(ਸਮਾਜ ਵੀਕਲੀ)
ਪੁੱਤ ਕਪੁੱਤ ਹੁੰਦੇ ਤਾਂ ਸੁਣੇ ਸੀ ਧੰਨ ਕੁਰੇ ਆਹ ਕਲਯੁਗ ਵਿੱਚ ਮਾਪੇ ਵੀ ਕੁਮਾਪੇ ਹੋ ਜਾਣਗੇ ਕਦੇ ਸੋਚਿਆ ਨਹੀਂ ਸੀ।ਜਾਗਰ ਸਰਪੰਚ ਹੁਣੇ ਹੁਣੇ ਕਰਵਾ ਕੇ ਆਏ ਝਗੜੇ ਨਬੇੜੇ ਤੋਂ ਔਖਾ ਜਿਹਾ ਹੁੰਦਿਆਂ ਬੋਲਿਆ।ਕੀ ਗੱਲ ਕਿੰਦੇ ਦੇ ਬਾਪੂ ਸੁੱਖ ਤਾਂ ਹੈ। ਕਾਹਦੀ ਸੁੱਖ ਧੰਨ ਕੁਰੇ ਆਹ ਸਰਪੰਚੀ ਵੀ ਜੀਅ ਦਾ ਜੰਜਾਲ ਹੀ ਹੈ। ਸੱਚ ਲੋਕ ਕਹਿਣ ਨਹੀਂ ਦਿੰਦੇ ਝੂਠ ਦੇ ਹਮੈਤੀ ਬਣਦੇ।ਨਾ ਗੱਲ ਕੀ ਹੋਈ?
ਹੋਣਾ ਕੀ ਸੀ ਆਹ ਵੱਢ ਖਾਣਿਆ ਦੇ ਕੈਲੇ ਨੇ ਪਹਿਲਾਂ ਆਪਣੇ ਹੀ ਪੁੱਤ ਤੋਂ ਕੁੜੀ ਦੇ ਵਿਆਹ ਤੇ ਸੱਤ ਲੱਖ ਲਾ ਕੇ ਚੌਦਾਂ ਲੱਖ ਦਾ ਖ਼ਰਚ ਦਿਖਾ ਮੁੰਡੇ ਤੋਂ ਨੌਂ ਲੱਖ ਰੁਪਏ ਲੈ ਗਿਆ। ਅਤੇ ਜਿਹੜੀ ਜ਼ਮੀਨ ਉਹ ਠੇਕੇ ਤੇ ਲੈਂਦਾ ਸੀ ਉਹ ਆਪ ਲੈ ਗਿਆ। ਬੇਈਮਾਨੀ ਦੀ ਵੀ ਹੱਦ ਹੁੰਦੀ ਹੈ। ਅੱਜ ਤਾਂ ਅੱਤ ਹੀ ਹੋ ਗਈ। ਮੁੰਡੇ ਦੀ ਝੋਨੇ ਦੀ ਫ਼ਸਲ ਪਾਣੀ ਵੱਲੋਂ ਸੁੱਕ ਰਹੀ ਸੀ ਪਰ ਆਪ ਲਾਟ ਸਾਬ੍ਹ ਟ੍ਰਾਂਸਫਾਰਮਰ ਨੂੰ ਹੀ ਜ਼ਿੰਦਰਾ ਮਾਰ ਆਇਆ।
ਹਏ -ਹਏ ਕਿੰਦੇ ਦੇ ਬਾਪੂ ਹਨੇਰੇ ਸਾਈਂ ਦਾ।ਲੋੜ੍ਹਾ ਆ ਗਿਆ।ਲੋੜ੍ਹਾ ਤਾਂ ਆ ਗਿਆ ਧੰਨ ਕੁਰੇ ਉਸ ਦੇ ਬੇਈਮਾਨੇ ਨੇ ਕੜੀ ਵਰਗਾ ਨੌਜਵਾਨ ਪੁੱਤ ਖਾ ਲਿਆ।ਟੈਨਸ਼ਨ ਦੀ ਮਾਰ ਦਿਲ ਦਾ ਦੌਰਾ ਪੈ ਗਿਆ ਤੇ ਮੋਟਰ ਤੇ ਹੀ ਢੇਰੀ ਹੋ ਗਿਆ। ਪਤਾ ਨਹੀਂ ਇਕਲੌਤੇ ਪੁੱਤ ਨਾਲ਼ ਕੀਤੀ ਬੇਈਮਾਨੀ ਦੇ ਪੈਸੇ ਦਾ ਕੀ ਕਰੂਗਾ।ਸਮਝ ਤੋਂ ਬਾਹਰ ਹੈ ਧੰਨ ਕੁਰੇ।ਘੋਰ ਕਲਯੁਗ ਆ ਗਿਆ।
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ 9872299613