ਸਰਪੰਚੀ ਦੀ ਆੜ ਹੇਠ ਲੋਕਾਂ ਨੂੰ ਜਾਤਾਂ- ਪਾਤਾਂ, ਗੋਤਾਂ,ਧਰਮਾਂ ‘ਚ ਵੰਡਣ ਵਾਲਿਆਂ ਦੀ ਪਛਾਣ ਕਰੋ
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ ਪਿੰਡਾਂ ਅੰਦਰ ਸਿਆਸੀ ਕੁੜੱਤਣ ਵਧਣ ਕਾਰਨ ਲੋਕਾਂ ਦੀ ਆਪਸੀ ਭਾਈਚਾਰਕ ਸਾਂਝ ਦਾ ਵੱਡਾ ਨੁਕਸਾਨ ਹੋਇਆ ਹੈ । ਪਿੰਡਾਂ ਦਾ ਆਪਸੀ ਤਾਲਮੇਲ ਡਗਮਗਾ ਰਿਹਾ ਹੈ। ਮਨਾਂ ਵਿਚਲੀਆਂ ਦਰਾੜਾਂ ਨੇ ਸ਼ਰੀਕੇ ਦੇ ਲੋਕਾਂ ਨਾਲ ਵੀ ਸ਼ੱਕ ਖੜ੍ਹੇ ਕਰ ਦਿੱਤੇ ਹਨ। ਕਿਰਦਾਰ ਦੇ ਬੌਣੇ ਲੋਕ ਪਿੰਡਾਂ ਅੰਦਰ ਤੇਰ-ਮੇਰ ਦੀ ਜ਼ਹਿਰੀਲੀ ਫ਼ਸਲ ਬੀਜਣ ਦੀ ਕੋਝੀ ਹਰਕਤ ਕਰ ਰਹੇ ਹਨ। ਸਿਆਸੀ ਪਾਰਟੀਆਂ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਪਿੰਡਾਂ ਵਿਚ ਧੜੇਬੰਦੀਆਂ ਬਣਾ ਦਿੱਤੀਆਂ ਹਨ। ਬਹੁਤ ਜ਼ਰੂਰੀ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ ਚੁਣਨ ਸਮੇਂ ਸਿਆਸੀ ਪਾਰਟੀਆਂ ਦੀ ਦਖ਼ਲਅੰਦਾਜ਼ੀ ਬੰਦ ਹੋਵੇ। ਇਹ ਸ਼ਬਦ ਪਿੰਡ ਭਲੂਰ ਦੀ ਐਨ ਆਰ ਆਈ ਸ਼ਖ਼ਸੀਅਤ ਸਰਦਾਰ ਜੋਗਿੰਦਰ ਸਿੰਘ ਉਰਫ਼ ਬੱਲੀ ਸੰਧੂ ਨੇ ਕੈਨੇਡਾ ਤੋਂ ਇਹਨਾਂ ਸਤਰਾਂ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਵਿਆਕਤੀ ਸਰਪੰਚੀ ਦੀਆਂ ਸੇਵਾਵਾਂ ਨਿਭਾਅ ਚੁੱਕੇ ਹਨ, ਉਨ੍ਹਾਂ ਨੂੰ ਸਬਰ ਕਰਨਾ ਚਾਹੀਦਾ ਹੈ ਤਾਂ ਜੋ ਪਿੰਡ ਦੀ ਏਕਤਾ ਕਾਇਮ ਰਹਿ ਸਕੇ। ਕੋਈ ਵੀ ਇਨਸਾਨ ਅੜੀਅਲ ਵਤੀਰਾ ਅਪਨਾਅ ਕੇ ਵੱਡਾ ਨਹੀਂ ਬਣ ਸਕਦਾ ਸਗੋਂ ਦਰਿਆਦਿਲੀ ਨਾਲ ਹਰ ਕਿਸੇ ਨੂੰ ‘ਏਕਤਾ’ ਸੌਂਪਣ ਵਾਲਾ ਹੀ ਲੋਕਾਂ ਦਾ ਹਰਮਨ ਪਿਆਰਾ ਬਣਦਾ ਹੈ। ਚੰਗੇਰੀ ਤੇ ਲੰਮੇਰੀ ਸਮਝ ਰੱਖਣ ਵਾਲੇ ਨੌਜਵਾਨਾਂ ਨੂੰ ਪਿੰਡਾਂ ਦੀ ਵਾਗਡੋਰ ਸੰਭਾਲੀ ਜਾਵੇ। ਲੋਕਾਂ ਨੂੰ ਜਾਤਾਂ- ਪਾਤਾਂ, ਗੋਤਾਂ- ਧਰਮਾਂ ਵਿੱਚ ਵੰਡਣ ਵਾਲਿਆਂ ਦੀ ਪਛਾਣ ਹੋਣੀ ਚਾਹੀਦੀ ਹੈ। ਨੌਜਵਾਨਾਂ ਦੀ ਆਪਸੀ ਸਾਂਝ ਦਾ ਗਲਾ ਘੁੱਟਣ ਵਾਲਿਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ।ਇਸ ਤਰ੍ਹਾਂ ਅਸੀਂ ਫੋਕੀਆਂ ਚੌਧਰਾਂ ਦੀ ਬਾਬਤ ਕਿੰਨਾ ਕੁ ਚਿਰ ਪਿੰਡਾਂ ਵਿੱਚ ਕੁੜੱਤਣ ਦੇ ਬੀਜ਼ ਬੀਜਦੇ ਰਹਾਂਗੇ ? ਕਿੰਨਾ ਕੁ ਚਿਰ ਪਿੰਡਾਂ ਦੇ ਕੀਮਤੀ ਸਮੇਂ ਦਾ ਨੁਕਸਾਨ ਕਰਦੇ ਰਹਾਂਗੇ ? ਕੈਨੇਡੀਅਨ ਬੱਲੀ ਸੰਧੂ ਨੇ ਕਿਹਾ ਕਿ ਹੁਣ ਪਿੰਡਾਂ ਦੇ ਲੋਕਾਂ ਨੂੰ ਵੀ ਲਿਹਾਜ਼ਦਾਰੀਆਂ ਤੋਂ ਉੱਪਰ ਉੱਠ ਕੇ ਕੋਈ ਉਹ ਵਿਆਕਤੀ ਪਿੰਡ ਦਾ ਮੁੱਖੀ ਚੁਣਨਾ ਪਵੇਗਾ ਜੋ ਆਪਣੇ ਨਿੱਜੀ ਸਵਾਰਥਾਂ ਤੋਂ ਨਿਰਲੇਪ ਹੋ ਕੇ ਪਿੰਡ ਦੇ ਭਲੇ ਲਈ ਸੋਚਦਾ ਹੋਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly