(ਸਮਾਜ ਵੀਕਲੀ)
ਹਰ ਪਾਸੇ ਨਸ਼ਿਆਂ ਨਾਲ ਮਚੀ ਬਰਬਾਦੀ ਅਤੇ ਤਬਾਹੀ ਨੇ ਲੋਕਾਂ ਦੇ ਘਰਾਂ ਤੇ ਰਿਸ਼ਤਿਆਂ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ।ਪਰ ਕਿੱਧਰੇ ਕੋਈ ਸੁਧਾਰ ਵਾਲਾ ਕਦਮ ਚੁੱਕਿਆ ਵਿਖਾਈ ਨਹੀਂ ਦੇ ਰਿਹਾ। ਹਕੀਕਤ ਇਹ ਹੈ ਕਿ ਸਰਕਾਰ ਅਤੇ ਪ੍ਰਸਾਸ਼ਨ ਦਾ ਨਸ਼ਿਆਂ ਨੂੰ ਖਤਮ ਕਰਨ ਲਈ ਗੰਭੀਰ ਹੋਣਾ ਬੇਹੱਦ ਜ਼ਰੂਰੀ ਹੈ।ਲੋਕ ਤਾਂ ਸਾਥ ਦੇਣ ਲਈ ਪਹਿਲਾਂ ਹੀ ਆਵਾਜ਼ਾਂ ਮਾਰ ਰਹੇ ਹਨ।ਪਿੰਡਾਂ ਵਿੱਚ ਲੋਕਾਂ ਨੇ ਇਕੱਠੇ ਹੋਕੇ ਨਸ਼ਾ ਵੇਚਣ ਵਾਲਿਆਂ ਨੂੰ ਫੜਨਾ ਸ਼ੁਰੂ ਕੀਤਾ ਹੈ।ਪਰ ਸਮੱਸਿਆ ਉਹ ਸ਼ਰੇਆਮ ਕਹਿ ਰਹੇ ਹਨ ਕਿ ਪੁਲਿਸ ਛੱਡ ਦਿੰਦੀ ਹੈ।ਲੋਕ ਹੁਣ ਚੈਨਲਾਂ ਸਾਹਮਣੇ, ਵੀਡੀਓ ਆਪ ਬਣਾ ਕੇ,ਫੇਸ ਬੁੱਕ ਤੇ ਲਾਈਵ ਹੋਕੇ ਬਹੁਤ ਕੁੱਝ ਦੱਸ ਰਹੇ ਹਨ।ਬਹੁਤ ਥਾਵਾਂ ਤੇ ਲੋਕ ਪੁਲਿਸ ਨਾਲ ਵੀ ਬਹਿਸ ਦੇ ਅਤੇ ਉਲਝੇ ਵਿਖਾਈ ਦਿੰਦੇ ਹਨ।ਲੋਕ ਹੁਣ ਕਹਿ ਰਹੇ ਹਨ ਕਿ ਜੇਕਰ ਨਸ਼ਾ ਤਸਕਰਾਂ ਨੂੰ ਫੜਨਾ ਸਿਰਫ ਸਾਡਾ ਕੰਮ ਹੈ ਤਾਂ ਵਰਦੀਆਂ ਸਾਨੂੰ ਦੇ ਦਿਉ।ਕਈ ਪਿੰਡਾਂ ਵਿੱਚ ਹੁਣ ਲੋਕ ਇਕੱਠੇ ਹੋ ਰਹੇ ਹਨ।
ਕੁੱਝ ਪੰਚਾਇਤਾਂ ਨੇ ਮਤੇ ਪਾਏ ਹਨ।ਪਰ ਸਰਕਾਰ ਅਤੇ ਪ੍ਰਸ਼ਾਸ਼ਨ ਦਾ ਸਾਥ ਲੋਕਾਂ ਨੂੰ ਮਿਲੇ ਬਗੈਰ ਮਿਹਨਤ ਬੇਕਾਰ ਹੋ ਰਹੀ ਹੈ। ਨਸ਼ਿਆਂ ਨੇ ਰਿਸ਼ਤਿਆਂ ਅਤੇ ਘਰਾਂ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ।ਪ੍ਰਸ਼ਾਸ਼ਨ ਨੂੰ ਇੰਜ ਲੱਗਦਾ ਹੈ ਜਿਵੇਂ ਅਸੀਂ ਕੋਈ ਵੱਖਰੀ ਹੀ ਦੁਨੀਆਂ ਦੇ ਵਿੱਚੋਂ ਹਾਂ।