ਆਓ ਇੱਕ ਮੁਹਿੰਮ ਚਲਾਈਏ, ਪੰਜਾਬ ਨੂੰ ਨਸ਼ਾ ਮੁਕਤ ਕਰੀਏ – ਡਾ: ਮਹਿਮਾ ਮਿਨਹਾਸ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੋਮਲ ਮਿੱਤਲ ਆਈ.ਏ.ਐਸ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਚੇਅਰਪਰਸਨ ਜਿਲ੍ਹਾ ਨਸ਼ਾ ਛੁਡਾਊ ਪੁਨਰਵਾਸ ਸੁਸਾਇਟੀ ਹੁਸ਼ਿਆਰਪੁਰ ਅਤੇ ਡਾ: ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਜੀ.ਐਨ.ਏ. ਗੇਅਰ ਲਿਮਟਿਡ ਮੇਹਟੀਆਣਾ ਵਿਖੇ ਡਾ: ਮਹਿਮਾ ਮਿਨਹਾਸ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਅਤੇ ਰਸ਼ਪਾਲ ਸਿੰਘ ਅਤੇ ਮਨਪ੍ਰੀਤ ਕੋਰ ਦੀ ਅਗਵਾਈ ਹੇਠ ਜਾਗਰੂਕਤਾ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਨਸ਼ਾ ਛੁਡਾਊ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਤੋਂ ਡਾ: ਮਹਿਮਾ ਮਿਨਹਾਸ ਮੈਡੀਕਲ ਅਫ਼ਸਰ, ਮੈਨੇਜਰ ਨਿਸ਼ਾ ਰਾਣੀ, ਪ੍ਰਸ਼ਾਂਤ ਆਦੀਆ ਕੌਂਸਲਰ ਅਤੇ ਰਾਜਵਿੰਦਰ ਕੌਰ ਆਦਿ ਮੁੱਖ ਬੁਲਾਰਿਆਂ ਵਜੋਂ ਹਾਜ਼ਰ ਸਨ। ਇਸ ਮੌਕੇ ਮੈਨੇਜਰ ਨਿਸ਼ਾ ਨੇ ਪੀ.ਪੀ.ਟੀ ਰਾਹੀਂ ਨਸ਼ਿਆਂ ਦੇ ਕਾਰਨਾਂ, ਲੱਛਣਾਂ ਅਤੇ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਥੇ ਦੋ ਵਰਕਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਾਨੂੰ ਅੱਜ ਤੋਂ ਹੀ ਪਹਿਲ ਦੇ ਆਧਾਰ ‘ਤੇ ਕਦਮ ਚੁੱਕਣੇ ਪੈਣਗੇ। ਪ੍ਰਸ਼ਾਂਤ ਆਦੀਆ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਲੜਕੀਆਂ ਦੇਸ਼ ਦੀਆਂ ਨਿਰਮਾਤਾ ਹਨ, ਜਿਨ੍ਹਾਂ ਦਾ ਪਰਿਵਾਰਾਂ ਵਿਚ ਬਹੁਤ ਸਾਰੀਆਂ ਭੂਮਿਕਾਵਾਂ ਹੁੰਦੀਆਂ ਹਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਿਚ ਅਹਿਮ ਯੋਗਦਾਨ ਪਾ ਸਕਦੀਆਂ ਹਨ। ਯੁਵਾ ਸ਼ਕਤੀ ਕਿਸੇ ਵੀ ਦੇਸ਼ ਦੀ ਨੀਂਹ ਹੁੰਦੀ ਹੈ। ਆਪਣੇ ਭਵਿੱਖ ਨੂੰ ਬਚਾਉਣ ਲਈ ਸਾਨੂੰ ਇਸ ਸੰਦੇਸ਼ ਨੂੰ ਹਰ ਘਰ ਅਤੇ ਹਰ ਗਲੀ ਤੱਕ ਪਹੁੰਚਾਉਣਾ ਚਾਹੀਦਾ ਹੈ। ਸਾਨੂੰ ਨਸ਼ੇ ਦੀ ਲਤ ਤੋਂ ਪੀੜਤ ਵਿਅਕਤੀ ਨਾਲ ਨਫ਼ਰਤ ਕਰਨ ਦੀ ਬਜਾਏ ਉਸ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਸਥਾਨਕ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਕਿਉਂਕਿ ਉਸ ਵਿਅਕਤੀ ਨੂੰ ਸਾਥ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਉਸ ਦਾ ਸਾਥ ਦਿੰਦੇ ਹਾਂ ਤਾਂ ਹੀ ਸਾਡਾ ਇੱਥੇ ਆਉਣ ਦਾ ਮਕਸਦ ਸਫਲ ਹੋਵੇਗਾ। ਰਾਜਵਿੰਦਰ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਅਨੁਸਾਰ ਨਸ਼ਾ ਇੱਕ ਵਾਰ-ਵਾਰ ਚੱਲਣ ਵਾਲੀ ਮਾਨਸਿਕ ਬਿਮਾਰੀ ਹੈ, ਜਿਸ ਦਾ ਇਲਾਜ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸਾਰੀਆਂ ਸੰਸਥਾਵਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਲਈ ਸਿਹਤ ਵਿਭਾਗ ਉਨ੍ਹਾਂ ਦੀ ਮਦਦ ਅਤੇ ਸਹਿਯੋਗ ਲਈ ਤਿਆਰ ਹੈ। ਆਓ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮੁਹਿੰਮ ਚਲਾਈਏ। ਇਸ ਮੌਕੇ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਇਲਾਜ ਸਬੰਧੀ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly