ਈ-ਰਿਕਸ਼ਾ ਤੇ ਆਟੋ ਰਿਕਸ਼ਾ ਚਾਲਕਾਂ ਦੇ ਲਰਨਿੰਗ ਲਾਇਸੰਸ ਬਣਾਉਣ ਸਬੰਧੀ ਵਿਸ਼ੇਸ਼ ਮੁਹਿੰਮ 5 ਅਗਸਤ ਤੋਂ

ਅਮਨਪ੍ਰੀਤ ਸਿੰਘ

ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸ਼ਹਿਰ ਦੇ ਈ-ਰਿਕਸ਼ਾ ਅਤੇ ਆਟੋ ਰਿਕਸ਼ਾ ਚਾਲਕਾਂ ਦੇ ਲਰਨਿੰਗ ਲਾਇਸੈਂਸ ਬਣਾਉਣ ਲਈ ਆਰ.ਟੀ.ਓ. ਦਫ਼ਤਰ ਵੱਲੋਂ 5 ਅਗਸਤ ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਰੀਜਨਲ ਟਰਾਂਸਪੋਰਟ ਅਫ਼ਸਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਈ-ਰਿਕਸ਼ਾ ਤੇ ਆਟੋ ਰਿਕਸ਼ਾ ਚਾਲਕਾਂ ਨੂੰ ਲਰਨਿੰਗ ਲਾਇਸੈਂਸ ਬਣਾਉਣ ਵਿੱਚ ਸਹਿਯੋਗ ਦੇਣ ਲਈ ਆਰ.ਟੀ.ਓ. ਦਫ਼ਤਰ ਵੱਲੋਂ ਇਹ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਈ-ਰਿਕਸ਼ਾ ਤੇ ਆਟੋ ਰਿਕਸ਼ਾ ਚਾਲਕਾਂ ਪਾਸ ਡਰਾਈਵਿੰਗ ਲਾਇਸੰਸ ਨਹੀਂ ਹੈ, ਉਹ ਲਰਨਿੰਗ ਲਾਇਸੈਂਸ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਏ.ਆਰ.ਟੀ.ਓ. ਵਿਸ਼ਾਲ ਗੋਇਲ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲਰਨਿੰਗ ਲਾਇਸੈਂਸ ਬਣਾਉਣ ਵਿੱਚ ਮਦਦ ਲਈ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ ਵਿਖੇ ਵਿਸ਼ੇਸ਼ ਕਾਊਂਟਰ ਸਥਾਪਤ ਕੀਤਾ ਜਾ ਰਿਹਾ ਹੈ, ਜਿਥੇ ਸਮਰਪਿਤ ਕਰਮਚਾਰੀ ਨੂੰ ਤਾਇਤਾਨ ਕੀਤਾ ਜਾਵੇਗਾ ਤਾਂ ਜੋ ਬਿਨੈਕਾਰਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਆਰ.ਟੀ.ਓ. ਨੇ ਦੱਸਿਆ ਕਿ ਲਰਨਿੰਗ ਲਾਇਸੈਂਸ ਲਈ ਈ ਰਿਕਸ਼ਾ ਤੇ ਆਟੋ ਰਿਕਸ਼ਾ ਚਾਲਕਾਂ ਦਾ ਟੈਸਟ ਪਹਿਲ ਦੇ ਆਧਾਰ ’ਤੇ ਲਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਲਰਨਿੰਗ ਲਾਇਸੈਂਸ 180 ਦਿਨਾਂ ਲਈ ਬਣਾਇਆ ਜਾਂਦਾ ਹੈ ਅਤੇ ਚਾਲਕ ਲਰਨਿੰਗ ਲਾਇਸੈਂਸ ਬਣਨ ਤੋਂ 30 ਦਿਨਾਂ ਬਾਅਦ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸ਼ਹਿਰ ਦੀਆਂ ਸੜਕਾਂ ’ਤੇ ਈ ਰਿਕਸ਼ਾ ਤੇ ਆਟੋ ਰਿਕਸ਼ਾ ਚਲਾਉਣ ਵਾਲਾ ਹਰੇਕ ਚਾਲਕ ਲਾਇਸੰਸਧਾਰਕ ਹੋਵੇ। ਇਸ ਤੋਂ ਪਹਿਲਾਂ ਆਰ.ਟੀ.ਓ. ਅਮਨਪ੍ਰੀਤ ਸਿੰਘ ਵੱਲੋਂ ਇਸ ਮੁੱਦੇ ’ਤੇ ਵੱਖ-ਵੱਖ ਐਸੋਸੀਏਸ਼ਨਾਂ ਨਾਲ ਮੀਟਿੰਗ ਵੀ ਕੀਤੀ ਗਈ ਤਾਂ ਜੋ ਇਸ ਪਹਿਲ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਇਆ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭਾਰਤ ਵਿੱਚ 30% – 40% ਬਾਲਗ ਆਬਾਦੀ ਫੈਟੀ ਲੀਵਰ ਤੋਂ ਪੀੜਤ – ਡਾ: ਅਨਿਲ ਵਿਰਦੀ
Next articleਬਹੁ-ਰੰਗ ਕਲਾਮੰਚ ਵਲੋਂ ‘‘ਵੋਇਸ ਆਫ ਇੰਡੀਆ” ਮਹੁੰਮਦ ਰਫੀ ਜੀ ਦੀ 44ਵੀਂ ਬਰਸੀ ਤੇ ਮਿਊਜ਼ੀਕਲ ਈਵਨਿੰਗ ਦਾ ਆਯੋਜਨ ਕੀਤਾ