ਸਕੂਲਾਂ ਵਿੱਚ ਅਧਿਆਪਕਾਂ ਦਾ ਪ੍ਰਬੰਧ ਕੀਤਾ ਜਾਵੇ-ਡੀ.ਟੀ.ਐੱਫ
ਕਪੂਰਥਲਾ (ਕੌੜਾ)– ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਇਕਾਈ ਕਪੂਰਥਲਾ ਦੀ ਮੀਟਿੰਗ ਹਰਵਿੰਦਰ ਸਿੰਘ ਅੱਲੂਵਾਲ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਅਧਿਆਪਕਾਂ ਦੇ ਭੱਖਦੇ ਮਸਲਿਆਂ ਸਬੰਧੀ ਚਰਚਾ ਕਰਦਿਆਂ ਜ਼ਿਲ੍ਹਾ ਆਗੂਆਂ ਤਜਿੰਦਰ ਸਿੰਘ, ਜੈਮਲ ਸਿੰਘ ਬਲਵਿੰਦਰ ਭੰਡਾਲ, ਪਵਨ ਕੁਮਾਰ, ਮਲਕੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਪਾਸੇ ਤਾਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੀਤੇ ਜਾ ਰਹੇ ਵੱਡੇ ਵੱਡੇ ਦਾਅਵਿਆਂ ਨਾਲ ਫੋਕੇ ਦਮਗਜ਼ੇ ਮਾਰ ਰਹੀ ਹੈ। ਪ੍ਰੰਤੂ ਦੂਜੇ ਪਾਸੇ ਜਮੀਨੀ ਹਕੀਕਤ ਕੁਝ ਹੋਰ ਹੀ ਦਿਖਾਈ ਦਿੰਦੀ ਹੈ। ਜ਼ਿਲ੍ਹੇ ਅੰਦਰ ਮੁਢਲੀ ਸਿੱਖਿਆ ਦੇ ਗੁਣਵੱਤਾ ਪੱਧਰ ਤੇ ਸਵਾਲ ਚੁੱਕਦਿਆਂ ਆਗੂਆਂ ਕਿਹਾ ਕਿ ਜ਼ਿਲ੍ਹੇ ਭਰ ਚ ਪ੍ਰਾਇਮਰੀ ਸਕੂਲਾਂ ਵਿੱਚੋਂ ਲਗਭਗ 150 ਦੇ ਕਰੀਬ ਪ੍ਰਾਇਮਰੀ ਸਕੂਲ ਅਜਿਹੇ ਹਨ ਜੋ ਜਾਂ ਤਾਂ ਸਿੰਗਲ ਟੀਚਰ ਹਨ ਜਾਂ ਅਧਿਆਪਕਾਂ ਤੋਂ ਸੱਖਣੇ (ਟੀਚਰ ਲੈੱਸ) ਸਕੂਲ ਹਨ। ਪ੍ਰੰਤੂ ਸਿੱਖਿਆ ਵਿਭਾਗ ਜਾਂ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਸੰਵੇਦਨਸ਼ੀਲ ਮਸਲੇ ਪ੍ਰਤੀ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਬਹੁਤ ਸਾਰੇ ਅਧਿਆਪਕ ਸਿੰਗਲ ਟੀਚਰ ਹੋਣ ਕਾਰਨ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਸਾਰੀਆਂ ਜਮਾਤਾਂ ਨੂੰ ਇਕੱਲੇ ਹੀ ਪੜ੍ਹਾਉਣ ਲਈ ਮਜ਼ਬੂਰ ਹਨ, ਦੂਜੇ ਪਾਸੇ ਕਈ ਸਿੰਗਲ ਅਧਿਆਪਕ ਬਦਲੀ ਹੋਣ ਦੇ ਬਾਵਜੂਦ ਆਪਣੇ ਨਵੇਂ ਸਟੇਸ਼ਨਾਂ ਤੇ ਹਾਜ਼ਰ ਹੋਣ ਦੀ ਉਡੀਕ ਵਿੱਚ ਹਨ। ਕਿਉਂਕਿ ਪਿੱਛੇ ਸਕੂਲ ਟੀਚਰ ਲੈੱਸ ਹੋਣ ਕਾਰਨ ਅਧਿਕਾਰੀ ਉਨ੍ਹਾਂ ਨੂੰ ਰਲੀਵ ਨਹੀਂ ਕਰ ਰਹੇ। ਇਸੇ ਤਰ੍ਹਾਂ ਜ਼ਿਲ੍ਹੇ ਅੰਦਰ ਅਧਿਆਪਕਾਂ ਦੀਆਂ ਪ੍ਰਮੋਸ਼ਨਾਂ ਨੂੰ ਲੈ ਕੇ ਵੀ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਈ.ਟੀ.ਟੀ. ਤੋਂ ਹੈੱਡ ਟੀਚਰ (ਐੱਚ.ਟੀ.) ਅਤੇ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ (ਸੀ.ਐੱਚ.ਟੀ.) ਦੀਆਂ ਪ੍ਰਮੋਸ਼ਨਾਂ ਲਈ ਤਰੱਕੀ ਦੇ ਯੋਗ ਅਧਿਆਪਕ ਆਪਣੀਆਂ ਤਰੱਕੀਆਂ ੳਡੀਕ ਰਹੇ ਹਨ। ਆਗੂਆਂ ਮੰਗ ਕੀਤੀ ਕਿ ਜ਼ਿਲ੍ਹੇ ਅੰਦਰ ਵਿੱਦਿਅਕ ਮਾਹੌਲ ਨੂੰ ਚੁਸਤਖ਼ਦਰੁਸਤ ਕਰਨ ਲਈ ਸਿੰਗਲ ਟੀਚਰ ਸਕੂ ਲਾਂ ਵਿੱਚ ਅਧਿਆਪਕਾਂ ਦਾ ਪ੍ਰਬੰਧ ਕੀਤਾ ਜਾਵੇ, ਹਰੇਕ ਪੱਧਰ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਅਤੇ ਬਦਲੀ ਵਾਲੇ ਅਧਿਆਪਕਾਂ ਨੂੰ ਉਹਨਾਂ ਦੇ ਸਕੂਲਾਂ ਵਿੱਚ ਟੀਚਰਾਂ ਦਾ ਪ੍ਰਬੰਧ ਕਰਕੇ ਤੁਰੰਤ ਰਲੀਵ ਕੀਤਾ ਜਾਵੇ। ਜਥੇਬੰਦੀ ਦੇ ਆਗੂਆਂ ਐਲਾਨ ਕੀਤਾ ਕਿ ਆਉਂਦੇ ਦਿਨਾਂ ਵਿੱਚ ਇਨ੍ਹਾਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਨੂੰ ਵਫ਼ਦ ਦੇ ਰ ੂਪ ਵਿੱਚ ਮਿਲਿਆ ਜਾਵੇਗਾ ਜੇਕਰ ਉਕਤ ਮਸਲੇ ਹੱਲ ਨਾ ਹੋਏ ਤਾਂ ਅਗਲੇ ਸਘੰਰਸ਼ ਦਾ ਐਲਾਨ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਸਿਖਿਆ ਵਿਭਾਗ ਦੀ ਹੋਵੇਗੀ। ਇਸ ਮੌਕੇ ਨਰਿੰਦਰ ਔਜਲਾ, ਬਲਵੀਰ ਸਿੰਘ, ਗੁਰਦੀਪ ਸਿੰਘ ਧੰਮ, ਸੁਰਿੰਦਰਪਾਲ ਸਿੰਘ, ਅਵਤਾਰ ਸਿੰਘ, ਹਰਵੇਲ ਸਿੰਘ, ਵੀਨੂ ਸੇਖੜੀ, ਗੌਰਵ ਗਿੱਲ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਕੁਮਾਰ ਆਦਿ ਅਧਿਆਪਕ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly