ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪਿਛਲੇ ਕਾਫੀ ਸਮੇਂ ਤੋਂ ਭੀਮ ਨਗਰ ਇਲਾਕੇ ਦੇ ਲੋਕ ਖਰਾਬ ਟਿਊਬਵੈੱਲਾਂ ਕਾਰਨ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ। ਭਾਰੀ ਗਰਮੀ ਦੇ ਮੌਸਮ ਵਿੱਚ ਗਰੀਬ ਲੋਕ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ। ਸਥਾਨਕ ਕੌਂਸਲਰ ਵੀ ਲੋਕਾਂ ਦੀ ਮਦਦ ਲਈ ਅੱਗੇ ਆਉਣ ਦੀ ਬਜਾਏ ਟੈਂਕੀਆਂ ਤੋਂ ਵੰਡੇ ਜਾਂਦੇ ਪਾਣੀ ਵਿੱਚ ਵਿਤਕਰੇ ਦੀ ਨੀਤੀ ਅਪਣਾ ਰਹੇ ਹਨ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਅੱਜ ਭਾਜਪਾ ਆਗੂ ਵਿਨੈ ਕੁਮਾਰ ਦੀ ਅਗਵਾਈ ਹੇਠ ਭੀਮ ਨਗਰ ਦੇ ਵੱਡੀ ਗਿਣਤੀ ਵਾਸੀਆਂ ਨੇ ਨਗਰ ਨਿਗਮ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਅਤੇ ਕਮਿਸ਼ਨਰ, ਸਹਾਇਕ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਆਦਿ ਉੱਚ ਅਧਿਕਾਰੀਆਂ ਨੂੰ ਆਪਣੀ ਦੁਰਦਸ਼ਾ ਦੱਸੀ। ਉਪਰੋਕਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ 10 ਜੁਲਾਈ ਤੋਂ ਹਰ ਕਿਸੇ ਨੂੰ ਨਵੇਂ ਟਿਊਬਵੈੱਲ ਤੋਂ ਪਾਣੀ ਮਿਲ ਜਾਵੇਗਾ। ਉਨ੍ਹਾਂ ਦੇ ਭਰੋਸੇ ’ਤੇ ਧਰਨਾ ਮੁਲਤਵੀ ਕਰ ਦਿੱਤਾ ਗਿਆ। ਵਿਨੈ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਦਿੱਤਾ ਭਰੋਸਾ ਪੂਰਾ ਨਾ ਕੀਤਾ ਤਾਂ ਤਿੱਖਾ ਅੰਦੋਲਨ ਕੀਤਾ ਜਾਵੇਗਾ। ਇਸ ਮੌਕੇ ਰਮਨ ਕੁਮਾਰ, ਪੰਕਜ ਮਿੱਤਰ, ਬਿੱਕੀ ਪਾਛੜ, ਪੁਸ਼ਪ, ਨਗਿੰਦਰ, ਅੰਕਿਤ, ਰਾਜਾ, ਬੇਗਰਾਮ, ਅਰੁਣ, ਸੰਨੀ, ਉਮੇਸ਼, ਵਿਰਨ ਰਾਏ, ਮਨਦੀਪ, ਸ਼ਿਵਮ, ਹਰਜਿੰਦਰ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly