ਧਰਤੀ ਪਾਣੀ ਹਵਾ ਤੇ ਰੁੱਖ

(ਸਮਾਜ ਵੀਕਲੀ) 

ਡੁੱਲ੍ਹੇ ਬੇਰਾਂ ਨੂੰ ਚੁੱਕ ਝੋਲੀ ਪਾ ਸੱਜਣਾ
ਧਰਤੀ ਪਾਣੀ ਹਵਾ ਤੇ ਰੁੱਖ ਬਚਾ ਸੱਜਣਾ

ਹੱਥੋਂ ਲੰਘ ਗਿਆ ਵੇਲਾ ਮੁੜ ਹੱਥ ਆਉਣਾ ਨਹੀਂ
ਗੂੜ੍ਹੀ ਨੀਂਦ ਚੋਂ ਉੱਠ ਜਾਹ ਕਿਸੇ ਜਗਾਉਣਾ ਨਹੀਂ
ਵਾਤਾਵਰਣ ਬਚਾਉਣ ਲਈ ਕਦਮ ਉਠਾ ਸੱਜਣਾ
ਧਰਤੀ ਪਾਣੀ ਹਵਾ ਤੇ ਰੁੱਖ………..

ਬਾਣੀ ਦਾ ਵੀ ਸੱਜਣਾ ਇਹੀਓ ਹੋਕਾ ਏ
ਆਪਣੇ ਆਪ ਦੇ ਨਾਲ  ਕਿਉਂ ਕਰਦਾ ਧੋਖਾ ਏ
ਕਾਬੂ ਆਪਣੀਆਂ ਲੋੜਾਂ ਉੱਤੇ ਪਾ ਸੱਜਣਾ
ਧਰਤੀ ਪਾਣੀ ਹਵਾ ਤੇ ਰੁੱਖ………..

ਕੁਦਰਤ ਦੇ ਸਰੋਤ ਨੇ ਤੋਹਫ਼ੇ ਨਿਆਮਤਾਂ ਦੇ
ਦੇਖੀ ਦਿਨ ਨਾ ਆ ਜਾਣ ਕਹਿਰ ਕਿਆਮਤਾਂ ਦੇ
ਸੁੱਤੀ ਪਈ ਜਮੀਰ ਤੂੰ ਯਾਰ ਜਗਾ ਸੱਜਣਾ
ਧਰਤੀ ਪਾਣੀ ਹਵਾ ਤੇ ਰੁੱਖ………..

ਇਹ ਹਨ ਰੱਬੀ ਦਾਤਾਂ ਕਦਰਾਂ ਕਰ ਲਈਏ
ਆਓ ਇਹਨਾਂ ਦੀ ਰੱਖਿਆ ਲਈ ਦਮ ਭਰ ਲਈਏ
ਰੁੱਖ ਮਨੁੱਖ ਦੀ ਸਾਂਝ ਨੂੰ ਗਲ਼ ਨਾਲ ਲਾ ਸੱਜਣਾ
ਧਰਤੀ ਪਾਣੀ ਹਵਾ ਤੇ ਰੁੱਖ………..

ਧਰਤੀ ਹੇਠੋਂ ਪਾਣੀ ਮੁੱਕ ਜਾਊ ਖ਼ਬਰਾਂ ਨੇ
‘ਚੁੰਬਰਾ’ ਦੱਸ ਕਿਉਂ ਬੰਨ੍ਹ ਤੋੜੇ ਨੇ ਸਬਰਾਂ ਨੇ
ਕੁਦਰਤ ਸੰਗ ਨਾ ਲੈ ਤੂੰ ਆਹਢਾ ਫਾਹ ਸੱਜਣਾ
ਧਰਤੀ ਪਾਣੀ ਹਵਾ ਤੇ ਰੁੱਖ………..

 ਪੇਸ਼ਕਸ਼ – ਕੁਲਦੀਪ ਚੁੰਬਰ ਕਨੇਡਾ

 604-902-3237

Previous articleਛੁੱਟੀਆਂ ਵਿੱਚ ਘੁੰਮਣ ਸਮੇਂ ਧਿਆਨ ਰੱਖਣ ਯੋਗ ਗੱਲਾਂ
Next articleMeeting with Dhammamitras and Dhammasahayaks of Kodungalur, Thrissur District, Kerala