ਜਿਵੇਂ ਦੇ ਹਾਲਾਤ ਅਤੇ ਮਾਹੌਲ ਬਣ ਰਿਹਾ ਹੈ,ਤੁਸੀਂ ਆਪਣੀਆਂ ਔਲਾਦਾਂ ਇਸ ਮਾਹੌਲ ਤੋਂ ਕਿਵੇਂ ਤੇ ਕਿੰਨੀ ਦੇਰ ਬਚਾਅ ਸਕੋਗੇ। ਅੱਜ ਮਾਪੇ ਪੁੱਤਾਂ ਤੋਂ ਕੁੱਟ ਖਾ ਰਹੇ ਹਨ ਕਿਉਂਕਿ ਉਹ ਔਲਾਦ ਨੂੰ ਨਸ਼ੇ ਕਰਨ ਤੋਂ ਮਨ੍ਹਾਂ ਕਰਦੇ ਹਨ।ਨਸ਼ੇ ਲੈਣ ਲਈ ਜਦੋਂ ਪੈਸੇ ਮਾਪੇ ਦੇਣ ਤੋਂ ਇਨਕਾਰ ਕਰਦੇ ਹਨ ਤਾਂ ਕੁੱਟ ਮਾਰ ਤੱਕ ਗੱਲ ਚਲੀ ਜਾਂਦੀ ਹੈ।ਮਾਪਿਆਂ ਦਾ ਬੁਢਾਪਾ ਨਰਕ ਬਣ ਜਾਂਦਾ ਹੈ।ਜੇਕਰ ਵਿਆਹੇ ਹੋਏ ਹਨ ਤਾਂ ਮਾਪਿਆਂ ਦੇ ਨਾਲ ਨਾਲ ਪਤਨੀ ਅਤੇ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਹੋ ਜਾਂਦੀ ਹੈ।
ਕੁੜੀਆਂ ਤੇ ਔਰਤਾਂ ਵੀ ਨਸ਼ੇ ਵੇਚਣ ਅਤੇ ਲੈਣ ਲੱਗ ਗਈਆਂ ਹਨ।ਪਰਿਵਾਰ ਤਾਂ ਤਬਾਹ ਹੋਣੇ ਹੀ ਹਨ।ਕਈ ਥਾਵਾਂ ਤੇ ਔਰਤਾਂ ਦਿਹਾੜੀ ਜਾਂ ਕੋਈ ਕੰਮ ਕਰਦੀਆਂ ਹਨ ਅਤੇ ਨਸ਼ਾ ਕਰਨ ਵਾਲਾ ਪੁੱਤ ਜਾਂ ਪਤੀ ਨਸ਼ੇ ਲਈ ਲੈ ਜਾਂਦਾ ਹੈ।ਕਈ ਦਾਦੇ ਦਾਦੀਆਂ ਪੋਤੇ ਪੋਤੀਆਂ ਨੂੰ ਪਾਲ ਰਹੇ ਹਨ।ਕਿਉਂਕਿ ਨਸ਼ੇੜੀ ਪੁੱਤਾਂ ਦੀਆਂ ਪਤਨੀਆਂ ਉਨ੍ਹਾਂ ਛੱਡਕੇ ਚਲੀਆਂ ਗਈਆਂ।ਕਈ ਪਤੀਆਂ ਦੀ ਮੌਤ ਤੋਂ ਬਾਅਦ ਬੱਚੇ ਬਜ਼ੁਰਗਾਂ ਕੋਲ ਛੱਡਕੇ ਚਲੀਆਂ ਗਈਆਂ। ਘਰਾਂ ਵਿੱਚ ਇੰਨਾ ਸਹਿਮ,ਡਰ ਅਤੇ ਪ੍ਰੇਸ਼ਾਨੀ ਵਾਲਾ ਮਾਹੌਲ ਹੁੰਦਾ ਹੈ ਕਿ ਉਹ ਘਰ ਹੀ ਮਹਿਸੂਸ ਨਹੀਂ ਹੁੰਦਾ।ਕਿੰਨੀਆਂ ਥਾਵਾਂ ਤੇ ਨਸ਼ੇ ਦੇ ਲੋਰ ਵਿੱਚ ਜਾਂ ਨਸ਼ੇ ਦੀ ਪੂਰਤੀ ਲਈ ਪੈਸਿਆਂ ਪਿੱਛੇ ਆਪਣਿਆਂ ਦੇ ਕਤਲ ਕਰ ਦਿੱਤੇ ਗਏ। ਇਹ ਸਾਰਾ ਕੁੱਝ ਸਾਡੀਆਂ ਚੁਣੀਆਂ ਸਰਕਾਰਾਂ ਨੂੰ ਵੀ ਵਿਖਾਈ ਨਹੀਂ ਦਿੰਦਾ ਅਤੇ ਸਾਡੇ ਟੈਕਸਾਂ ਦੇ ਪੈਸਿਆਂ ਚੋਂ ਤਨਖੁਲੈਣ ਵਾਲਿਆਂ ਨੂੰ ਵੀ ਮਹਿਸੂਸ ਨਹੀਂ ਹੁੰਦਾ।
ਪਰਿਵਾਰ ਨਰਕ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹੋ ਜਾਂਦੇ ਹਨ ਅਤੇ ਹਰ ਕੋਈ ਤੰਗ ਆਇਆ ਉਸਦੀ ਮੌਤ ਮੰਗਣ ਲੱਗ ਜਾਂਦਾ ਹੈ।
ਸਿਆਣੇ ਕਹਿੰਦੇ ਨੇ ਖਾਧਿਆਂ ਤਾਂ ਖੂਹ ਵੀ ਖਾਧੇ ਜਾਂਦੇ ਹਨ।ਜਦੋਂ ਨਸ਼ਿਆਂ ਵਿੱਚ ਘਰਦੀ ਕਮਾਈ ਜਾਣ ਲੱਗ ਜਾਏ ਤਾਂ ਘਰ ਉਜਾੜੇ ਵਾਲੇ ਪਾਸੇ ਜਾਣ ਲੱਗ ਜਾਂਦੇ ਹਨ।ਇਸ ਵਕਤ ਚਿੱਟੇ ਦੀ ਮਾਰ ਪੈ ਰਹੀ ਹੈ।ਇਹ ਦੂਸਰੇ ਨਸ਼ਿਆਂ ਦੇ ਮੁਕਾਬਲੇ ਮਹਿੰਗਾ ਵੀ ਹੈ ਅਤੇ ਖਤਰਨਾਕ ਵੀ।ਜਿਹੜੇ ਪੀ ਰਹੇ ਹਨ ਉਹ ਹਜ਼ਾਰਾ ਰੁਪਏ ਰੋਜ਼ ਚਿੱਟੇ ਦੇ ਨਸ਼ੇ ਤੇ ਫੂਕ ਦਿੰਦੇ ਹਨ।ਇਸਦੀ ਪੂਰਤੀ ਲਈ ਉਹ ਕੁੱਝ ਵੀ ਕਰਨ ਲਈ ਤਿਆਰ ਰਹਿੰਦੇ ਹਨ।ਆਪਣੇ ਘਰ ਚੋਰੀ,ਬਾਹਰ ਚੋਰੀ,ਖੋਹਾਂ ਖਿੰਝਾਂ ਅਤੇ ਹੋਰ ਅਪਰਾਧ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।ਚਿੱਟੇ ਦਾ ਨਸ਼ਾ ਕਰਨ ਵਾਲਿਆਂ ਦੇ ਘਰਾਂ ਦੀ ਬਰਬਾਦੀ ਅਤੇ ਤਬਾਹੀ ਇਸ ਹੱਦ ਤੱਕ ਵੇਖਣ ਨੂੰ ਮਿਲਦੀ ਹੈ ਕਿ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।
ਘਰਾਂ ਦੇ ਭਾਂਡੇ,ਕੱਪੜੇ,ਫਰਨੀਚਰ,ਸਕੂਟਰ ਆਦਿ,ਗਰਿਲਾਂ,ਗੇਟ ਅਤੇ ਇੱਟਾਂ ਤੱਕ ਵੇਚ ਦਿੰਦੇ ਹਨ।ਘਰਾਂ ਦੀ ਹਾਲਤ ਵੇਖਕੇ ਦੁੱਖ ਹੁੰਦਾ ਹੈ ਅਤੇ ਆਪਣੀਆਂ ਚੁਣੀਆਂ ਸਰਕਾਰਾਂ ਲਈ ਸ਼ਰਮ ਮਹਿਸੂਸ ਹੁੰਦੀ ਹੈ।ਨਸ਼ਿਆਂ ਪਿੱਛੇ ਵੋਟਾਂ ਵੇਚ ਦਿੱਤੀਆਂ ਜਾਂਦੀਆਂ ਰਹੀਆਂ ਹਨ।ਉਹ ਵੇਚੀਆਂ ਵੋਟਾਂ ਨੇ ਪਰਿਵਾਰਾਂ ਅਤੇ ਸਮਾਜ ਨੂੰ ਬਰਬਾਦ ਕਰ ਦਿੱਤਾ।ਹੁਣ ਨਸ਼ੇ ਖਤਮ ਕਰਨ ਦੀ ਆੜ ਵਿੱਚ ਬੇਕਸੂਰ ਵੀ ਰਗੜੇ ਜਾ ਸਕਦੇ ਹਨ।ਅਜਿਹਾ ਫਿਰੋਜ਼ਪੁਰ ਵਿੱਚ ਵਾਪਰਿਆ ਹੈ।ਪਤਾ ਨਹੀਂ ਕਿੰਨੀਆਂ ਅਜਿਹੀਆਂ ਖਬਰਾਂ ਸੁਰਖੀਆਂ ਬਣੀਆਂ ਹੀ ਨਹੀਂ ਹੋਣੀਆਂ।
