ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਕੈਪਟਨ ਮਨਤੇਜ ਸਿੰਘ ਚੀਮਾ ਦੀ ਅਗਵਾਈ ਵਿਚ ਆਈ. ਟੀ. ਆਈ ਨਵਾਂਸ਼ਹਿਰ ਵਿਖੇ ਯੂਥ ਕਲੱਬਜ਼ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਜਿਵੇਂ ਸਿਹਤ, ਖੇਤੀਬਾੜੀ, ਖੇਡ, ਸਿੱਖਿਆ, ਬੈਂਕਿੰਗ, ਰੋਜ਼ਗਾਰ ਵਿਭਾਗ ਆਦਿ ਤੋਂ ਆਏ ਹੋਏ ਪ੍ਰਤੀਨਿਧੀਆਂ ਵੱਲੋਂ ਨੌਜਵਾਨਾਂ ਨੂੰ ਸਬੰਧਿਤ ਵਿਭਾਗ ਦੇ ਚੱਲ ਰਹੇ ਪ੍ਰੋਗਰਾਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕੈਪਟਨ ਮਨਤੇਜ ਸਿੰਘ ਨੇ ਟ੍ਰੇਨਿੰਗ ਵਰਕਸ਼ਾਪ ਦੀ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਯੁਵਕਾਂ ਲਈ ਇਸ ਟ੍ਰੇਨਿੰਗ ਦੌਰਾਨ ਵੱਖ-ਵੱਖ ਵਿਭਾਗਾਂ ਤੋਂ ਆਏ ਹੋਏ ਪ੍ਰਤੀਨਿਧੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਉਨ੍ਹਾਂ ਦੇ ਰੋਸ਼ਨ ਭਵਿੱਖ ਲਈ ਸਾਰਥਕ ਸਿੱਟੇ ਲੈ ਕੇ ਆਵੇਗੀ। ਸਿਵਲ ਸਰਜਨ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਤੋਂ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵੱਲੋਂ ਆਏ ਹੋਏ ਯੁਵਕਾਂ ਨੂੰ ਜਿਥੇ “ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸਵਾਦ ਗਿਆ”, “ਜਿਉਂਦੇ ਜੀਅ ਖੂਨਦਾਨ ਤੇ ਮਰਨ ਉਪਰੰਤ ਅੱਖਾਂ ਦਾਨ” ਅਤੇ “ਯੁੱਧ ਨਸ਼ਿਆਂ ਵਿਰੁੱਧ ” ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਉੱਥੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸਬੰਧੀ ਵੀ ਜਾਣੂ ਕਰਵਾਇਆ। ਇਸ ਮੌਕੇ ਤਰਸੇਮ ਲਾਲ ਨੇ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ, ਹਫ਼ਤਾਵਾਰੀ ਆਇਰਨ ਅਤੇ ਫੋਲਿਕ ਐਸਿਡ ਸਪਲੀਮੈਂਟ ਪ੍ਰੋਗਰਾਮ, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕਰਮ, ਐਮਰਜੈਂਸੀ ਰਿਸਪਾਂਸ ਸਰਵਿਸ, 108 ਟੋਲ ਫਰੀ ਮੈਡੀਕਲ ਹੈਲਪਲਾਈਨ ਨੰਬਰ 104, ਮੋਬਾਈਲ ਮੈਡੀਕਲ ਯੂਨਿਟ, ਰਾਸ਼ਟਰੀ ਬਾਲ ਸਵੱਸਥ ਕਾਰਿਆਕਰਮ ਅਧੀਨ ਬੱਚਿਆਂ ਦਾ ਮੁਫ਼ਤ ਇਲਾਜ, ਡੇਂਗੂ, ਚਿਕਨਗੁਨੀਆ, ਮਲੇਰੀਆ ਦਾ ਇਲਾਜ ਮੁਫ਼ਤ,ਕੋਰਨੀਅਲ ਅੰਨ੍ਹਾਪਣ ਮੁਕਤ ਪੰਜਾਬ, ਆਯੂਰਵੈਦਾ, ਮੁਫ਼ਤ ਟੀਕਾਕਰਨ, ਬੇਟੀ ਬਚਾਓ, ਬੇਟੀ ਪੜ੍ਹਾਓ, ਨੈਸ਼ਨਲ ਟੀਬੀ ਕੰਟਰੋਲ ਪ੍ਰੋਗਰਾਮ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਤੇ ਹੋਰ ਪ੍ਰੋਗਰਾਮਾਂ ਤੇ ਐਨ. ਸੀ. ਡੀ ਤਹਿਤ ਵਿਸਥਾਰਪੂਰਵਕ ਸਿਹਤ ਸਿੱਖਿਆ ਦਿੱਤੀ। ਇਸ ਮੌਕੇ ਰੋਜ਼ਗਾਰ ਦਫਤਰ ਸ਼ਹੀਦ ਭਗਤ ਸਿੰਘ ਨਗਰ ਤੋਂ ਆਏ ਪ੍ਰਤੀਨਿਧੀਆਂ ਵੱਲੋਂ ਵੱਖ-ਵੱਖ ਵਿਭਾਗਾਂ ਵਿਚ ਭਰਤੀ ਸਬੰਧ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਆਸਾਮੀਆਂ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਸੰਬੰਧੀ ਦੱਸਿਆ। ਟ੍ਰੇਨਿੰਗ ਸੈਸ਼ਨ ਦੌਰਾਨ ਖੇਡ ਵਿਭਾਗ ਤੋਂ ਆਏ ਗੁਰਪ੍ਰੀਤ ਸਿੰਘ ਨੇ ਯੁਵਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵਿਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੋਕੇ ਮੌਜੂਦ ਯੁਵਕਾਂ ਵੱਲੋਂ ਆਪਣਾ ਉਤਸ਼ਾਹ ਦਰਸਾਉਂਦੇ ਹੋਏ ਇਸ ਟ੍ਰੇਨਿੰਗ ਦਾ ਪੂਰਾ ਲਾਭ ਲਿਆ ਗਿਆ ਅਤੇ ਟ੍ਰੇਨਰਾਂ ਦੁਆਰਾ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj