ਸ੍ਰੀਨਗਰ (ਸਮਾਜ ਵੀਕਲੀ): ਜੰਮੂ ਵਿਚ ਹਵਾਈ ਸੈਨਾ ਦੇ ਟਿਕਾਣੇ ’ਤੇ ਡਰੋਨ ਨਾਲ ਹਮਲਾ ਹੋਣ ਤੋਂ ਹਫ਼ਤੇ ਬਾਅਦ ਪ੍ਰਸ਼ਾਸਨ ਨੇ ਸ੍ਰੀਨਗਰ ਵਿਚ ਡਰੋਨ ਦੀ ਵਿਕਰੀ, ਇਸ ਨੂੰ ਰੱਖਣ ਤੇ ਵਰਤਣ ਉਤੇ ਪਾਬੰਦੀ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਜੰਮੂ ਖੇਤਰ ਦੇ ਸਰਹੱਦੀ ਜ਼ਿਲ੍ਹਿਆਂ ਰਾਜੌਰੀ ਤੇ ਕਠੂਆ ਵਿਚ ਡਰੋਨਾਂ ਦੀ ਵਰਤੋਂ ਉਤੇ ਪਾਬੰਦੀ ਲਾਈ ਜਾ ਚੁੱਕੀ ਹੈ। ਸ੍ਰੀਨਗਰ ਦੇ ਡੀਸੀ ਮੁਹੰਮਦ ਐਜਾਜ਼ ਨੇ ਹੁਕਮ ਦਿੱਤਾ ਹੈ ਕਿ ਜਿਨ੍ਹਾਂ ਕੋਲ ਡਰੋਨ ਕੈਮਰੇ ਤੇ ਇਸ ਤਰ੍ਹਾਂ ਦੇ ਹੋਰ ਉਡਣ ਵਾਲੇ ਉਪਕਰਨ ਹਨ, ਉਹ ਇਨ੍ਹਾਂ ਨੂੰ ਸਥਾਨਕ ਪੁਲੀਸ ਥਾਣਿਆਂ ਵਿਚ ਜਮ੍ਹਾਂ ਕਰਵਾਉਣ। ਹੁਕਮ ਵਿਚ ਹਾਲਾਂਕਿ ਸਰਕਾਰੀ ਵਿਭਾਗਾਂ ਨੂੰ ਛੋਟ ਦਿੱਤੀ ਗਈ ਹੈ ਤੇ ਉਹ ਜ਼ਰੂਰੀ ਕੰਮਕਾਜ ਲਈ ਡਰੋਨ ਵਰਤਦੇ ਰਹਿਣਗੇ। ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਹੈ ਕਿ ਹਦਾਇਤਾਂ ਦੀ ਉਲੰਘਣਾ ਹੋਣ ’ਤੇ ਸਖ਼ਤ ਕਾਰਵਾਈ ਹੋਵੇਗੀ।
ਡਰੋਨ ਦੀ ਵਰਤੋਂ ਉਤੇ ਪਾਬੰਦੀ ਦੀ ਸਿਫ਼ਾਰਿਸ਼ ਸ਼ਹਿਰ ਦੇ ਪੁਲੀਸ ਮੁਖੀ ਨੇ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਅਤਿ ਸੰਵੇਦਨਸ਼ੀਲ ਟਿਕਾਣਿਆਂ ਤੇ ਜ਼ਿਆਦਾ ਆਬਾਦੀ ਵਾਲੇ ਇਲਾਕਿਆਂ ਵਿਚ ‘ਏਅਰਸਪੇਸ ਸੁਰੱਖਿਅਤ ਕਰਨ ਲਈ’ ਡਰੋਨਾਂ ਦੀ ਵਰਤੋਂ ਉਤੇ ਪਾਬੰਦੀ ਲਾਉਣਾ ਜ਼ਰੂਰੀ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਕੈਮਰਾ ਡਰੋਨ ਦੀ ਵਰਤੋਂ ਕਈ ਤਰ੍ਹਾਂ ਦੇ ਸਮਾਜਿਕ ਤੇ ਸਭਿਆਚਾਰਕ ਇਕੱਠਾਂ ਵਿਚ ਹੁੰਦੀ ਹੈ। ਪ੍ਰਸ਼ਾਸਨ ਮੁਤਾਬਕ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਡਰੋਨਾਂ ਨੂੰ ਉੱਡਣ ਦੀ ਖੁੱਲ੍ਹ ਦੇਣਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly