(ਸਮਾਜ ਵੀਕਲੀ)
ਸੰਸਾਰ ਵਿੱਚ ਜਨਮ ਲੈਣ ਵਾਲੇ ਹਰ ਜੀਵ ਵਿੱਚ ਅਕਾਲ ਪੁਰਖ ਨੇ ਸਾਹਾਂ ਦੀ ਡੋਰ ਨੂੰ ਚਲਦੇ ਰੱਖਣ ਲਈ ਖੂਨ ਦਾ ਸੰਚਾਰ ਕੀਤਾ ਹੈ, ਕਹਿੰਦੇ ਹਨ ਚੁਰਾਸੀ ਲੱਖ ਜੂਨਾਂ ਇਸ ਦੁਨਿਆਵੀ ਧਰਤੀ ਤੇ ਪੈਦਾ ਹੁੰਦੀਆਂ ਹਨ ਅਤੇ ਅਖੀਰ ਵਿੱਚ ਸਾਰੇ ਜੀਵਾਂ ਤੋਂ ਬਾਅਦ ਮਨੁੱਖੀ ਜੀਵਨ ਮਿਲਦਾ ਹੈ , ਮਨੁੱਖ ਨੂੰ ਉਸ ਅਕਾਲ ਪੁਰਖ ਨੇ ਸਭ ਜੀਵਾਂ ਤੋਂ ਉੱਪਰ ਰੱਖਿਆ ਹੈ ਭਾਵ ਮਨੁੱਖ ਨੂੰ ਅਜਿਹਾ ਦਿਮਾਗ ਦਿੱਤਾ ਹੈ ਜਿਸ ਸਦਕਾ ਮਨੁੱਖ ਨੇ ਅੱਜ ਵਿਗਿਆਨ ਦੇ ਖੇਤਰ ਵਿੱਚ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਹਨ , ਅੱਜ ਦੇ ਵਿਗਿਆਨਕ ਯੁੱਗ ਵਿੱਚ ਕੋਈ ਵੀ ਕੰਮ ਅਜਿਹਾ ਨਹੀਂ ਹੈ ਜਿੱਥੇ ਤਕਨੀਕ ਦੀ ਵਰਤੋਂ ਕਰਕੇ ਉਸ ਕੰਮ ਨੂੰ ਸੁਖਾਲਾ ਨਾ ਬਣਾਇਆ ਸਕੇ।
ਵਿਗਿਆਨ ਦੇ ਸਹਾਰੇ ਹੀ ਦੁਨੀਆਂ ਵਿੱਚ ਵਿਚਰਦੇ ਹੋਏ ਹੋਰ ਜੀਵਾਂ ਨੂੰ ਬਿਮਾਰੀਆਂ ਨਾਲ ਲੜਨ ਵਿੱਚ ਮਨੁੱਖ ਨੇ ਮੱਦਦ ਕੀਤੀ ਹੈ । ਉਸੇ ਤਰ੍ਹਾਂ ਮਨੁੱਖ ਨੇ ਆਪਣੀ ਮਿਹਨਤ ਅਤੇ ਦਿਮਾਗ ਦੀ ਸੋਚਣ ਸ਼ਕਤੀ ਸਦਕਾ ਖ਼ੁਦ ਇਨਸਾਨ ਨੂੰ ਵੀ ਅਨੇਕਾਂ ਬਿਮਾਰੀਆਂ ਤੋਂ ਬਚਾਉਣ ਲਈ ਵਿਗਿਆਨ ਦੇ ਸਹਾਰੇ ਵੱਖੋ-ਵੱਖਰੀਆਂ ਮਸ਼ੀਨਾਂ ( ਜਿਵੇਂ ਅਲਟਰਾਸਾਊਂਡ ਮਸ਼ੀਨ, ਐਕਸਰੇ ਮਸ਼ੀਨ, ਸਿਟੀ ਸਕੈਨ ਅਤੇ ਐਮ.ਆਰ.ਆਈ. ਮਸੀਨਾਂ) ਤੋਂ ਇਲਾਵਾ ਵੱਖੋ-ਵੱਖਰੀਆਂ ਬਿਮਾਰੀਆਂ ਨਾਲ ਲੜਨ ਲਈ ਅਲੱਗ ਅਲੱਗ ਤਰ੍ਹਾਂ ਦੀਆਂ ਦਵਾਈਆਂ ਦਾ ਇਜਾਦ ਕੀਤਾ ਹੈ।
ਇਹ ਤਾਂ ਸੀ ਗੱਲ ਵਿਗਿਆਨ ਦੇ ਸਹਾਰੇ ਮਨੁੱਖ ਦੇ ਦਿਮਾਗ਼ ਦੀ ਸੋਚਣ ਸ਼ਕਤੀ ਸਦਕਾ ਸਫਲਤਾ ਹਾਸਲ ਕਰਨ ਦੀ ।
ਮੁੱਖ ਗੱਲ ਤੇ ਆਉਂਦੇ ਹਾਂ ਸ਼ੁਰੂ ਵਿੱਚ ਜ਼ਿਕਰ ਕੀਤਾ ਸੀ ਕਿ ਅਕਾਲ ਪੁਰਖ ਨੇ ਸਾਹਾਂ ਦੀ ਡੋਰ ਨੂੰ ਚਲਦੇ ਰੱਖਣ ਲਈ ਸ਼ਰੀਰ ਵਿੱਚ ਖੂਨ ਦਾ ਸੰਚਾਰ ਕੀਤਾ ਹੈ, ਇਸ ਖ਼ੂਨ ਦਾ ਰੰਗ (ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਜੀਵ ਹੋਵੇ ) ਹਮੇਸ਼ਾ ਲਾਲ ਹੀ ਹੁੰਦਾ ਹੈ ਅਤੇ ਇਹ ਕੁਦਰਤ ਦੇ ਨਿਯਮ ਅਨੁਸਾਰ ਹੀ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ, ਇਹ ਖੂਨ ਹੀ ਹੈ ਜਿਸ ਦੇ ਸ਼ਰੀਰ ਵਿੱਚ ਹਰ ਸਮੇਂ ਚਲਦੇ ਰਹਿਣ ਵਾਲੇ ਪ੍ਰਵਾਹ ਸਦਕਾ ਹੀ ਸਾਹਾਂ ਦੀ ਡੋਰ ਚਲਦੀ ਹੈ ਅਤੇ ਇਸ ਖੂਨ ਦਾ ਪ੍ਰਵਾਹ ਸ਼ਰੀਰ ਦੇ ਸੁੱਤੀ ਪਈ ਅਵਸਥਾ ਵਿੱਚ ਵੀ ਨਿਰੰਤਰ ਚਲਦਾ ਰਹਿੰਦਾ ਹੈ, ਖੂਨ ਬਿਨਾਂ ਜੀਵਨ ਕਿਸੇ ਵੀ ਹਾਲਾਤ ਵਿੱਚ ਸੰਭਵ ਨਹੀਂ ਹੈ ਭਾਵ ਜੇ ਸ਼ਰੀਰ ਵਿੱਚ ਖੂਨ ਦੀ ਘਾਟ ਪੈਦਾ ਹੋ ਜਾਵੇ ਤਾਂ ਬਿਮਾਰੀਆਂ ਸ਼ਰੀਰ ਨੂੰ ਜਕੜਨੀਆਂ ਸ਼ੁਰੂ ਕਰ ਦਿੰਦੀਆਂ ਹਨ ।
ਖੂਨ ਵਿੱਚ ਵਾਧਾ ਕਰਨ ਲਈ ਕਈ ਤਰ੍ਹਾਂ ਦੇ ਫ਼ਲ,ਸਬਜ਼ੀਆਂ ਅਤੇ ਕੁਦਰਤੀ ਬੂਟੀਆਂ ਬਹੁਤ ਲਾਹੇਵੰਦ ਹੁੰਦੀਆਂ ਹਨ, ਜਦੋਂ ਕੋਈ ਇਨਸਾਨ ਕਿਸੇ ਬਿਮਾਰੀ ਨਾਲ ਜੂਝਦਾ ਹੈ ਤਾਂ ਸੁਭਾਵਿਕ ਹੀ ਹੈ ਕਈ ਕੇਸਾਂ ਵਿੱਚ ਖੂਨ ਦੀ ਘਾਟ ਪੈਦਾ ਹੋ ਜਾਂਦੀ ਹੈ, ਇਨਸਾਨ ਦੇ ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਇਨਸਾਨ ਨੇ ਵਿਗਿਆਨ ਦੇ ਸਹਾਰੇ ਦੂਜੇ ਤੰਦਰੁਸਤ ਮਨੁੱਖ ਦੇ ਸਰੀਰ ਵਿੱਚੋਂ ਖੂਨ ਲੈ ਕੇ ਬਿਮਾਰ ਮਨੁੱਖ ਦੇ ਸਰੀਰ ਵਿੱਚ ਪਹੁੰਚਾ ਕੇ ਖੂਨ ਦੀ ਮਾਤਰਾ ਨੂੰ ਪੂਰਾ ਕੀਤਾ ਹੈ। ਜਿਸ ਸਦਕਾ ਬਿਮਾਰ ਵਿਅਕਤੀ ਦੁਬਾਰਾ ਤੰਦਰੁਸਤ ਹੋ ਕੇ ਚਲ ਫਿਰ ਸਕਦਾ ਹੈ ਅਤੇ ਆਪਣੇ ਜੀਵਨ ਨੂੰ ਨਿਰਵਿਘਨ ਅੱਗੇ ਵਧਾਉਂਦਾ ਹੈ, ਖੂਨ ਦਾਨ ਕਰਨ ਵਾਲਾ ਮਨੁੱਖ ਜੋ ਪਹਿਲਾਂ ਹੀ ਤੰਦਰੁਸਤ ਹੁੰਦਾ ਹੈ ਖ਼ੂਨਦਾਨ ਕਰਨ ਤੋਂ ਬਾਅਦ ਉਸ ਵਲੋਂ ਦਾਨ ਕੀਤਾ ਕੁੱਝ ਦਿਨਾਂ ਵਿੱਚ ਹੀ ਪੂਰਾ ਹੋ ਜਾਂਦਾ ਹੈ ਅਤੇ ਉਹ ਖੂਨਦਾਨੀ ਸੱਜਣ ਇੱਕ ਵਾਰ ਖੂਨ ਦਾਨ ਕਰਨ ਤੋਂ ਤਿੰਨ ਮਹੀਨੇ ਬਾਅਦ ਦੁਬਾਰਾ ਖੂਨਦਾਨ ਕਰ ਸਕਦਾ ਹੈ, ਖੂਨਦਾਨ ਕਰਨ ਲਈ ਉਮਰ 20 ਤੋਂ 55 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ।
ਇੱਕ ਤੰਦਰੁਸਤ ਵਿਅਕਤੀ ਦੇ ਸ਼ਰੀਰ ਵਿੱਚੋਂ ਖੂਨ ਲੈ ਕੇ ਬਲੱਡ ਬੈਂਕ ਵਿੱਚ 35 ਦਿਨਾਂ ਤੱਕ ਰੱਖਿਆ ਜਾ ਸਕਦਾ ਹੈ ਤੇ ਇਹ ਸਮਾਂ ਬੀਤਣ ਤੋਂ ਬਾਅਦ ਇਸ ਖੂਨ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ। ਖੂਨ ਦਾਨ ਸਾਰੇ ਦਾਨਾਂ ਤੋਂ ਮਹਾਨ ਗਿਣਿਆ ਗਿਆ ਹੈ, ਖੂਨ ਦਾਨ ਕਰਕੇ ਕਿਸੇ ਵੀ ਇਨਸਾਨ ਦੀ ਜਾਨ ਬਚਾਈ ਜਾ ਸਕਦੀ ਹੈ, ਦੁਨੀਆਂ ਭਰ ਵਿੱਚ ਇਨਸਾਨੀਅਤ ਦੇ ਨਾਤੇ ਕਈ ਸੰਸਥਾਵਾਂ ਵਲੋਂ ਆਏ ਦਿਨ ਖੂਨਦਾਨ ਕੈਂਪ ਆਯੋਜਿਤ ਕਰ ਕੇ ਖੂਨਦਾਨ ਕਰਨ ਲਈ ਹੋਰ ਮਨੁੱਖਾਂ ਵੀ ਪ੍ਰੇਰਿਤ ਕੀਤਾ ਜਾਂਦਾ ਹੈ, ਖੂਨ ਦਾ ਰੰਗ ਚਾਹੇ ਕੁਦਰਤ ਵਲੋਂ ਲਾਲ ਹੀ ਹੈ ਪਰ ਕੁਦਰਤ ਦੇ ਨਿਯਮ ਅਨੁਸਾਰ ਹਰ ਮਨੁੱਖ ਵਿੱਚ ਖੂਨ ਦਾ ਗਰੁੱਪ ਅਲੱਗ ਅਲੱਗ ਹੋ ਸਕਦਾ ਹੈ, ਖੂਨ ਦੀ ਕਮੀਂ ਵਾਲੇ ਬਿਮਾਰ ਮਨੁੱਖ ਦਾ ਖੂਨ ਪੂਰਾ ਕਰਨ ਲਈ ਤੰਦਰੁਸਤ ਵਿਅਕਤੀ ਦੇ ਖੂਨ ਨਾਲ ਬਿਮਾਰ ਵਿਅਕਤੀ ਦੇ ਖੂਨ ਦੇ ਗਰੁੱਪ ਦਾ ਵਿਗਿਆਨਕ ਤਕਨੀਕ ਰਾਹੀਂ ਮਿਲਾਨ ਕੀਤਾ ਜਾਂਦਾ ਹੈ ।
ਖੂਨ ਦਾ ਗਰੁੱਪ ਮਿਲਦਾ ਹੋਣ ਤੋਂ ਬਾਅਦ ਹੀ ਬਿਮਾਰ ਵਿਅਕਤੀ ਨੂੰ ਖੂਨ ਦਿੱਤਾ ਜਾਂਦਾ ਹੈ, ਜਿਸ ਸਦਕਾ ਬਿਮਾਰ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਹੈ, ਖੂਨਦਾਨ ਕਰਨ ਨਾਲ ਖੂਨਦਾਨੀ ਦੇ ਵੀ ਕਈ ਤਰ੍ਹਾਂ ਦੇ ਟੈਸਟ ਫਰੀ ਵਿੱਚ ਹੋ ਜਾਂਦੇ ਹਨ ਅਤੇ ਇਹ ਟੈਸਟ ਲੈਣੇ ਵੀ ਜ਼ਰੂਰੀ ਹੁੰਦੇ ਤਾਂ ਜੋ ਖੂਨ ਦਾਨੀ ਦੇ ਸ਼ਰੀਰ ਵਿੱਚ ਹੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਤਾਂ ਨਹੀਂ ਹੈ ਜਿਸ ਨਾਲ ਪਹਿਲਾਂ ਤੋਂ ਹੀ ਬਿਮਾਰ ਜਾਂ ਖੂਨ ਦੀ ਕਮੀਂ ਵਾਲੇ ਵਿਅਕਤੀ ਨੂੰ ਹੋਰ ਕਿਸੇ ਤਰ੍ਹਾਂ ਦੀ ਬਿਮਾਰੀ ਨਾਲ ਨਾ ਜੂਝਣਾ ਪੈ ਜਾਵੇ ।
ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਖੂਨਦਾਨ ਕਰਕੇ ਤੁਸੀਂ ਵੀ ਉਹਨਾਂ ਵਿਅਕਤੀਆਂ ਦੀ ਲਿਸਟ ਵਿੱਚ ਆਪਣਾ ਨਾਮ ਲਿਖਵਾਓ ਜੋ ਲਗਾਤਾਰ ਖੂਨਦਾਨ ਕਰਦੇ ਹੋਏ ਮਾਨਵ ਜੀਵਨ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੇ ਹਨ ਅਤੇ ਮਾਨਵਤਾ ਲਈ ਇੱਕ ਵਰਦਾਨ ਸਾਬਿਤ ਹੋ ਰਹੇ ਹਨ । ਮੇਰੇ ਵਲੋਂ ਇਹ ਲੇਖ ਲਿਖਣ ਦਾ ਮੁੱਖ ਉਦੇਸ਼ ਵੀ ਇਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰ ਕੇ ਖੂਨਦਾਨ ਕਰਨ ਲਈ ਪ੍ਰੇਰਿਆ ਜਾਵੇ।
ਲਿਖ਼ਤ – ਨਿਰਮਲ ਸਿੰਘ ਨਿੰਮਾ
ਸੰਪਰਕ 99147 21831
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly