ਅਟਾਰੀ (ਸਮਾਜ ਵੀਕਲੀ): ਅਟਾਰੀ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਵੱਲੋਂ ਕੱਢੇ ਜਾ ਰਹੇ ਰੋਡ ਸ਼ੋਅ ਦੌਰਾਨ ਅੱਜ ਉਨ੍ਹਾਂ ਦੀ ਅੱਖ ’ਤੇ ‘ਫੁੱਲ’ ਵੱਜਿਆ ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮੇਂ ਲਈ ਪ੍ਰਚਾਰ ਰੋਕਣਾ ਪਿਆ। ਭਗਵੰਤ ਮਾਨ ਆਪਣੀ ਕਾਰ ਦੀ ਛੱਤ ’ਤੇ ਖੜ੍ਹੇ ਸਨ ਤੇ ਲੋਕ ਫੁੱਲ ਬਰਸਾ ਰਹੇ ਸਨ। ਇਸ ਦੌਰਾਨ ਅਚਾਨਕ ਇਕ ਫੁੱਲ ਉਨ੍ਹਾਂ ਦੀ ਅੱਖ ’ਤੇ ਆਣ ਵੱਜਿਆ। ਉਨ੍ਹਾਂ ਤੁਰੰਤ ਅੱਖ ’ਤੇ ਹੱਥ ਰੱਖਿਆ ਅਤੇ ਕਾਰ ਵਿੱਚ ਹੇਠਾਂ ਬੈਠ ਗਏ। ਇਸ ਘਟਨਾ ਮਗਰੋਂ ਚਰਚਾ ਛਿੜ ਗਈ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਭਗਵੰਤ ਮਾਨ ’ਤੇ ਪੱਥਰ ਸੁੱਟਿਆ ਹੈ ਪਰ ‘ਆਪ’ ਆਗੂਆਂ ਨੇ ਇਸ ਨੂੰ ਨਕਾਰਿਆ। ‘ਆਪ’ ਦੇ ਸੂਬਾਈ ਮੀਡੀਆ ਕਮੇਟੀ ਦੇ ਮੈਂਬਰ ਗੁਰਭੇਜ ਸਿੰਘ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ, ਜਿਸ ਦੌਰਾਨ ਫੁੱਲ ਦਾ ਪਿਛਲਾ ਠੋਸ ਹਿੱਸਾ ਉਨ੍ਹਾਂ ਦੇ ਚਿਹਰੇ ’ਤੇ ਲੱਗ ਗਿਆ। ਭਗਵੰਤ ਮਾਨ ਨੇ ਅੱਜ ਇਥੇ ਅਟਾਰੀ ਹਲਕੇ ਵਿੱਚ ‘ਆਪ’ ਉਮੀਦਵਾਰ ਜਸਵਿੰਦਰ ਸਿੰਘ, ਰਾਜਾਸਾਂਸੀ ਹਲਕੇ ਵਿੱਚ ਬਲਦੇਵ ਸਿੰਘ, ਅਜਨਾਲਾ ਵਿੱਚ ਕੁਲਦੀਪ ਸਿੰਘ ਧਾਲੀਵਾਲ ਅਤੇ ਮਜੀਠਾ ਵਿੱਚ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly