ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ
ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਪਿਛਲੀ ਦਿਨੀਂ 19 ਨਵੰਬਰ ਦਿਨ ਮੰਗਲਵਾਰ ਨੂੰ ਦਲਬੀਰ ਸਿੰਘ ਪੁੱਤਰ ਦਾਰਾ ਸਿੰਘ ਨੂੰ ਦੁਬਈ ਤੋਂ ਅਜਿਹਾ ਫੋਨ ਆਇਆ ਜਿਸ ਨਾਲ ਉਸਦੀ ਹੱਸਦੀ ਵੱਸਦੀ ਦੁਨੀਆਂ ਹੀ ਉੱਜੜ ਗਈ। ਫੋਨ ਸੁਣਦਿਆਂ ਸਾਰ ਹੀ ਦਲਬੀਰ ਸਿੰਘ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਕਿਉਂਕਿ ਦੁੱਬਈ ਵਿਖੇ ਰੋਜ਼ੀ ਰੋਟੀ ਕਮਾਉਣ ਖਾਤਰ ਗਏ ਇਕਲੌਤੇ ਨੌਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਜੋਂ ਮਿਲੀ ਸੀ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਬੀਰ ਸਿੰਘ ਪੁੱਤਰ ਦਾਰਾ ਸਿੰਘ ਹਾਲ ਵਾਸੀ ਲਕਸ਼ਮੀ ਨਗਰ ਕਪੂਰਥਲਾ ਨੇ ਦੱਸਿਆ ਕਿ ਉਸਦਾ ਨੌਜਵਾਨ ਪੁੱਤਰ ਲਵਪ੍ਰੀਤ ਸਿੰਘ ਉਮਰ 27 ਸਾਲ ਇੱਕ ਸਾਲ ਇੱਕ ਮਹੀਨੇ ਪਹਿਲਾਂ ਅਪਣੇ ਘਰ ਦੀ ਗਰੀਬੀ ਨੂੰ ਹਟਾਉਣ ਲਈ ਰੋਜ਼ੀ ਰੋਟੀ ਕਮਾਉਣ ਦੀ ਖਾਤਿਰ ਅਪਣੇ ਕਿਸੇ ਰਿਸ਼ਤੇਦਾਰ ਕੋਲ ਦੁੱਬਈ ਵਿਖੇ ਕਿਸੇ ਪ੍ਰਾਈਵੇਟ ਕੰਪਨੀ ਵਿਚ ਲੇਬਰ ਦੀ ਨੌਕਰੀ ਕਰਨ ਲਈ ਗਿਆ ਸੀ। ਦਲਬੀਰ ਸਿੰਘ ਨੇ ਦੱਸਿਆ ਕਿ ਕੰਪਨੀ ਵਿੱਚ ਉਸਦੇ ਨਾਲ ਕੰਮ ਕਰਦੇ ਭੂਆ ਦੇ ਜੁਆਈ ਜਤਿੰਦਰ ਸਿੰਘ ਵਾਸੀ ਦਰਵੇਸ (ਫਗਵਾੜਾ) ਨੇ ਦੱਸਿਆ ਸੀ ਕਿ ਲਵਪ੍ਰੀਤ ਸਿੰਘ ਨੂੰ ਸੋਮਵਾਰ ਨੂੰ ਥੋੜਾ ਬੁਖ਼ਾਰ ਹੋਇਆ ਸੀ ਅਤੇ ਉਸਦੇ ਨਾਲ ਹੀ ਕਮਰੇ ਵਿਚ ਰਹਿੰਦਾ ਸੀ ਅਤੇ ਦੂਜੇ ਦਿਨ ਮੰਗਲਵਾਰ ਨੂੰ ਮੈਂ ਕੰਮ ਤੇ ਚਲਾ ਗਿਆ ਸੀ ਤਾਂ ਪਤਾ ਲੱਗਾ ਕਿ ਮਗਰੋਂ ਲਵਪ੍ਰੀਤ ਸਿੰਘ ਦੀ ਹਾਲਤ ਜਿਆਦਾ ਖਰਾਬ ਹੋ ਗਈ ਹੈ ਤਾਂ ਮੈ ਵਾਪਿਸ ਕੰਮ ਤੋਂ ਆ ਕੇ ਹਸਪਤਾਲ਼ ਵਿੱਚ ਲੈ ਕੇ ਗਏ । ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਦਲਬੀਰ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਲਵਪ੍ਰੀਤ ਸਿੰਘ ਨੇ ਮੌਤ ਤੋਂ ਦੋ ਦਿਨ ਪਹਿਲਾਂ ਹੀ ਆਪਣੀ ਤਨਖਾਹ ਭੇਜੀ ਸੀ । ਉਸਨੇ ਦੱਸਿਆ ਕਿ ਕਾਫੀ ਸਾਲ ਪਹਿਲਾਂ ਵੀ ਲਵਪ੍ਰੀਤ ਸਿੰਘ ਕਾਫੀ ਜਿਆਦਾ ਬੀਮਾਰ ਹੋ ਗਿਆ ਸੀ ਤੇ ਪੀਜੀਆਈ ਚੰਡੀਗੜ੍ਹ ਵਿਖੇ ਉਸਦਾ ਇਲਾਜ ਕਰਵਾਇਆ ਗਿਆ ਸੀ ਤੇ ਉਸ ਸਮੇਂ ਸਾਡਾ ਪਿੰਡ ਖੁਖਰੈਣ ਜਿਲਾ ਕਪੂਰਥਲਾ ਵਿਖੇ ਜੱਦੀ ਘਰ ਵੀ ਸੀ ਜੋਂ ਸਾਨੂੰ ਇਸਦੇ ਇਲਾਜ ਦੌਰਾਨ ਆਏ ਭਾਰੀ ਖਰਚ ਕਾਰਨ ਮਜਬੂਰੀ ਵੱਸ ਵੇਚਣਾ ਪਿਆ ਸੀ। ਉਦੋ ਤੋ ਹੀ ਅਸੀਂ ਕਿਰਾਏ ਦੇ ਮਕਾਨ ਵਿਚ ਪਰਿਵਾਰ ਸਮੇਤ ਰਹਿੰਦੇ ਹਾਂ। ਉਸਨੇ ਦੱਸਿਆ ਕਿ ਲਵਪ੍ਰੀਤ ਸਿੰਘ ਚਾਰ ਭੈਣਾਂ ਦਾ ਲਾਡਲਾ ਅਤੇ ਇਕਲੌਤਾ ਭਰਾ ਸੀ ਅਤੇ ਮਾਂ ਕੰਵਲਜੀਤ ਕੌਰ ਦੀਆਂ ਅੱਖਾਂ ਦਾ ਤਾਰਾ ਸੀ । ਦਲਬੀਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਅਤੇ ਸਾਰੇ ਪਰਿਵਾਰ ਨੇ ਦਿਲ ਵਿਚ ਕਈ ਸੁਪਨੇ ਸੰਜੋਏ ਹੋਏ ਸੀ। ਜੋ ਸਭ ਉਸਦੀ ਮੌਤ ਦੇ ਨਾਲ ਹੀ ਖਤਮ ਹੋ ਗਏ। ਦਲਬੀਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਨੂੰ ਇਕਲੌਤਾ ਪੁੱਤਰ ਹੋਣ ਕਰਕੇ ਵਿਦੇਸ਼ ਨਹੀ ਸੀ ਭੇਜਣਾ ਚਾਹੁੰਦੇ ਪਰ ਲਵਪ੍ਰੀਤ ਸਿੰਘ ਦਾ ਸੁਪਨਾ ਸੀ ਕਿ ਵਿਦੇਸ਼ ਵਿੱਚ ਕੰਮਕਾਰ ਕਰਕੇ ਪੈਸੇ ਕਮਾ ਕੇ ਦੁਬਾਰਾ ਘਰ ਬਣਾ ਕੇ ਆਪਣੀਆਂ ਦੋ ਕੁਆਰੀਆਂ ਭੈਣਾਂ ਦਾ ਵਧੀਆ ਢੰਗ ਨਾਲ ਵਿਆਹ ਕਰਨਾ ਚਾਹੁੰਦਾ ਸੀ ਇਸ ਲਈ ਅਸੀਂ ਵਿਆਜ ਤੇ ਪੈਸੇ ਚੁੱਕ ਕੇ ਉਸਨੂੰ ਵਿਦੇਸ਼ ਭੇਜ ਦਿੱਤਾ ਪਰ ਸਾਨੂੰ ਕੀ ਪਤਾ ਸੀ ਕਿ ਉਸਦੀ ਲਾਸ਼ ਹੀ ਘਰ ਆਉਣੀ ਹੈ ਉਸਨੇ ਰੋਂਦੇ ਹੋਏ ਕਿ ਹੁਣ ਸਭ ਕੁਝ ਖਤਮ ਹੋ ਗਿਆ ਹੈ। ਲਵਪ੍ਰੀਤ ਸਿੰਘ ਦੀ ਮੌਤ ਨਾਲ ਪਰਿਵਾਰ ਡੂੰਘੇ ਸਦਮੇਂ ਵਿੱਚ ਹੈ ਅਤੇ ਮਾਂ, ਭੈਣਾਂ, ਅਤੇ ਪਿਤਾ ਦਾ ਰੋ ਰੋ ਬੁਰਾ ਹਾਲ ਹੈ। ਦਲਬੀਰ ਸਿੰਘ ਮੁਤਾਬਕ ਲਵਪ੍ਰੀਤ ਸਿੰਘ ਦੀ ਲਾਸ਼ ਦੁਬਈ ਵਿੱਚ ਰਹਿੰਦੇ ਰਿਸ਼ਤੇਦਾਰ ਦੀ ਮਦਦ ਅਤੇ ਲੋੜੀਂਦੀ ਕਾਰਵਾਈ ਤੋ ਬਾਦ ਚਾਰ ਪੰਜ ਦਿਨਾਂ ਵਿੱਚ ਆਉਣ ਦੀ ਸੰਭਾਵਨਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly