ਡਰਾਈ ਡੇ

(ਸਮਾਜ ਵੀਕਲੀ) ਪਿੱਛਿਉਂ ਉੱਡਦੀ ਹੋਈ ਧੂੜ ਤੱਕ ਕੇ ਮੈਂ ਆਪਣੀ ਸਾਈਕਲ ਸੜਕ ਦੇ ਇਕ ਪਾਸੇ ਕਰ ਲਈ ,ਦੋ ਜੀਪਾਂ ਪੂਰੀ ਰਫ਼ਤਾਰ ਨਾਲ ਮੇਰੇ ਕੋਲੋਂ ਦੀ ਲੰਘੀਆਂ ਤਾਂ ਉੱਡਦੀ ਹੋਈ ਧੂੜ ਨਾਲ ਮੇਰੇ ਸਾਰੇ ਕੱਪੜੇ ਭਰ ਗਏ।ਸ਼ਹਿਰ ਦੇ ਕਾਲਜ ਤੋਂ ਪੜ੍ਹਕੇ ਪਿੰਡ ਆਉਣ ਲੱਗਿਆਂ ਮੈਂ ਅੱਜ ਦਾ ਅਖ਼ਬਾਰ ਖ਼ਰੀਦਣਾ ਨਹੀਂ ਸੀ ਭੁੱਲਿਆ।ਜਦੋਂ ਜੀਪਾਂ ਤੇ ਨਿਗਾਹ ਮਾਰੀ ਤਾਂ ਮੈਨੂੰ ਪਤਾ ਲੱਗਿਆ ਪੁਲਿਸ ਵਾਲਿਆਂ ਦੀਆਂ ਜੀਪਾਂ ਹਨ,ਜਿਹੜੀਆਂ ਪਿੰਡ ਵੱਲ ਜਾ ਰਹੀਆਂ ਸਨ,ਮਨ ਵਿਚ ਖਿ਼ਆਲ ਆਇਆ ਅੱਜ ਪਿੰਡ ਵਾਲਿਆਂ ਦੀ ਖੈਰ ਨਹੀਂ ।ਮੈਂ ਤੇਜ ਰਫ਼ਤਾਰ ਨਾਲ ਸਾਈਕਲ ਚਲਾਕੇ ਪਿੰਡ ਦੀ ਸੱਥ ਵਿਚ ਆਕੇ ਦੇਖਿਆ ਥਾਣੇਦਾਰ ਦੇ ਨਾਲ ਪੰਜ ਸਿਪਾਹੀ ਵੀ ਸਨ ਅਤੇ ਉਹ ਦਸ ਬਾਰਾਂ ਬੰਦੇ ਅਤੇ ਬੁੜ੍ਹੀਆਂ ਨੂੰ ਘੇਰੀ ਖੜੇ ਸਨ।ਅਤੇ ਇਕ ਗੱਭਰੂ ਥਾਣੇਦਾਰ ਦੀਆਂ ਮਿੰਨਤਾ ਕਰੀ ਜਾਂਦਾ ਸੀਅਤੇ ਕੁਰਲਾ ਰਿਹਾ ਸੀਅਤੇ ਕਹਿ ਰਿਹੀ ਸੀ,” ਹਾਏ ਉਏ ਰੱਬਾ ਮਾਰਤਾ ਉਏ, ਦੁਹਾਈ ਰੱਬ ਦੀ ਮੈਨੂੰ ਹੋਰ ਨਾ ਮਾਰੋ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰੂੰਗਾ।ਮੈਂ ਵੀ ਉੱਥੇ ਆਕੇ ਖੜਾ ਹੋ ਗਿਆ ।ਥਾਣੇਦਾਰ ਨੇ ਉਸ ਗਭਰੂ ਨੂੰ ਘਸੀਟਦੇ ਹੋਏ ਕਿਹਾ, “ਹਰਾ—ਮੀ— ਆਂ ਕੁੱਟ ਖਾਣ ਤੋਂ ਬਾਅਦ ਤੈਨੂੰ ਰੱਬ ਯਾਦ ਆਇਆ ਹੈ,ਤੈਨੂੰ ਪਹਿਲਾਂ ਨਹੀਂ ਸੀ ਪਤਾ ਸ਼ਰਾਬ ਕੱਢਣੀ ਗੈ ਕਾਨੂਨੀ ਐਂ।”ਗਭਰੂਨੇ ਥਾਣੇਦਾਰ ਦੇ ਪੈਰਾਂ ਵਿਚ ਆਪਣਾ ਸਿਰ ਰੱਖ ਕੇ ਮਿੰਨਤ ਕਰਦੇ ਹੋਏ ਕਿਹਾ “ ਥਾਣੇਦਾਰ ਸਾਹਬ ਹੁਣ ਮੈਨੂੰ ਛੱਡ ਦਿਉ ਮੇਰੀ ਤੌਬਾ ਮੇਰੇ ਪਿਉ ਦੀ ਤੌਬਾ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰੂੰਗਾ।”ਥਾਣੇਦਾਰ ਨੈ ਉਸ ਗਭਰੂ ਨੂੰ ਤਿੰਨ ਚਾਰ ਬੈਂਤ ਹੋਰ ਜੜਦੇ ਹੋਏ ਕਿਹਾ ,”ਕੰ-ਜ—ਰਾ ਜੇ ਗੈਰ ਕਨੂਨੀ ਕੰਮ ਨਾ ਕਰੋਂ ਤਾਂ ਸਾਨੂੰ ਕੀ ਲੌੜ ਹੈ ਇੱਥੇ ਆੳਣ ਦੀ।”
ਗੱਭਰੂ ਦੀ ਇਹ ਹਾਲਤ ਦੇਖਕੇ ਮੈਥੋਂ ਰਿਹਾ ਨਾ ਗਿਆ ਤੇ ਸੋਚਿਆ ਮੈਂ ਥਾਣੇਦਾਰ ਨੂੰ ਪੁੱਛਾਂ ਪੁਲਿਸ ਵਾਲਿਆਂ ਦੀ ਆਹ ਤਹਿਜੀਬ ਹੈ ਗੱਲ-ਗੱਲ ਤੇ ਗਾਲ੍ਹਾਂ ਕੱਢਣੀਆਂ ਤੇ ਕੱੁਟ ਮਾਰ ਕਰਨੀ ,ਪਰ ਫੇਰ ਸੋਚਿਆ ਜਿਹੜਾ ਕੁਝ ਹੁੰਦਾ ਹੈ ਚੁੱਪ ਕਰਕੇ ਦੇਖੀ ਜਾ ਕਿਤੇ ਆਟੇ ਨਾਲ ਘੁਣ ਹੀ ਨਾ ਪਿਸ ਜਾਵੇ,ਭੁਤਰੇ ਹੋਏ ਥਾਣੇਦਾਰ ਨੇ ਕੁੱਟਣ ਲੱਗਿਆਂ ਬੰਦਾ-ਕੁਬੰਦਾ ਥੋਹੜੀ ਦੇਖਣਾ ਹੈ, ਤੇ ਮੈਂ ਚੁੱਪ ਕਰਕੇ ਸਭ ਕੁਝ ਦੇਖਦਾ ਰਿਹਾ ।ਪਕੜੇ ਹੋਏ ਬੰਦੇ ਅਤੇ ਬੁੜ੍ਹੀਆਂ ਸਹਿਮੇ ਹੋਏ ਖੜੇ ਸਨਅਤੇ ਸੋਚ ਰਹੇ ਸਨ ਇਨ੍ਹਾਂ ਜਮਦੂਤਾਂ ਤੋਂ ਕਿਵੇ ਖਹਿੜਾ ਛੁਡਾਇਆ ਜਾਵੇ। ਸਭ ਆਪਣੀ ਆਪਣੀ ਵਾਰੀ ਆ ਜਾਣ ਤੋਂ ਡਰ ਰਹੇ ਸਨਅਤੇ ਸੋਚ ਰਹੇ ਸਨ ਜਦੋਂ ਉਨ੍ਹਾਂ ਦੀ ਵਾਰੀ ਆਈ ਤਾਂ ਥਾਣੇਦਾਰ ਨੇ ਉਨ੍ਹਾਂ ਦਾ ਵੀ ਗੱਭਰੂ ਵਰਗਾ ਹਾਲ ਕਰਨਾ ਏ।
ਥਾਣੇਦਾਰ ਇਕ ਵਾਰੀ ਫੇਰ ਗੱਭਰੂ ਨੂੰ ਗੁਲਾਮੇ ਤੋਂ ਪਕੜਕੇ ਕੜਕਿਆ ,” ਦੱਸ ਉਏ ਹੋਰ ਕਿੰਨੀਆਂ ਥਾਵਾਂ ਤੇ ਸ਼ਰਾਬ ਦੀ ਭੱਠੀ ਲਗਾਈ ਹੋਈ ਹੈ।”
“ਥਾਣੇਦਾਰ ਸਾਹਿਬ, ਮੈਂ ਗਰੀਬ ਤਾਂ ਸ਼ਰਾਬ ਨੂੰ ਦੇਖਣ ਆਇਆ ਸੀ ਕਿ ਸ਼ਰਾਬ ਬਣੀ ਹੈ ਜਾਂ ਨਹੀਂ ,ਸ਼ਰਾਬ ਤਾਂ ਵੱਡੇ ਸਰਦਾਰਾਂ ਦੀ ਹੈ।”ਉਸਨੇ ਸਾਰਾ ਜੋਰ ਲਗਾਕੇ ਇਹ ਗੱਲ ਕਹੀ ਪਰ ਡਰਦੇ ਮਾਰੇ ਦੀ ਅੱਧੀ ਕੂ ਗੱਲ ਉਸਦੇ ਮੂੰਹ ਵਿਚ ਹੀ ਰਹਿ ਗਈ।
“ ਗੰਦੀਏ ਔਲਾਦੇ ,ਇਕ ਚੋਰੀ ਤੇ ਉੱਤੋਂ ਸੀਨਾ ਜੋਰੀਸ਼ਰਾਬ ਤੇਰੇ ਕੋਲੋਂ ਫੜੀ ਗਈ ਹੈ ਤੇ ਨਾਂ ਬਦਨਾਮ ਕਰਦਾ ਹੈਂ ਸਰਦਾਰਾਂ ਦਾ।” ਤੇ ਫੇਰ ਇਕ ਸਿਪਾਹੀ ਨੂੰ ਕਹਿਣ ਲੱਗਿਆ ਮਹਾਂ ਸਿੰਹਾਂ, ਲਗਾ ਇਸਨੂੂ ਹੱਥਕੜੀਥਾਣੇ ਲਿਜਾਕੇ ਜਦੋਂ ਇਸਦੀ ਤੌਣੀ ਲਾਹੀ ਤਾਂ ਆਪੇ ਹੀ ਦੱਸ ਦੇਵੇਗਾ ਕਿ ਕੌਣ-ਕੌਣ ਇਸਦੇ ਨਾਲ ਹੈ ਅਤੇ ਪਿੰਡ ਵਿਚ ਹੋਰ ਕਿੰਨੀਆਂ ਭੱਠੀਆਂ ਲਗਾਈਆਂ ਹੋਈਆਂ ਹਨ।ਕੁੱਤਿਆ ਅਸੀਂ ਤਾਂ ਵਡੇ- ਵੱਡੇ ਸਿੱਧੇ ਕਰ ਦਿੱਤੇਤੂੰ ਤਾਂ ਹੈ ਹੀਂ ਕੀ ਚੀਜ,“ਜਾਤ ਦੀ ਕੋਹੜ ਕੀਰਲੀ ਸਤੀਰਾਂ ਨੂੰ ਜੱਫੇ”ਮੇਰਾ ਨਾਂ ਉਜਾਗਰ ਸਿੰਘ ਹੈਦੂਰ ਦੂਰ ਦੇ ਪਿੰਡਾ ਵਾਲੇ ਮੈਥੋਂ ਡਰਦੇ ਹਨਸਰਕਾਰ ਨੇ ਇਵੇਂ ਤਾਂ ਨਹੀਂ ਮੈਨੂੰ ਥਾਣੇਦਾਰ ਬਣਾਇਆ।” ਥਾਣੇਦਾਰ ਗੱਭਰੂ ਨੂੰ ਆਪਣਾ ਇਤਿਹਾਸ ਦੱਸਕੇ ਆਵਦੀ ਤਰੀਫ਼ ਕਰ ਰਿਹਾ ਸੀ।ਜਦੋਂ ਮਹਾਂ ਸਿੰਘ ਸ਼ਰਾਬ ਦੇ ਘੜੇ ਡੋਲ੍ਹਣ ਲੱਿਗਆ ਤਾਂ ਥਾਣੇਦਾਰ ਨੇ ਉਸਨੂੰ ਗੁੱਸੇ ਹੋਕੇ ਕਿਹਾ,” ਮਹਾਂ ਸਿਹਾਂ ਤੇਰੀ ਅਕਲ ਨੂੰ ਕੀ ਹੋ ਗਿਆ ਹੈ ਜਾਹ ਤੇ ਇਕ ਹੋਰ ਸਿਪਾਹੀ ਨੂੰ ਨਾਲ ਲੈਜਾ, ਜਾਕੇ ਜੀਪਾਂ ਚੋਂ ਚਾਰ ਗੈਲਣ ਚੁੱਕ ਕੇ ਲਿਆ ਅਤੇ ਘੜਿਆਂ ਵਾਲੀ ਸ਼ਰਾਬ ਗੈਲਣਾ ਵਿਚ ਪਾਲੈ ਸ਼ਰਾਬ ਦੇ ਸੈਂਪਲ ਭਰਾਂਗੇ ਜੇ ਸ਼ਰਾਬ ਡੋਲ੍ਹ ਦਿੱਤੀ ਤਾਂ ਵੱਡੇ ਅਫਸਰਾਂ ਨੂੰ ਕੀ ਸਬੂਤ ਦਿਖਾਵਾਂਗੇ।”

ਇਕ ਸਿਪਾਹੀ ਨੇ ਜਦੋਂ ਉਸ ਗੱਭਰੂ ਨੂੰ ਹੱਥਕੜੀ ਲਗਾਈ ਤਾਂ ਉਹ ਫੇਰ ਕੁਰਲਾ ਉੱਠਿਆ ਅਤੇ ਕਹਿਣ ਲੱਗਿਆ ਥਾਣੇਦਾਰ ਸਾਹਬ ਮੈਨੂੰ ਥਾਣੇ ਨਾ ਲੈਕੇ ਜਾਉ।” ਪਰ ਉਸਦੀਆਂ ਮਿੰਨਤਾਂ ਦਾ ਥਾਣੇਦਾਰ ਤੇ ਕੋਈ ਅਸਰ ਨਾ ਹੋਇਆ ਅਤੇ ਉਸ ਗੱਭਰੂ ਤੋਂ ਇਲਾਵਾ ਦਸ ਕੂ ਹੋਰ ਬੰਦਿਆਂ ਨੂੰ ਹੱਥਕੜੀ ਲਗਾਕੇ ਸਣੇ ਸ਼ਰਾਬ ਦੇ ਜੀਪਾਂ ਵਿਚ ਬੈਠਾ ਲਿਆ ਜਦੋਂ ਉਨ੍ਹਾਂ ਨੂੰ ਜੀਪਾਂ ਵਿਚ ਬੈਠਾ ਰਹੇ ਸਨ ਤਾਂ ਇਕ ਬਜੂਰਗ ਹਿਮੰਤ ਕਰਕੇ ਕਹਿਣ ਲੱਗਿਆ”ਥਾਣੇਦਾਰ ਸਾਹਬ ਤੁਸੀਂ ਇਵੇਂ ਬੇਕਸੂਰ ਲੋਕਾਂ ਨੂੰ ਲੈਕੇ ਨਾ ਜਾਉਸ਼ਰਾਬ ਕੱਢਣ ਵਾਲੇ ਤਾਂ ਹੋਰ ਲੋਕ ਹਨਅਤੇ ਕੁੱਟ ਸਾਡੇ ਵਰਗੇ ਗਰੀਬਾਂ ਨੂੰ ਪੈਂਦੀ ਹੈ ।”

“ਬੁੜ੍ਹਿਆ ਜੇ ਬਾਹਲੀ ਬਕ-ਬਕ ਕੀਤੀ ਤਾਂ ਤੇਰੀ ਵੀ ਵਾਰੀ ਆ ਜਾਣੀ ਐਂ,ਸ਼ਰਾਬ ਆਪ ਕੱਢਦੇ ਹੋਂ ਤੇ ਨਾਂ ਸਰਦਾਰਾਂ ਦਾ ਲੈਂਨੇ ਹੋਂ।ਸਰਕਾਰ ਨੇ ਸ਼ਰਾਬ ਬੰਦੀ ਦਾ ਕਨੂਨ ਪਾਸ ਕਰ ਦਿੱਤਾ ਹੈ,ਅਤੇ ਸਰਕਾਰ ਡਰਾਈ ਡੇ ਮਨਾਉਣ ਨੂੰ ਫਿਰਦੀ ਹੈਤੇ ਤੁਸੀਂ ਸ਼ਰਾਬ ਕੱਢੀ ਜਾਨੇ ਹੋਂ,ਇਹ ਕਿੱਥੋਂ ਦੀ ਸ਼ਰਾਫ਼ਤ ਹੈ।”

ਥਾਣੇਦਾਰ ਦੀ ਡਰਾਈ ਡੇ ਵਾਲੀ ਗੱਲ ਦੀ ਸ਼ਾਇਦ ਉੱਥੇ ਖੜੇ ਲੋਕਾਂ ਨੂੰ ਸਮਝ ਵੀਨਾ ਆਈ ਹੋਵੇ ,ਪਰ ਮੈਨੂੰ ਪਤਾ ਲੱਗ ਗਿਆ ਸੀ ਕਿਉਂਕਿ ਅੱਜ ਦੇ ਅਖ਼ਬਾਰ ਵਿਚਵੱਡੀ ਸੁਰਖੀ ਨਾਲ ਇਹੀ ਖ਼ਬਰ ਛਪੀ ਸੀ ਕਿ ਸਰਕਾਰ ਨੇ ਪੁਜਨੀਕ ਰਸ਼ਟਰਪਿਤਾ ਮਹਾਤਮਾ ਗਾਂਧੀ ਦੇ ਅਸੂਲਾਂ ਤੇ ਚਲਦੇ ਹੋਏ ਸ਼ਰਾਬ ਬੰਦੀ ਦਾ ਕਨੂੰਨ ਬਣਾ ਦਿੱਤਾ ਹੈ ਅਤੇ ਇਹ ਕਨੂੰਨ ਉਨ੍ਹਾਂ ਦੇ ਜਨਮ ਦਿਨ ਤੇ ਲਾਗੂ ਹੋਵੇਗਾ, ਅਤੇ ਸਰਕਾਰ ਨੇ ਉਸ ਦਿਨ ਡਰਾਈ ਡੇ ਮਨਾਉਣ ਦੀ ਵਿਉਂਤ ਬਣਾਈ ਹੈ,ਡਰਾਈ ਡੇ ਤੋਂ ਸਰਕਾਰ ਦਾ ਭਾਵ ਹੈ ਕਿਉਸ ਦਿਨ ਕੋਈ ਵੀ ਬੰਦਾ ਸ਼ਰਾਬ ਨਹੀਂ ਪੀਵੇਗਾ। ਮੈਂ ਸੋਚ ਰਿਹਾ ਸੀ ਕਿ ਸਰਕਾਰ ਨੇ ਸ਼ਰਾਬ ਬੰਦੀ ਦਾ ਕਨੂੰਨ ਪਾਸ ਕਰਕੇ ਚੰਗਾ ਨਹੀਂ ਕੀਤਾ ਕਿਉਂਕਿ ਪੀਣ ਵਾਲੇ ਤਾਂ ਪੀਣਗੇ ਹੀ, ਹਟ ਨਹੀਂ ਸਕਦੇ ਭਾਵਂੇ ਬਲੈਕ ਵਿਚ ਲਿਆਕੇ ਪੀਣ।ਜਦੋਂ ਬਲੈਕ ਵਿਚ ਸ਼ਰਾਬ ਮਹਿੰਗੀ ਮਿਲੇਗੀ ਤਾਂ ਲੋਕਾਂ ਨੇ ਘਰਾਂ ਚ ਸ਼ਰਾਬ ਦੀਆਂ ਭੱਠੀਆਂ ਲਗਾ ਲੈਣੀਆ ਹਨ,ਮਾੜੀ ਸ਼ਰਾਬ ਪੀਕੇ ਤਾਂ ਅੱਗੇ ਹੀ ਬਹੁਤ ਲੋਕ ਮਰਦੇ ਹਨ,ਫੇਰ ਤਾਂ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਜਵੇਗੀ,ਫੇਰ ਤਾਂ ਰੱਬ ਹੀ ਰਾਖਾ ਹੈ।ਉਸ ਦਿਨ ਬਹੁਤ ਦੇਰ ਤੱਕ ਲੋਕਾਂ ਤੇ ਕੁਟਾਪਾ ਚੜ੍ਹਦਾ ਰਿਹਾ ਅਤੇ ਥਾਣੇਦਾਰ ਸਣੇ ਸ਼ਰਾਬ ਦੈ ਦੱਸ ਬੰਦਿਆਂ ਨੂੰ ਜੀਪਾਂ ਵਿਚ ਬੈਠਾਾਕੇ ਥਾਣੇ ਵੱਲ ਲੈ ਚੱਲਿਆ।

ਮੇਰੇ ਬਾਪੂ ਜੀ ਪਿੰਡ ਦੇ ਸਰਪੰਚ ਹੋਣ ਕਰਕੇ ਕਚਹਿਰੀ ਵਿਚ ਕੰਮ ਵੰਜੋਂ ਸਾਰਾ ਦਿਨ ਸ਼ਹਿਰ ਵਿਚ ਰੂਕੇ ਰਹੇ ਸਨ ,ਅਤੇ ਜਦੋਂ ਉਹ ਘਰ ਆਏ ਤਾਂ ਮੈਂ ਉਨ੍ਹਾਂ ਨੂੰ ਪਿੰਡ ਵਿਚ ਵਾਪਰੀ ਅੱਜ ਦੀ ਘਟਨਾ ਬਾਰੇ ਦੱਸਿਆ ।ਅਤੇ ਜਦੋਂ ਨੰਬਰਦਾਰ ਕੇਹਰ ਸਿੰਘ ਬਾਪੂ ਜੀ ਨੂੰ ਮਿਲਣ ਆਇਆ ਤਾਂ ਮੇਰੇ ਬਾਪੂ ਜੀ ਨੂੰ ਕਹਿਣ ਲੱਗਿਆ, “ ਸਰਦਾਰ ਸਾਹਿਬਮੈਨੂੰ ਹੁਣੇ ਹੀ ਪਿੰਡ ਵਾਲਿਆਂ ਤੋਂ ਪਤਾ ਲੱਗਿਆ ਹੈ ਕਿ ਥਾਣੇਦਾਰ ਪਿੰਡ ਦੇ ਕੁਝ ਬੰਦਿਆਂ ਨੂੰ ਪਕੜ ਕੇ ਲੈ ਗਿਆ ਹੈ।ਸ਼ਰਾਬ ਤਾਂ ਆਪਣੀ ਸੀ ਪਰ ਕੁੱਟ -ਮਾਰ ਵਿਚਾਰੇ ਗਰੀਬਾਂ ਦੀ ਹੋ ਗਈ,ਅਸੀਂ ਦੋਵੇਂ ਸ਼ਹਿਰ ਗਏ ਹੋਏ ਸੀ,ਸਾਡੇ ਪਿੱਛੋਂ ਸਾ—ਲਾ ਥਾਣੇਦਾਰ ਉਜਾਗਰ ਸਿੰਘ ਆਵਦੀ ਥਾਣੇਦਾਰੀ ਘੋਟ ਗਿਆ।”

ਇਹ ਸਾਰੀਆਂ ਗੱਲਾਂ ਕਰਕੇ ਨੰਬਰਦਾਰ ਕੇਹਰ ਸਿੰਘਮੇਰੇ ਬਾਪੂ ਜੀ ਨਾਲ ਦੁਜੇ ਦਿਨ ਬੰਿਦਆਂ ਨੂੰ ਛੁਡਾਉਣ ਦੀ ਵਿਉਂਤ ਬਣਾਕੇ ਆਵਦੇ ਘਰ ਚਲਾ ਗਿਆ।ਉਸ ਰਾਤ ਮੈਂ ਪੁਲਿਸ ਦੇ ਰਵੱਈਏ ਬਾਰੇ ਸੋਚਦਾ ਰਿਹਾ ਕਿ ਕਿਵੇਂ ਪੁਲਿਸ ਗਰੀਬਾਂ ਨਾਲ ਭੈੜਾ ਸਲੂਕ ਕਰਦੀ ਹੈ ਪੁਲਿਸ ਇਨਸਾਨਾ ਨੂੰ ਇਨਸਾਨ ਨਹੀਂ ਸਮਝਦੀ।ਮੈਨੂੰ ਮੇਰੇ ਇਕ ਮਿੱਤਰ ਦੀ ਗੱਲ ਯਾਦ ਆ ਗਈ ਉਹ ਕਹਿੰਦਾ ਹੁੰਦਾ ਸੀ ਪੁਲਿਸ ਵਿਚ ਭਰਤੀ ਉਸ ਆਦਮੀ ਨੂੰ ਕਰਦੇ ਹਨ ਜਿਹੜਾ ਆਦਮੀ ਇੰਟਰਵਿਉ ਲੈਣ ਵਾਲੇ ਨੂੰ ਗੱਲ-ਗੱਲ ਤੇ ਗਾਲ੍ਹਾਂ ਕੱਢਦਾ ਹੈ। ਮੈਂ ਬਹੁਤੀ ਰਾਤ ਇਨ੍ਹਾਂ ਖਿ਼ਆਲਾਂ ਵਿਚ ਹੀ ਕੱਢ ਦਿੱਤੀ ਮੈਂ ਕੇਵਲ ਦੋ ਘੰਟੇ ਹੀ ਸੌਂ ਸਕਿਆ ।ਸਵੇਰ ਹੋਈ ਤਾਂ ਨੰਬਰਦਾਰ ਕੇਹਰ ਸਿੰਘ ਕਾਰ ਲੈਕੇ ਸਾਡੇ ਘਰ ਆਗਿਆ।ਕਿਉਂਕਿ ਅੱਜ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਸੀ ਅਤੇ ਕਾਲਜ ਵਿਚ ਛੱੁਟੀ ਸੀ,ਬਾਪੂ ਜੀਦੇ ਕਹਿਣ ਤੋਂ ਬਆਦ ਮੈਂ ਵੀ ਉਨ੍ਹਾਂ ਨਾਲ ਜਾਣ ਵਾਸਤੇ ਤਿਆਰ ਹੋ ਗਿਆ ।ਥਾਣੇ ਪਹੁੰਚ ਕੇ ਅਸੀਂ ਸਿੱਧੇ ਥਾਣੇਦਾਰ ਦੇ ਦਫਤਰ ਵਿਚ ਚਲੇ ਗਏ ।ਥਾਣੇਦਾਰ ਸਾਨੂੰ ਬੜੀ ਗਰਮਜੋਸ਼ੀ ਨਾਲ ਮਿਲਿਆ ਅਤੇ ਕਹਿਣ ਲੱਗਿਆ ,”ਸਰਪੰਚ ਸਾਹਿਬ ,ਦਾਸ ਨੂੰ ਹੁਕਮ ਕਰਦੇ ਮੈਂ ਆ ਜਾਂਦਾ ਤੁਸੀਂ ਇੱਥੇ ਆਉਣ ਦੀ ਕਿਉਂ ਤਕਲੀਫ਼ ਕੀਤੀ ਹੈ ।”
“ਥਾਣੇਦਾਰਾ ਤੈਨੂੰ ਥਾਣੇਦਾਰੀ ਕੀ ਮਿਲ ਗਈ ਤੂੰ ਤਾਂ ਸਾਨੂੰ ਭੱੁਲ ਹੀ ਗਿਆ ਹੈਂ,ਤੈਨੂੰ ਸਾਡਾ ਪਿੰਡ ਹੀ ਮਿਲਿਆ ਸੀ ਆਪਣਾ ਰੋਹਬ ਪਾਉਣ ਵਾਸਤੇ।ਮੰਤਰੀ ਦੀ ਸਿਫ਼ਾਰਸ਼ ਨਾਲ ਬੜੀ ਮੁਸ਼ਕਲ ਨਾਲ ਤੈਨੂੰ ਇਹ ਨੌਕਰੀ ਦੁਆਈ ਹੈ, ਜਿਹੜੇ ਅਸੀਂ ਉਸਨੂੰ ਪੈਸੇ ਦਿੱਤੇ ਸਨ ਉਸਦਾ ਕਦੇ ਵੀ ਤੇਰੇ ਕੋਲ ਜਿ਼ਕਰ ਨਹੀਂ ਕੀਤਾ, ਮੰਤਰੀ ਤਾਂ ਹੋਰ ਕਿਸੇ ਨੂੰ ਨੌਕਰੀ ਦੇਣ ਲੱਗਿਆ ਸੀ ਤੇ ਅਸੀਂ ਕਹਿ ਦਿੱਤਾ ਕਿ ਤੂੰ ਸਾਡਾ ਮਿੱਤਰ ਹੈਂ ਉਹ ਤਾਂ ਮੰਨਦਾ ਨਹੀਂ ਸੀ ਤੇ ਅਸੀਂ ਅਗਲੀਆਂ ਚੋਣਾ ਵਿਚ ਸਾਰੇ ਪਿੰਡ ਦੀਆਂ ਵੋਟਾਂ ਉਸਨੂੰ ਪਾਉਣ ਦਾ ਵਾਅਦਾ ਕਰਕੇ ਮਨਾਇਆ ਸੀ, ਸੋਚਿਆ ਸੀ ਅੜੀ ਥੁੜੀਤੂੰ ਸਾਡੇ ਕੰਮ ਆਵੇਂਗਾ ਤੇ ਤੂੰ ਸਾਡੀ ਗੈਰਹਾਜਰੀ ਵਿਚ ਸਾਡੇ ਬੰਦੇ ਹੀ ਪਕੜ ਲਿਆਇਆ ਹੈਂ।” ਇਹ ਕਹਿਕੇ ਬਾਪੂ ਜੀਨੇ ਉਸਦੀ ਸਾਰੀ ਥਾਣੇਦਾਰੀ ਝਾੜ ਦਿੱਤੀ।

ਥਾਣੇਦਾਰ ਕਹਿਣ ਲੱਿਗਆ,”ਤੁਸੀਂ ਦੋਵੇਂ ਮੇਰੇ ਸਿਰ ਦੇ ਤਾਜ ਹੋ, ਪਰ ਕੀ ਕੀਤਾ ਜਾਵੇ ਉੱਤੋਂ ਛਾਪਾ ਮਾਰਨ ਦਾ ਹੁਕਮ ਹੋਇਆ ਸੀਤੁਸੀਂ ਵੀ ਸਿਆਣੇ ਹੋ ਉਤਲਿਆਂ ਦਾ ਹੁਕਮ ਵੀ ਮੰਨਣਾ ਪੈਂਦਾ ਹੈ” ਥਾਣੇਦਾਰ ਬੜੀ ਨਰਮਾਈ ਨਾਲ ਕਹਿ ਰਿਹਾ ਸੀ।
ਕਰ ਲੈਣਦੇ ਮੰਤਰੀ ਜੀ ਨੂੰ ਫੋਨ ,ਤੇਰੇ ਉਤਲਿਆਂ ਦੀ ਵੀ ਭੁਗਤ ਸਵਾਰਦੇ ਐਂਇਕ ਵਾਰੀ ਮੰਤਰੀ ਜੀ ਨੇ ਝਾੜ ਪਾਈ ਤਾਂ ਤੇਰੇ ਉਤਲੇ ਵੀ ਤਕਲੇ ਵਾਂਗ ਸਿੱਧੇ ਹੋ ਜਾਣਗੇ।” ਬਾਪੂ ਜੀ ਨੇ ਇਹ ਕਹਿਕੇ ਥਾਣੇਦਾਰ ਨੂੰ ਹੋਰ ਵੀ ਨੀਵਾਂ ਕਰ ਦਿੱਤਾ।ਮੈਂ ਸੋਚ ਰਿਹਾ ਸੀ ਇਹ ਉਹੀ ਥਾਣੇਦਾਰ ਹੈ ਜਿਹੜਾ ਕਲ੍ਹ ਗਰੀਬਾਂ ਤੇ ਜੁਲਮ ਢਾਅ ਰਿਹਾ ਸੀ।

ਥਾਣੇਦਾਰਾ ,ਸ਼ਰਾਬ ਤਾਂ ਸਾਡੀ ਸੀ ਪਕੜ ਤੁੰ ਵਿਚਾਰੇ ਗਰੀਬਾਂ ਨੂੰ ਲਿਆਇਆ ਹੈਂ।”ਨੰਬਰਦਾਰ ਨੇ ਪਕੜੇ ਹੋਏ ਬੰਦਿਆਂ ਨੂੰ ਛੱਡਣ ਵਾਸਤੇ ਕਿਹਾ ।
