼ਾ, ਘੱਟ ਤੇਲ ਮਸਾਲਿਆਂ ਵਾਲਾ ਤੇ ਪਾਚਨਯੋਗ ਭੋਜਨ। ਜਿਵੇਂ:
ਦਾਲ-ਫੁਲਕਾ
ਉਬਲੀਆਂ ਹੋਈ ਸਬਜ਼ੀਆਂ
ਘਰ ਦਾ ਬਣਿਆ ਦੁੱਧ, ਦਹੀਂ ਅਤੇ ਲੱਸੀ
ਫਲ ਅਤੇ ਹਰੀ ਪੱਤਿਆਂ ਵਾਲੀਆਂ ਸਬਜ਼ੀਆਂ
ਜਦੋਂ ਮਨੁੱਖ ਸਧਾਰਣ ਅਤੇ ਸਿਹਤਮੰਦ ਭੋਜਨ ਨੂੰ ਆਪਣੇ ਜੀਵਨ ਦਾ ਅੰਗ ਬਣਾਉਂਦਾ ਹੈ ਤਾਂ ਉਹ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ ਅਤੇ ਦਿਲ ਦੀਆਂ ਬਿਮਾਰੀਆਂ ਆਮ ਤੌਰ ‘ਤੇ ਅਸੰਤੁਲਿਤ ਤੇ ਵਧੇਰੇ ਚਟਪਟੇ ਭੋਜਨ ਕਾਰਨ ਹੀ ਹੁੰਦੀਆਂ ਹਨ।
ਸਾਦਾ ਪਹਿਨਾਵਾ — ਆਰਾਮ ਤੇ ਸਾਦਗੀ ਦਾ ਮਿਲਾਪ
ਸਾਫ, ਸੁਥਰਾ, ਆਰਾਮਦਾਇਕ ਅਤੇ ਮੌਸਮ ਅਨੁਕੂਲ ਪਹਿਰਾਵਾ ਸਿਰਫ ਬਾਹਰੀ ਦਿੱਖ ਨਹੀਂ, ਸਗੋਂ ਸਰੀਰ ਨੂੰ ਅੰਦਰੂਨੀ ਆਰਾਮ ਪ੍ਰਦਾਨ ਕਰਦਾ ਹੈ। ਜਦੋਂ ਅਸੀਂ ਬਿਨਾ ਵਿਅਰਥ ਵਿਖਾਵੇ ਦੇ ਸਾਫ-ਸੁਥਰੇ ਤੇ ਸੁਚੱਜੇ ਕੱਪੜੇ ਪਾਹੁੰਦੇ ਹਾਂ, ਤਾਂ ਅਸੀਂ ਆਪਣੇ ਆਪ ਵਿੱਚ ਆਤਮ-ਸੰਤੋਸ਼ ਮਹਿਸੂਸ ਕਰਦੇ ਹਾਂ। ਇਹ ਸਾਦਗੀ ਸਾਨੂੰ ਹੰਕਾਰ ਅਤੇ ਹੋੜ ਤੋਂ ਦੂਰ ਰੱਖਦੀ ਹੈ।
ਉਮਰ ਵਧਾਓ — ਸਿਹਤਮੰਦ ਜੀਵਨ ਰਾਹੀਂ
ਸਧਾਰਣ ਆਹਾਰ ਅਤੇ ਜੀਵਨ ਸ਼ੈਲੀ ਲੰਮੀ ਉਮਰ ਦੇ ਮੂਲ ਸੂਤਰ ਹਨ। ਆਧੁਨਿਕ ਵਿਗਿਆਨ ਵੀ ਇਹ ਗੱਲ ਮੰਨਦਾ ਹੈ ਕਿ:
ਘੱਟ ਤੇਲ-ਨਮਕ ਵਾਲਾ ਆਹਾਰ
ਰੋਜ਼ਾਨਾ ਕਸਰਤ
ਸਮੇਂ ਤੇ ਨੀਂਦ
ਤਣਾਅ ਤੋਂ ਰਹਿਤ ਮਨੋਵਸਥਾ
ਇਹ ਸਭ ਚੀਜ਼ਾਂ ਮਨੁੱਖ ਦੀ ਉਮਰ ਨੂੰ ਨਿਰੋਗ ਅਤੇ ਲੰਬਾ ਬਣਾਉਂਦੀਆਂ ਹਨ।
ਆਧੁਨਿਕਤਾ ਵਿੱਚ ਸਾਦਗੀ — ਇੱਕ ਸੰਭਵ ਚੋਣ
ਕਈ ਲੋਕ ਸੋਚਦੇ ਹਨ ਕਿ ਆਧੁਨਿਕ ਯੁੱਗ ਵਿੱਚ ਸਾਧਗੀ ਸੰਭਵ ਨਹੀਂ, ਪਰ ਅਸਲ ਵਿਚ ਇਹ ਮਨ ਦੀ ਚੋਣ ਹੈ। ਜੇ ਅਸੀਂ ਆਪਣੇ ਜੀਵਨ ਵਿਚ ਸਧਾਰਣਤਾ, ਨਿਯਮ ਅਤੇ ਸੰਤੁਲਨ ਨੂੰ ਲਾਗੂ ਕਰ ਲਈਏ ਤਾਂ ਅਸੀਂ ਆਧੁਨਿਕ ਸਮਾਜ ਵਿੱਚ ਰਹਿੰਦੇ ਹੋਏ ਵੀ ਆਤਮਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਰਹਿ ਸਕਦੇ ਹਾਂ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



