ਮੁੰਬਈ (ਸਮਾਜ ਵੀਕਲੀ): ਬੰਬੇ ਹਾਈ ਕੋਰਟ ਵੱਲੋਂ ਕਰੂਜ਼ ਡਰੱਗਜ਼ ਕੇਸ ਦੇ ਸਬੰਧਤ ’ਚ ਇਸ ਮਹੀਨੇ ਐੱਨਸੀਬੀ ਵੱਲੋਂ ਫੜੇ ਗਏ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਤੇ ਦੋ ਹੋਰਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਭਲਕੇ 27 ਅਕਤੂਬਰ ਨੂੰ ਵੀ ਜਾਰੀ ਰਹੇਗੀ। ਆਰੀਅਨ (23) ਨੇ ਹਾਲਾਂਕਿ 2 ਅਕਤੂਬਰ ਨੂੰ ਕਰੂਜ਼ ’ਤੇ ਛਾਪੇ ਦੀ ਨਿਗਰਾਨੀ ਕਰਨ ਵਾਲੇ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ’ਤੇ ਲੱਗੇ ਕਥਿਤ ਜਬਰੀ ਵਸੂਲੀ ਦੇ ਦੋਸ਼ਾਂ ਤੋਂ ਖੁਦ ਨੂੰ ਪਾਸੇ ਲਾਂਭੇ ਲਿਆ ਹੈ। ਇਸੇ ਦੌਰਾਨ ਇੱਥੋਂ ਦੇ ਵਿਸ਼ੇਸ਼ ਐੱਨਡੀਪੀਐੱਸ ਅਦਾਲਤ ਨੇ ਇਸ ਕੇਸ ਨਾਲ ਸਬੰਧਤ ਦੋ ਹੋਰ ਮੁਲਜ਼ਮਾਂ ਨੂੰ ਅੱਜ ਜ਼ਮਾਨਤ ਦੇ ਦਿੱਤੀ ਹੈ।
ਜਸਟਿਸ ਐੱਨਡਬਲਿਊ ਸਾਂਬਰੇ ਦੀ ਅਦਾਲਤ ’ਚ ਆਰੀਅਨ ਵੱਲੋਂ ਪੇਸ਼ ਹੋਏ ਵਕੀਲਾਂ ਮੁਕੁਲ ਰੋਹਤਗੀ ਤੇ ਸਤੀਸ਼ ਮਾਨਸ਼ਿੰਦੇ ਨੇ ਕਿਹਾ ਕਿ ਨਸ਼ਾ ਕੰਟਰੋਲ ਬਿਊਰੋ (ਐੱਨਸੀਬੀ) ਕੋਲ ਆਰੀਅਨ ਖ਼ਿਲਾਫ਼ ਕੋਈ ਵੀ ਸਬੂਤ ਨਹੀਂ ਹੈ। ਸੀਨੀਅਰ ਵਕੀਲ ਰੋਹਤਗੀ ਨੇ ਅਦਾਲਤ ਨੂੰ ਦੱਸਿਆ, ‘ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਸਮੇਤ ਏਜੰਸੀ ਦੇ ਕਿਸੇ ਵੀ ਅਧਿਕਾਰੀ ਖ਼ਿਲਾਫ਼ ਆਰੀਅਨ ਦੀ ਕੋਈ ਸ਼ਿਕਾਇਤ ਨਹੀਂ ਹੈ। ਆਰੀਅਨ ਦਾ ਇਸ ਵਿਵਾਦ ਨਾਲ ਕੋਈ ਸਬੰਧ ਨਹੀਂ ਹੈ। ਉਹ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਹੋਣ ਤੋਂ ਇਨਕਾਰ ਕਰ ਚੁੱਕਾ ਹੈ।’
ਉਨ੍ਹਾਂ ਕਿਹਾ, ‘ਐੱਨਸੀਬੀ ਤੇ ਵਾਨਖੇੜੇ ਨੇ ਬੀਤੇ ਦਿਨ ਕਿਹਾ ਕਿ ਇੱਕ ਸਿਆਸੀ ਆਗੂ, ਜਿਸ ਦਾ ਜਵਾਈ ਇਸ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ, ਵੱਲੋਂ ਝੂਠੇ ਦੋਸ਼ ਲਾਏ ਜਾ ਰਹੇ ਸਨ। ਪਰ ਅੱਜ ਐੱਨਸੀਬੀ ਇਹ ਦੋਸ਼ ਆਰੀਅਨ ਖਾਨ ’ਤੇ ਮੜ੍ਹ ਰਹੀ ਹੈ ਤੇ ਕਹਿ ਰਹੀ ਹੈ ਕਿ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।’ ਰੋਹਤਗੀ ਨੇ ਕਿਹਾ ਕਿ ਆਰੀਅਨ ਤੇ ਹੋਰਾਂ ਨੂੰ ਜਿਸ ਐੱਨਡੀਪੀਐੱਸ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਘੱਟ ਮਾਤਰਾ ’ਚ ਨਸ਼ਾ ਮਿਲਣ ਨਾਲ ਸਬੰਧਤ ਹੈ।’ ਉਨ੍ਹਾਂ ਕਿਹਾ ਕਿ ਆਰੀਅਨ ਨੂੰ ਕਿਸੇ ਹੋਰ ਦੇ ਕਬਜ਼ੇ ’ਚੋਂ ਬਰਾਮਦ ਹੋਏ ਨਸ਼ੇ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ 23 ਸਾਲਾ ਨੌਜਵਾਨ ਨੂੰ ਗਲਤ ਢੰਗ ਨਾਲ ਗ੍ਰਿਫ਼ਤਾਰ ਕਰਕੇ ਪਿਛਲੇ 20 ਦਿਨ ਤੋਂ ਜੇਲ੍ਹ ’ਚ ਬੰਦ ਕੀਤਾ ਹੋਇਆ ਹੈ।
ਰੋਹਤਗੀ ਨੇ ਕਿਹਾ, ‘ਨਾ ਤਾਂ ਨਸ਼ਿਆਂ ਦੀ ਵਰਤੋਂ ਦਾ ਕੋਈ ਸਬੂਤ ਹੈ ਤੇ ਨਾ ਹੀ ਨਸ਼ਿਆਂ ਦੀ ਬਰਾਮਦਗੀ ਦਾ ਕੋਈ ਸਬੂਤ ਅਤੇ ਨਾ ਅਜਿਹਾ ਕੋਈ ਸਬੂਤ ਹੈ ਜੋ ਇਹ ਸਿੱਧ ਕਰਦਾ ਹੋਵੇ ਕਿ ਇਸ ਕਥਿਤ ਸਾਜ਼ਿਸ਼ ’ਚ ਉਸ ਦੀ ਸ਼ਮੂਲੀਅਤ ਹੋਵੇ ਜਿਵੇਂ ਕਿ ਐੱਨਸੀਬੀ ਨੇ ਦੋਸ਼ ਲਾਇਆ ਹੈ।’ ਰੋਹਤਗੀ ਵੱਲੋਂ ਬਹਿਸ ਮੁਕੰਮਲ ਕੀਤੇ ਜਾਣ ਮਗਰੋਂ ਹਾਈ ਕੋਰਟ ਨੇ ਕਿਹਾ ਕਿ ਭਲਕੇ ਕੇਸ ਦੇ ਸਹਿ-ਮੁਲਜ਼ਮ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਕੀਤੀ ਜਾਵੇਗੀ। ਉੱਧਰ ਵਿਸ਼ੇਸ਼ ਐੱਨਡੀਪੀਐੱਸ ਅਦਾਲਤ ਨੇ ਅੱਜ ਇਸ ਕੇਸ ਦੇ ਦੋ ਮੁਲਜ਼ਮਾਂ ਮਨੀਸ਼ ਰਾਜਗੜ੍ਹੀਆ ਤੇ ਅਵਿਨ ਸਾਹੂ ਨੂੰ ਜ਼ਮਾਨਤ ਦੇ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly