ਮੋਹ ਅਤੇ ਮਮਤਾ ਨਾਲ ਭਿੱਜਿਆ ਰਿਸ਼ਤਾ ਭੂਆ – ਭਤੀਜੀ ਦਾ

ਲੇਖਿਕਾ ਆਪਣੀ ਭਤੀਜੀ ਨਾਲ
ਕਵਿਤਾ ਬੇਦੀ 
ਕਵਿਤਾ ਬੇਦੀ

(ਸਮਾਜ ਵੀਕਲੀ) ਜਦੋਂ ਅਸੀਂ ਜ਼ਿੰਦਗੀ ਦੇ ਕੁੱਝ ਮਹੱਤਵਪੂਰਨ ਪਹਿਲੂਆਂ ਬਾਰੇ ਸੋਚਦੇ ਹਾਂ, ਤਾਂ ਰਿਸ਼ਤਿਆਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਰਿਸ਼ਤੇ ਸਾਨੂੰ ਸਿਰਫ ਮਾਨਸਿਕ ਹੀ ਨਹੀਂ ਬਲਕਿ ਜਜ਼ਬਾਤੀ ਤੌਰ ‘ਤੇ ਵੀ ਮਜ਼ਬੂਤ ਕਰਦੇ ਹਨ। ਇਹ ਸਾਡੇ ਜੀਵਨ ਦਾ ਉਹ ਅਣਮੁਲਾ ਅੰਗ ਹੈ ਜੋ ਸਾਡੇ ਹਰ ਖ਼ੁਸ਼ੀ ਅਤੇ ਗਮ ਦੇ ਪਲਾਂ ਵਿੱਚ ਸਾਥੀ ਬਣਦੇ ਹਨ।

ਪਰਿਵਾਰ ਸਾਡਾ ਪਹਿਲਾ ਰਿਸ਼ਤਿਆਂ ਦਾ ਸਰਕਲ ਹੁੰਦਾ ਹੈ ਜਿੱਥੋ ਅਸੀਂ ਸਬਕ ਸਿੱਖ ਕੇ ਜਿੰਦਗ਼ੀ ਦੀਆਂ ਕੀਮਤਾਂ ਕਦਰਾਂ ਨੂੰ ਸਮਝਦੇ ਹਾਂ। ਮਾਤਾ-ਪਿਤਾ, ਭਰਾ-ਭੈਣ, ਦਾਦਾ-ਦਾਦੀ, ਨਾਨਾ ਨਾਨੀ, ਮਾਮੇ ਚਾਚੇ, ਮਾਸੀਆ, ਭੂਆ ਅਤੇ ਹੋਰ ਪਰਿਵਾਰਕ ਮੈਂਬਰ ਸਾਡੇ ਆਸ-ਪਾਸ ਦੇ ਉਹ ਲੋਕ ਹੁੰਦੇ ਹਨ ਜੋ ਸਾਨੂੰ ਪਿਆਰ ਨਾਲ ਰਹਿਣ ਸਹਿਣ ਤੋਂ ਜਾਣੂੰ ਕਰਾਉਂਦੇ ਹਨ।
ਇਹਨਾਂ ਰਿਸ਼ਤਿਆਂ ਦੀ ਮਾਲਾ ‘ਚੋ ਇਕ ਮਣਕਾ ਹੈ ਭੂਆ ਭਤੀਜੀ ਦੇ ਰਿਸ਼ਤੇ ਦਾ। ਇਹ ਰਿਸ਼ਤਾ ਸਿਰਫ਼ ਪਰਿਵਾਰਕ ਬੰਧਨ ਹੀ ਨਹੀਂ, ਸਗੋਂ ਪਿਆਰ ਅਤੇ ਮਮਤਾ ਦਾ ਪ੍ਰਤੀਕ ਵੀ ਹੈ। ਇਸ ਰਿਸ਼ਤੇ ਵਿੱਚ ਇੱਕ ਵਿਲੱਖਣ ਗਹਿਰਾਈ ਹੁੰਦੀ ਹੈ ਜੋ ਜਿੰਦਗੀ ਨੂੰ ਸੁੰਦਰ ਅਤੇ ਮਾਣਮੱਤੀ ਬਣਾਉਂਦੀ ਹੈ। ਭੂਆ, ਜੋ ਕਿ ਭਤੀਜੀ ਦੇ ਪਿਤਾ ਦੀ ਭੈਣ ਹੁੰਦੀ ਹੈ ਅਤੇ ਪਰਿਵਾਰ ਵਿੱਚ ਇੱਕ ਅਹਿਮ ਸਥਾਨ ਰੱਖਦੀ ਹੈ। ਉਸ ਦੀ ਮੌਜੂਦਗੀ ਸਿਰਫ਼ ਪਰਿਵਾਰ ਨੂੰ ਸੁਧਾਰਨ ਵਿੱਚ ਹੀ ਨਹੀਂ, ਸਗੋਂ ਸੰਸਕਾਰ ਅਤੇ ਤੌਰ ਤਰੀਕ਼ੇ ਸਿਖਾਉਣ ਵਿੱਚ ਵੀ ਮਹੱਤਵਪੂਰਨ ਹੁੰਦੀ ਹੈ।
ਭੂਆ ਦਾ ਮਮਤਾ ਭਰਿਆ ਹੱਥ ਅਤੇ ਪਿਆਰ ਆਪਣੀ ਭਤੀਜੀ ਪ੍ਰਤੀ ਬੇਮਿਸਾਲ ਹੁੰਦਾ ਹੈ। ਉਹ ਭਤੀਜੀ ਦੀ ਜ਼ਿੰਦਗ਼ੀ ‘ਚ ਇੱਕ ਮਾਂ ਵਾਂਗ ਸਹਿਯੋਗ ਕਰਦੀ ਹੈ ਕਿਉਕਿ ਉਸ ਨੂੰ ਭਤੀਜੀ ਵਿਚੋਂ ਆਪਣਾ ਗੁਆਚਿਆ ਬਚਪਨ ਨਜ਼ਰ ਆਉਂਦਾ ਹੈ। ਭੂਆ-ਭਤੀਜੀ ਦਾ ਰਿਸ਼ਤਾ ਬੱਚਪਨ ਤੋਂ ਹੀ ਮਜ਼ਬੂਤ ਹੁੰਦਾਂ ਹੈ। ਭੂਆ ਆਪਣੀ ਭਤੀਜੀ ਦੇ ਨਾਲ ਖੇਡਣ, ਉਸਨੂੰ ਨਵੀਆਂ ਨਵੀਆਂ ਗੱਲਾਂ ਸਿਖਾਉਣ ਅਤੇ ਉਸਦੀ ਦੇਖਭਾਲ ਕਰਨ ਵਿੱਚ ਸਦਾ ਮੂਹਰੇ ਰਹਿੰਦੀ ਹੈ। ਭੂਆ ਦੇ ਪਿਆਰ ਅਤੇ ਮਮਤਾ ਨਾਲ ਭਰੀਆਂ ਯਾਦਾਂ, ਭਤੀਜੀ ਦੇ ਮਨ ਵਿੱਚ ਸਦਾ ਵੱਸਦੀਆਂ ਰਹਿੰਦੀਆ ਹਨ। ਭੂਆ ਦੀ ਮਮਤਾ ਕਈ ਪੱਖਾਂ ਵਿੱਚ ਦਿਖਾਈ ਦਿੰਦੀ ਹੈ। ਉਹ ਸਿਰਫ਼ ਭਤੀਜੀ ਦੀ ਸਿੱਖਿਆ ਵਿੱਚ ਹੀ ਨਹੀਂ, ਸਗੋਂ ਉਸ ਦੀ ਹਰ ਖੁਸ਼ੀ ਅਤੇ ਗ਼ਮ ਵਿੱਚ ਵੀ ਸਾਥ ਦੇਂਦੀ ਹੈ। ਜਦੋਂ ਭਤੀਜੀ ਮੁਸ਼ਕਲਾਂ ਵਿੱਚ ਹੁੰਦੀ ਹੈ, ਤਾਂ ਭੂਆ ਉਸਦਾ ਹੌਸਲਾ ਵਧਾਉਂਦੀ ਹੈ ਅਤੇ ਸਹਾਇਕ ਬਣਦੀ ਹੈ। ਭੂਆ ਦੇ ਮਮਤਾ ਭਰੇ ਸਬੰਧ, ਭਤੀਜੀ ਨੂੰ ਆਤਮ-ਵਿਸ਼ਵਾਸ ਦਿੰਦੇ ਹਨ ਅਤੇ ਉਸਨੂੰ ਸਫਲਤਾ ਦੀ ਰਾਹ ‘ਤੇ ਲੈਕੇ ਜਾਂਦੇ ਹਨ।
ਸਮੇਂ ਦੇ ਨਾਲ, ਭੂਆ-ਭਤੀਜੀ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਜਾਂਦਾ ਹੈ। ਜਦੋਂ ਭਤੀਜੀ ਵੱਡੀ ਹੁੰਦੀ ਹੈ ਅਤੇ ਆਪਣੇ ਜੀਵਨ ਦੇ ਵੱਖ-ਵੱਖ ਪੜਾਅ ਤੇ ਪਹੁੰਚਦੀ ਹੈ, ਤਾਂ ਭੂਆ ਦਾ ਸਹਿਯੋਗ ਉਸਦੇ ਲਈ ਇੱਕ ਬੱਲਬੁੱਤਾ ਬਣਦਾ ਹੈ। ਵਿਦਿਆਰਥੀ ਜੀਵਨ ਵਿੱਚ ਸਲਾਹ-ਮਸ਼ਵਰਾ, ਕਰੀਅਰ ਦੇ ਫੈਸਲਿਆਂ ਵਿੱਚ ਮਦਦ, ਵੱਖ ਵੱਖ ਤਰ੍ਹਾਂ ਦੇ ਪਕਵਾਨ ਬਨਾਉਣਾ, ਇਸ ਰਿਸ਼ਤੇ ਦੀ ਗਹਿਰਾਈ ਨੂੰ ਦਰਸਾਉਂਦਾ ਹੈ।
ਇਹ ਰਿਸ਼ਤਾ ਦੋਨੋ ਪੱਖਾਂ ਲਈ ਇੱਕ ਦੂਜੇ ਦੇ ਸਹਿਯੋਗ ਦਾ ਪ੍ਰਤੀਕ ਹੁੰਦਾ ਹੈ। ਜਿਵੇਂ ਕਿ ਭੂਆ ਆਪਣੀ ਭਤੀਜੀ ਦੇ ਹਰ ਪਲ ਦੀ ਸਾਥੀ ਹੁੰਦੀ ਹੈ, ਉਵੇਂ ਹੀ ਭਤੀਜੀ ਵੀ ਭੂਆ ਦੀ ਹਰ ਵੇਲੇ ਕਦਰ ਕਰਦੀ ਹੈ ਅਤੇ ਉਸਦੀ ਸਹਿਯੋਗੀ ਬਣਦੀ ਹੈ। ਜਦੋਂ ਭੂਆ ਨੂੰ ਆਪਣੇ ਪੇਕਿਆਂ ਵਲੋਂ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਭਤੀਜੀ ਆਪਣੀ ਸੂਝ ਬੁਝ ਨਾਲ ਉਸਦਾ ਸਾਥ ਦਿੰਦੀ ਹੈ। ਇਸ ਤਰ੍ਹਾਂ, ਇਹ ਰਿਸ਼ਤਾ ਪਿਆਰ ਦਾ ਇੱਕ ਸੱਚਾ ਸੁੱਚਾ ਨਮੂਨਾ ਵੀ ਹੁੰਦਾ ਹੈ। ਕਈ ਵਾਰ ਭੁਆ ਆਪਣੀ ਭਤੀਜੀ ਦਾ ਸਾਕ ਵੀ ਆਪਣੇਂ ਸੌਹਰੇ ਪਰਿਵਾਰ ‘ਚ ਕਰਵਾ ਦਿੰਦੀ ਹੈ ਤਾਂ ਜੋ ਭਤੀਜੀ ਹਮੇਸ਼ਾਂ ਲਈ ਉਸ ਦੇ ਨਜ਼ਦੀਕ ਰਹੇ।
ਭੂਆ-ਭਤੀਜੀ ਦਾ ਰਿਸ਼ਤਾ ਪਿਆਰ, ਮਮਤਾ ਅਤੇ ਸਮਰਪਣ ਦਾ ਇੱਕ ਖਾਸ ਬੰਧਨ ਹੈ। ਇਹ ਰਿਸ਼ਤਾ ਸਾਡੇ ਪਰਿਵਾਰਕ ਬੰਧਨਾਂ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ ਅਤੇ ਸਾਨੂੰ ਜੀਵਨ ਵਿੱਚ ਪਿਆਰ ਅਤੇ ਸਹਿਯੋਗ ਦੇ ਮਹੱਤਵ ਨੂੰ ਸਮਝਾਉਂਦਾ ਹੈ। ਇਹ ਰਿਸ਼ਤਾ ਸਿਰਫ਼ ਰਿਸ਼ਤੇਦਾਰੀ ਤੱਕ ਸੀਮਿਤ ਨਹੀਂ, ਸਗੋਂ ਮਾਨਸਿਕ ਅਤੇ ਆਤਮਿਕ ਤੌਰ ‘ਤੇ ਵੀ ਸਾਡੇ ਜੀਵਨ ਨੂੰ ਸੁਧਾਰਦਾ ਹੈ। ਇਸ ਲਈ, ਸਾਨੂੰ ਭੂਆ-ਭਤੀਜੀ ਦੇ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਹੋਰ ਵੀ ਮਜਬੂਤ ਬਣਾਉਣਾ ਚਾਹੀਦਾ ਹੈ।
ਰਿਸ਼ਤਿਆਂ ਦੀ ਮਜ਼ਬੂਤੀ ਲਈ ਉਨ੍ਹਾਂ ਦੀ ਪਾਲਨਾ ਵੀ ਬਹੁਤ ਜਰੂਰੀ ਹੁੰਦੀ ਹੈ। ਭੂਆ-ਭਤੀਜੀ ਦੇ ਰਿਸ਼ਤੇ ਨੂੰ ਵੀ ਸਮੇਂ ਅਤੇ ਧਿਆਨ ਦੀ ਲੋੜ ਹੁੰਦੀ ਹੈ। ਦੋਨੋ ਪੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਰਿਸ਼ਤੇ ਦੀ ਮਜ਼ਬੂਤੀ ਲਈ ਨਿਰੰਤਰ ਪ੍ਰਯਤਨ ਕਰਨੇ ਜਰੂਰੀ ਹਨ। ਖੁਲ੍ਹੇ ਦਿਲ ਨਾਲ ਗੱਲਬਾਤ, ਸਮੇਂ ਸਮੇਂ ਤੇ ਮਿਲਣਾ ਅਤੇ ਇੱਕ ਦੂਸਰੇ ਦੀ ਸਥਿਤੀ ਨੂੰ ਸਮਝਣ ਹੀ ਇਸ ਰਿਸ਼ਤੇ ਨੂੰ ਮਜ਼ਬੂਤ ਬਣਾਉਂਦਾ ਹੈ।
✍️ ਕਵਿਤਾ ਬੇਦੀ 
 ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਰਧਮਾਨ ਸਪੈਸ਼ਲ ਸਟੀਲਜ਼ ਦੇ ਨੁਮਾਇੰਦਿਆਂ ਨੇ ਸੀ.ਐਸ.ਆਰ. ਤਹਿਤ 150 ਵਿਦਿਆਰਥੀਆਂ ਨੂੰ ਵੰਡੀਆਂ ਸਕੂਲ ਬੈਗ ਕਿੱਟਾਂ
Next articleMUSLIMS AND RESEVATION