“ਫਿਕਰ ਨਾ ਕਰੋ ਸਰਦਾਰ ਸਾਹਬ ਤੁਹਾਡੇ ਬੰਦੇ ਪਿੰਡ ਪਹੁੰਚ ਜਾਣਗੇ ।” ਥਾਣੇਦਾਰ ਨੇ ਹੋਰ ਵੀ ਨਰਮਾਈ ਨਾਲ ਕਿਹਾ।ਅਤੇ ਸਿਪਾਹੀ ਮਹਾਂ ਸਿੰਘ ਨੂੰ ਨਮਕੀਨ ਅਤੇ ਰਾਤ ਦੀ ਲਿਆਂਦੀ ਹੋਈ ਸਰਾਬ ਅੰਦਰਲੇ ਕਮਰੇ ਵਿਚ ਰੱਖਣ ਵਾਸਤੇ ਕਿਹਾ,ਅਤੇ ਨਾਲ ਹੀ ਹਿਦਾਇਤ ਦਿੱਤੀ ਕਿ ਕੋਈ ਵੀ ਉਸਨੂੰ ਮਿਲਣ ਵਾਸਤੇ ਆਵੇ ਤਾਂ ਕਹਿ ਦੇਈਂ ਸਾਹਿਬ ਬਾਹਰ ਦੌਰੇ ਤੇ ਗਏ ਹੋਏ ਹਨ ਤੇ ਅਸੀਂ ਸਾਰੇ ਅੰਦਰਲੇ ਕਮਰੇ ਵਿਚ ਚਲੇ ਗਏ।ਚਾਰ ਗਲਾਸਾਂ ਵਿਚ ਸ਼ਰਾਬ ਪਾਉਂਦੇ ਹੋਏ ਮੇਰੇ ਬਾਪੂ ਜੀ ਨੂੰ ਥਾਣੇਦਾਰ ਨੇ ਕਿਹਾ,” ਸਰਪੰਚ ਜੀ ਇਹ ਉਹੀ ਸ਼ਰਾਬ ਹੈ ਜਿਹੜੀ ਕੱਲ ਤੁਹਾਡੇ ਪਿੰਡੋਂ ਛਾਪਾ ਮਾਰਕੇ ਲਿਆਂਦੀ ਸੀਪਹਿਲਾਂ ਥੋਹੜੀ ਪੀਕੇ ਦੇਖੋ ਜੇ ਤੁਸੀਂ ਘਰ ਵੀ ਲੇਕੇ ਜਾਣੀ ਹੋਈ ਤਾਂ ਬੋਤਲਾਂ ਭਰ ਦਿਆਂਗੇ।ਕਾਗਜੀ ਕਾਰਵਾਈ ਕਰਨੀ ਸਾਡੇ ਹੱਥ ਵਿਚ ਹੈਰੋਜਨਾਮਚੇ ਦੇ ਵਿਚ ਜੋ ਮਰਜੀ ਲਿਖ ਦੇਈਏ।”
ਥਾਣੇਦਾਰ ਨੇ ਗਲਾਸ ਭਰਨ ਤੋਂ ਬਾਅਦ ਕਿਹਾ “ਲਉ ਸਰਦਾਰ ਸਾਹਿਬ ਚੱੁਕੋ ਗਲਾਸਤੁਹਾਡੀ ਸ਼ਰਾਬ ਤੁਹਾਨੂੰ ਹੀ ਪਿਆ ਰਿਹਾ ਹਾਂ।ਦੇਖੀਏ ਕਿਹੋ ਜਿਹਾ ਸਵਾਦ ਹੈ।”

ਮੈਂ ਥਾਣੇਦਾਰ ਨੂੰ ਕਿਹਾ,” ਅੰਕਲ ਜੀ ਮੈਂ ਤਾਂ ਸ਼ਰਾਬ ਪੀੰਦਾ ਨਹੀਂ ਤੁਹਾਨੂੰ ਪਤਾ ਹੈ ਸ਼ਰਾਬ ਜਹਿਰ ਹੁੰਦੀ ਹੈਜਿਸ ਦੇ ਪੀਣ ਨਾਲ ਹੋਲੀ ਹੋਲੀ ਬੰਦਾ ਮਰ ਜਾਂਦਾ ਹੈ।”
“ਪੁੱਤ ਸਾਨੂੰ ਕਿਹੜੀ ਮਰਨ ਦੀ ਕਾਹਲੀ ਹੈ।” ਥਾਣੇਦਾਰ ਨੇ ਹੱਸਕੇ ਕਿਹਾ।
ਮੈਂ ਫੇਰ ਕਿਹਾ, “ ਅੰਕਲ ਜੀ ਅੱਜ ਤਾਂ ਵੈਸੇ ਵੀ ਤੁਹਾਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਕਿਉਂਕਿ ਅੱਜ ਪੂਜਨੀਕ ਰਾਸ਼ਟਰਪਿਤਾ ਮਹਾਤਮਾ ਗੰਧੀ ਦਾ ਜਨਮ ਦਿਨ ਹੈਅਤੇ ਸਰਕਾਰ ਨੇ ਅੱਜ ਦੇ ਦਿਨ ਨੂੰ ਡਰਾਈ ਡੇ ਮਨਾਉਣ ਦਾ ਦਿਨ ਮਿਥਿਆ ਹੈ ਬਈ ਅੱਜ ਦੇ ਦਿਨ ਕੋਈ ਵੀ ਸ਼ਰਾਬ ਨਾ ਪੀਵੇ।”

ਮੇਰੀ ਗੱਲ ਸੁਣਕੇ ਪਹਿਲਾਂ ਤਾਂ ਥਾਣੇਦਾਰ ਬਹੁਤ ਹੱਸਿਆਫੇਰ ਬਾਪੂ ਜੀ ਅਤੇ ਨੰਬਰ ਦਾਰ ਜੀ ਨੂੰ ਕਿਹਾ ,”ਕਾਕਾ ਜੇ ਨਹੀਂ ਪੀਂਦਾ ਤਾਂ ਕੋਈ ਗੱਲ ਨਹੀਂਤੁਸੀਂ ਤਾਂ ਪੀਂਦੇ ਹਂੋ ਨਾ ਚਲੋ ਅੱਜ ਡਰਾਈ ਡੇ ਮਨਾਉਣ ਦੀ ਖੁਸ਼ੀ ਵਿਚ ਪੀਲਉ
ਥਾਣੇਦਾਰ ਦੀ ਇਹ ਗੱਲ ਕਹਿਣ ਤੋਂ ਬਾਅਦ ਸਾਰਿਆਂ ਨੇ ਗਲਾਸ ਮੰੂਹ ਨੂੰ ਲਗਾ ਲਏ।ਸ਼ਰਾਬ ਦੀ ਘੁੱਟ ਭਰਨ ਤੋਂ ਬਾਅਦ ਥਾਣੇਦਾਰ ਨੇ ਬਾਪੂ ਜੀ ਦੀ ਤਾਰੀਫ਼ ਕਰਦੇ ਹੋਏ ਕਿਹਾ,ਮੰਨ ਗਏ ਜੀ ਤੁਹਾਨੂੰਸ਼ਰਾਬ ਬਣਾਉਣੀ ਕੋਈ ਤੁਹਾਡੇ ਤੋਂ ਸਿੱਖੇ।ਹੁਣ ਜੇ ਲੋੜ ਪਈ ਤਾਂ ਤੁਹਾਡੇ ਕੋਲੋਂ ਹੀ ਸ਼ਰਾਬ ਬਣਵਾਵਾਂਗੇ।”

ਕਿਉਂ ਨਹੀਂ–ਕਿਉਂ ਨਹੀਂ ਥਾਣੇਦਾਰਾ ਜਦੋਂ ਕਹੇਂਗਾ ਸ਼ਰਾਬ ਬਣਵਾ ਦਿਆਂਗੇ,ਪਰ ਅੱਗੇ ਤੋਂ ਸਾਡੇ ਪਿੰਡ ਆਕੇ ਸਾਡੇ ਤੋਂ ਪੱੁਛੇ ਬਗੈਰ ਕੋਈ ਕਰਵਾਈ ਨਹੀਂ ਕਰਨੀ।” ਬਾਪੂ ਜੀ ਨੇ ਥਾਣੇਦਾਰ ਨੂੰ ਹਿਦਾਇਤ ਕੀਤੀ ।
“ਥਾਣੇਦਾਰਾ ਤੈਨੂੰ ਭਲਾ ਸ਼ਰਾਬ ਬਣਵਾਉਣ ਦੀ ਕੀ ਜਰੂਰਤ ਹੈ ਜਦੋਂ ਚਾਹੀਦੀ ਹੋਈ ਕਿਤੇ ਨਾ ਕਿਤੇ ਛਾਪਾ ਮਾਰ ਆਇਆ ਕਰ।” ਨੰਬਰਦਾਰ ਨੇ ਕਿਹਾ।

ਨੰਬਰਦਾਰ ਦੀ ਕਹੀ ਹੋਈ ਗੱਲ ਤੋਂ ਸ਼ਰਮਿੰਦਾ ਜਿਹਾ ਹੋਕੇ ਥਾਣੇਦਾਰ ਨੇ ਕਿਹਾ,”ਅੱਛਾ ਬਾਬਾ ਹੁਣ ਮਾਫ਼ ਵੀ ਕਰੋਮੰਨਿਆਂ ਮੈਥੋਂ ਗਲਤੀ ਹੋ ਗਈ, ਮੈਂ ਤਾਂ ਅੱਗੇ ਹੀ ਸ਼ਰਮਿੰਦਾ ਹਾਂ ,ਹੋਰ ਕਾਹਨੂੰ ਸ਼ਰਮਿੰਦਾ ਕਰਦੇ ਹੋਂ।” ਤੇ ਸਾਨੂੰ ਉਠਦਿਆਂ ਹੋਇਆਂ ਥਾਣੇਦਾਰ ਕਹਿਣ ਲੱਿਗਆ,ਲਉ ਤੁਸੀਂ ਤਾਂ ਉੱਠਕੇ ਵੀ ਚੱਲ ਪਏ,ਥੋਹੜੀ ਜੀ ਤਾਂ ਹੋਰ ਪੀਲੈਂਦੇ,ਤੁਹਾਡੀ ਕੋਈ ਸੇਵਾ ਤਾਂ ਹੋਈ ਨਹੀਂ ।”
“ਸੇਵਾ ਹੀ ਸੇਵਾ ਹੈ ਥਣੇਦਾਰਾ ਬਸ ਸਾਡੇ ਪਿੰਡ ਤੇ ਮੇਹਰ ਦਾ ਹੱਥ ਰੱਖਿਆ ਕਰ।” ਬਾਪੂ ਜੀ ਦੀ ਇਹ ਗੱਲ ਕਹਿਣ ਤੋਂ ਬਾਅਦ ਅਸੀਂ ਤਿੰਨੇ ਜਣੇ ਥਾਣੇ ਤੋਂ ਬਾਹਰ ਆ ਗਏ ।ਘਰ ਨੂੰ ਆਉਂਦੇ ਹੋਏ ਰਾਹ ਵਿਚ ਮੈਂ ਸੋਚ ਰਿਹਾ ਸੀਕਿ ਇਹ ਚੰਗਾ ਡਰਾਈ ਡੈ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇ ਡੀ ਜੀ ਦੀਆਂ ਚਾਰ ਰਚਨਾਵਾਂ
Next article*ਤਿੰਨ ਰੋਜ਼ਾ ਸੂਬਾਈ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਸਫਲਤਾ ਪੂਰਵਕ ਸੰਪੰਨ*