ਨੇਤਾਗਿਰੀ ਅਤੇ ਅਫਸਰੀਆਂ ਵੀ ਉਦੋਂ ਤੱਕ ਹਨ ਜਦੋਂ ਤੱਕ ਪੰਜਾਬ ਅਤੇ ਪੰਜਾਬ ਦੇ ਲੋਕ ਹਨ।ਕੁੱਝ ਨਸ਼ਿਆਂ ਨੇ ਖਾ ਲਏ, ਕੁੱਝ ਵਿਦੇਸ਼ਾਂ ਨੂੰ ਚਲੇ ਗਏ। ਰਹਿੰਦੇ ਬਜ਼ੁਰਗਾਂ ਨੇ ਵੀ ਖਤਮ ਹੋ ਜਾਣਾ ਹੈ।ਫੇਰ ਤਾਂ ਸਿਆਣਿਆਂ ਦੀ ਗੱਲ ਯਾਦ ਆਵੇਗੀ,”ਉਜੜੇ ਬਾਗਾਂ ਦੇ ਗਾਲੜ ਪਟਵਾਰੀ।”ਕੁਦਰਤ ਨੇ ਆਪਣੇ ਫੈਸਲੇ ਵੀ ਕਰਨੇ ਹਨ।ਜੇਕਰ ਦੂਸਰਿਆਂ ਦੀ ਬਰਬਾਦੀ ਅਤੇ ਤਬਾਹੀ ਤੇ ਦਰਦ ਮਹਿਸੂਸ ਨਹੀਂ ਹੁੰਦਾ ਤਾਂ ਕੁਦਰਤ ਮਹਿਸੂਸ ਕਰਵਾਉਣ ਲਈ ਕੁੱਝ ਵੀ ਕਰ ਸਕਦੀ ਹੈ।
ਬਹੁਤ ਜਾਗਦੀਆਂ ਜ਼ਮੀਰਾਂ ਵਾਲੇ ਹਰ ਵਿਭਾਗ ਵਿੱਚ ਹਨ।ਉਨ੍ਹਾਂ ਨੂੰ ਵੀ ਲੋਕਾਂ ਦੀ ਮਦਦ ਲਈ ਕਦਮ ਚੁੱਕਣੇ ਚਾਹੀਦੇ ਹਨ।ਮੌਜੂਦਾ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ।ਪਰ ਜਿੰਨੀ ਦੇਰ ਸਰਕਾਰੀ ਤੰਤਰ ਲੀਹੇ ਨਹੀਂ ਪੈਂਦਾ ਸੁਧਾਰ ਵਾਲੀ ਗੱਡੀ ਦਾ ਤੁਰਨਾ ਬੇਹੱਦ ਔਖਾ ਹੈ।ਚਲੋ ਜਿਵੇਂ ਵੀ ਨਸ਼ਿਆਂ ਨੂੰ ਖਤਮ ਕਰਨ ਲਈ ਕੁੱਝ ਕਰ ਸਕਦੇ ਹਾਂ ਜ਼ਰੂਰ ਕਰੀਏ।ਜੇਕਰ ਲਿਖ ਸਕਦੇ ਹਾਂ ਤਾਂ ਲਿਖੀਏ,ਬੋਲ ਸਕਦੇ ਹਾਂ ਤਾਂ ਬੋਲੀਏ।ਆਪ ਜਾਗੀਏ ਅਤੇ ਹੋਰਾਂ ਨੂੰ ਜਗਾਈਏ।ਆਪਣੇ ਰਿਸ਼ਤਿਆਂ ਅਤੇ ਘਰਾਂ ਨੂੰ ਫੇਰ ਤੋਂ ਆਬਾਦ ਕਰੀਏ।ਆਪਣੇ ਲੋਕਾਂ ਅਤੇ ਪੰਜਾਬ ਨੂੰ ਬਚਾਉਣ ਵਿੱਚ ਯੋਗਦਾਨ ਪਾਈਏ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
ਮੋਬਾਈਲ ਨੰਬਰ 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly