(ਸਮਾਜ ਵੀਕਲੀ)-ਗੱਲ ਕੋਈ ਨਵੰਬਰ 2006 ਦੀ ਹੈ ਜਦੋਂ ਮੇਰੇ ਵਿਆਹ ਨੂੰ ਦੋ ਢਾਈ ਕੁ ਮਹੀਨੇ ਹੀ ਹੋਏ ਸਨ। ਲੈਬਾਰਟਰੀ ਟੈਕਨੀਸ਼ੀਅਨ ਦੀਆਂ ਅਸਾਮੀਆਂ ਲਈ ਮੇਰੀ ਜੀਵਨ ਸਾਥਣ ਡਿੰਪਲ ਦਾ ਪਟਿਆਲੇ ਪੇਪਰ ਸੀ ਤੇ ਉਸੇ ਲਈ ਪਹੁੰਚੀ ਸੀ ਨਵੀਂ ਵਿਆਹੀ ਜੋੜੀ ਪਟਿਆਲੇ। ਪੇਪਰ ਖ਼ਤਮ ਹੋਣ ਤੋਂ ਬਾਅਦ ਵਾਪਸੀ ਮੌਕੇ ਪਟਿਆਲੇ ਬੱਸ ਸਟੈਂਡ ਦੇ ਪਿਛਲੇ ਪਾਸੇ ਪੈਂਦੇ ਇੱਕ ਹੋਟਲਨੁਮਾ ਢਾਬੇ ‘ਤੇ ਮੁੱਖ ਆਕਰਸ਼ਣ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਪੜ੍ਹ ਜਾ ਵੜੇ ਦੋਵੇਂ। ਖਾ ਪੀ ਕੇ ਬਿਲ ਅਦਾ ਕੀਤਾ ਤਾਂ ਮਾਲਕ ਵੱਲੋਂ ਮੋੜਿਆ ਬਕਾਇਆ ਮੁੱਠੀ ਵਿੱਚ ਘੁੱਟ ਕੇ ਗੋਲਮੋਲ ਜਿਹਾ ਕਰ ਕਮੀਜ਼ ਦੀ ਉਪਰਲੀ ਜੇਬ ਵਿੱਚ ਪਾ ਲਿਆ ਤੇ ਬਹਿ ਗਏ ਰਾਜਪੁਰੇ ਵਾਲ਼ੇ ਕਾਊਂਟਰ ‘ਤੇ ਲੱਗੀ ਰੋਡਵੇਜ਼ ਦੀ ਲਾਰੀ ਵਿੱਚ। ਖੜ੍ਹੀ ਬੱਸ ਵਿੱਚ ਹੀ ਟਿਕਟਾਂ ਕੱਟਣ ਆਏ ਕੰਡਕਟਰ ਬਾਈ ਨੂੰ ਪੈਸੇ ਦੇਣ ਲਈ ਜਦੋਂ ਮੈਂ ਉਪਰਲੀ ਜੇਬ ਵਿੱਚੋਂ ਪੈਸੇ ਕੱਢੇ ਤਾਂ ਵੇਖਿਆ 440 ਰੁਪਏ (ਉਦੋਂ ਤੀਹ ਰੁਪਏ ਦੇ ਹਿਸਾਬ ਨਾਲ਼ 60 ਰੁਪਏ ਬਣੇ ਸੀ ਦੋ ਥਾਲੀਆਂ ਦੇ)। ਨੋਟਾਂ ਨੂੰ ਇੱਕ ਦੋ ਵਾਰ ਉਪਰ ਥੱਲੇ ਕਰ ਕੰਡਕਟਰ ਨੂੰ “ਦੋ ਮਿੰਟ ਬਾਈ ਜੀ” ਆਖ ਡਿੰਪਲ ਨੂੰ ਕਿਹਾ “ਯਾਰ ਕੰਮ ਤਾਂ ਗਲਤ ਹੋ ਗਿਆ ਇੱਕ।” “ਕੀ ਹੋਇਆ” ਪੁੱਛਦੀ ਬੇਗਮ ਸਾਹਿਬਾ ਜਿਵੇਂ ਘਬਰਾ ਜਿਹੀ ਗਈ। “ਯਾਰ ਆਪਾਂ ਸੌ ਰੁਪਏ ਦਿੱਤੇ ਸੀ ਢਾਬੇ ਵਾਲ਼ੇ ਨੂੰ ਉਹਨੇ ਪੰਜ ਸੌ ਦੇ ਭੁਲੇਖੇ 440 ਰੁਪਏ ਬਕਾਇਆ ਮੋੜਤਾ ਆਪਾਂ ਨੂੰ ਵੈਸੇ 40 ਬਣਦਾ ਸੀ। ਚੱਲ ਮੋੜ ਕੇ ਆਈਏ।” ਬਿਨਾਂ ਕੁਝ ਬੋਲੇ ਡਿੰਪਲ ਉੱਠ ਕੇ ਮੇਰੇ ਨਾਲ਼ ਬੱਸ ਤੋਂ ਹੇਠਾਂ ਉਤਰ ਆਈ ਤੇ ਪਹਿਲਾਂ ਦੋਵਾਂ ਨੇ ਤਸੱਲੀ ਕੀਤੀ ਕਿ ਸੱਚੀਉਂ ਹੀ ਪੰਜ ਸੌ ਦਾ ਨੋਟ ਤਾਂ ਨਹੀਂ ਦਿੱਤਾ ਅਤੇ ਪੱਕਾ ਹੋਣ ‘ਤੇ ਕਿ ਨਹੀਂ ਸੌ ਹੀ ਦਿੱਤਾ ਸੀ ਜਾ ਪਹੁੰਚੇ ਢਾਬੇ ਦੇ ਕਾਊਂਟਰ ‘ਤੇ। ਮਾਲਕ ਬਾਬੂ ਉਵੇਂ ਹੀ ਪੈਸੇ ਲੈਣ ਤੇ ਬਕਾਏ ਮੋੜਨ ਵਿੱਚ ਰੁੱਝਿਆ ਹੋਇਆ। ਮੈਂ ਸਾਹਮਣੇ ਜਿਹੇ ਨੂੰ ਹੋ ਕੇ ਕਿਹਾ “ਅੰਕਲ ਜੀ ਹੁਣੇ ਪੰਦਰਾਂ ਵੀਹ ਮਿੰਟ ਪਹਿਲਾਂ ਤੁਸੀ ਮੈਨੂੰ ਬਕਾਇਆ ਕਿੰਨਾ ਮੋੜਿਆ ਸੀ ਭਲਾਂ ?” “ਪਤਾ ਨੀ ਪੁੱਤ ਐਂ ਕਿਹੜਾ ਯਾਦ ਰਹਿੰਦਾ, ਤੁਸੀ ਦੱਸੋ ਕੀ ਖਾਧਾ ਤੇ ਕਿੰਨੇ ਪੈਸੇ ਦਿੱਤੇ, ਗੱਲ ਕੀ ਹੈ ਅਸਲ ?” ਉਹਦੇ ਬੋਲਾਂ ਤੋਂ ਸਪਸ਼ਟ ਸੀ ਕਿ ਉਹ ਮੈਨੂੰ ਭੁੱਲੇ ਹੋਏ ਪੈਸੇ ਵਾਪਸ ਲੈਣ ਆਇਆ ਸਮਝ ਰਿਹਾ ਸੀ। ਮੁੱਕਦੀ ਗੱਲ ਜੀ ਮੈਂ ਉਹਨੂੰ ਸਾਰੀ ਗੱਲ ਦੱਸੀ ਤੇ ਉਹਨੂੰ ਬਣਦੇ 400 ਰੁਪਏ ਵਾਪਸ ਕਰ ਦਿੱਤੇ। ਉਹਨੇ ਰਵਾਇਤੀ ਅੰਦਾਜ਼ ਵਿੱਚ ਸ਼ੁਕਰਾਨਾ ਅਦਾ ਕੀਤਾ ਤੇ ਅਸੀ ਵਾਪਸ ਮੁੜਦਿਆਂ ਪਿੱਠਾਂ ਹੀ ਘੁਮਾਈਆਂ ਸਨ ਕਿ ਪਿੱਛੋਂ ਆਵਾਜ਼ ਆਈ “ਇੱਕ ਮਿੰਟ ਪੁੱਤਰੋ!” ਅਸੀ ਵਾਪਸ ਮੂੰਹ ਘੁਮਾਏ ਤੇ ਅੰਕਲ ਕਹਿਣ ਲੱਗਾ “ਇੱਕ ਗੱਲ ਯਾਦ ਰੱਖਿਉ ਪੁੱਤਰੋ ਮੇਰੀ, ਤਰੱਕੀ ਬਹੁਅਅਅਅਅਅਅਅਅਤ ਕਰੋਂਗੇ ਜਿੰਦਗੀ ‘ਚ ਤੁਸੀ ਦੋਵੇਂ।” ਅੰਕਲ ਦੇ ਚਿਹਰੇ ‘ਤੇ ਲੰਮਾਂ ਕਰਕੇ “ਬਹੁਅਅਅਅਅਅਅਅਅਅਤ” ਕਹਿਣ ਵੇਲੇ ਆਈ ਰੂਹਾਨੀ ਜਿਹੀ ਝਲਕ ਮੈਨੂੰ ਹੁਣ ਤੱਕ ਨਹੀਂ ਭੁੱਲਦੀ ਤੇ ਉਸ ਨਵੰਬਰ 2006 ਤੋਂ ਦੋ ਕੁ ਸਾਲ ਬਾਅਦ ਯਾਨਿ ਨਵੰਬਰ 2008 ਵਿੱਚ ਰੋਪੜ ਆ ਕੇ ਵੱਸਣ ਵੇਲ਼ੇ ਤੋਂ ਅਸੀਂ ਦੋਵਾਂ ਨੇ ਆਰਥਿਕ ਅਤੇ ਸਮਾਜਿਕ ਤੌਰ ‘ਤੇ ਜੋ ਵੀ ਪ੍ਰਾਪਤ ਕੀਤਾ ਸੱਚੀਉਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ (ਆਪਣੇ ਪਰਿਵਾਰਕ ਪਿਛੋਕੜ ਦੀ ਆਰਥਿਕ ਸਥਿਤੀ ਦੇ ਮੱਦੇਨਜ਼ਰ)। ਹੁਣ ਇਸ ਸਭ ਕਾਸੇ ਵਿੱਚ ਉਸ ਅੰਕਲ ਦੀ ਦੁਆ ਦਾ ਕੋਈ ਸਬੰਧ ਹੈ ਜਾਂ ਮਹਿਜ਼ ਇੱਕ ਇਤਫ਼ਾਕ ਤਾਂ ਮੇਰੀ ਸੋਚ ਦਾ ਪਲੜਾ ਬੇਸ਼ੱਕ ਇਤਫ਼ਾਕ ਵਾਲ਼ੇ ਪਾਸੇ ਭਾਰੀ ਪੈ ਜਾਂਦਾ ਹੈ ਪਰ ਜਦੋਂ ਵੀ ਕਦੇ ਜਿੰਦਗੀ ਵਿੱਚ ਕੁੱਝ ਚੰਗਾ ਵਾਪਰਦਾ ਹੈ ਤਾਂ ਅਸਾਮੀਆਂ, ਪੇਪਰ, ਪਟਿਆਲਾ, ਢਾਬਾ, ਅੰਕਲ, ਬਕਾਇਆ ਅਤੇ ਖਾਸ ਕਰਕੇ “ਬਹੁਅਅਅਅਅਅਅਅਤ” ਮੱਲੋਮਲੀ ਚੇਤੇ ਆ ਜਾਂਦੇ ਹਨ। ਪਤਾ ਨਹੀਂ ਕਿਉਂ ?
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly