ਦਰੋਪਦੀ ਜਾਂ ਦੁਰਗਾ

ਬੌਬੀ ਗੁਰ ਪਰਵੀਨ

(ਸਮਾਜ ਵੀਕਲੀ) 

ਦਰੋਪਦੀ ਨਹੀਂ ਹੁਣ
ਦੁਰਗਾ ਬਣਨਾ ਹੈ
ਤਲਵਾਰ ਦੀ ਥਾਂ ਹੱਥ ਵਿੱਚ
ਦੋ ਧਾਰੀ ਖੰਡਾ ਫੜਨਾ ਹੈ
ਔਰਤ ਦੇ ਜਿਸਮ ਤੇ
ਸਿਰਫ਼ ਉਸੇ ਦਾ ਹੱਕ ਐ
ਇਸ ਤੱਥ ਨੂੰ ਹੁਣ
ਕਬਜ਼ਾ ਕਾਰੀਆਂ ਨੇ ਸਮਝਣਾ ਹੈ ।

ਥੋੜ੍ਹੇ ਜਿਹੇ ਪਿਆਰ ਬਦਲੇ
ਜ਼ਿੰਦਗੀ ਨਿਛਾਵਰ ਕਰ ਦੇਂਦੀ
ਭਗਤੀ ਵਿੱਚ ਜੇ ਮੀਰਾ ਬਣਦੀ
ਤਾਂ ਪ੍ਰੀਤ ਵਿੱਚ ਰਾਧਾ ਬਣ ਜਾਂਦੀ
ਸਿਰ ਦੇ ਸਾਈਂ ਦੀ ਪੱਤ ਖ਼ਾਤਰ
ਰੁਕਮਣੀ ਵਾਂਗ ਹੱਸ ਕੇ
ਸਾਰੀ ਉਮਰ ਗੁਜ਼ਾਰ ਦੇਂਦੀ
ਰਿਸ਼ਤੇ ਜਿਊਂਦੇ ਰੱਖਣ ਲਈ
ਜੇਕਰ ਇਹ ਨਿਉਂਦੀ,
ਤਾਂ ਅਜਿਹਾ ਕਰ ਕਮਜ਼ੋਰੀ ਨਹੀਂ,
ਤਾਕਤ ਦੀ ਮਿਸਾਲ ਦੇਂਦੀ
ਮਕਾਨ ਘਰ ਬਣਿਆ ਰਹੇ
ਇਸ ਲਈ ਆਪਣੀਆਂ
ਖ਼ੁਸ਼ੀਆਂ ਤੱਕ ਦੀ
ਬਲੀ ਚੜ੍ਹਾਉਂਦੀ ।

ਇਹ ਔਰਤ ਹੈ
ਤ੍ਰਿਸਕਾਰ ਨਹੀਂ
ਸਤਿਕਾਰ ਕਮਾਉਂਦੀ ਹੈ ।
ਤੋਹਮਤਾਂ ਦੇ ਕਟਹਿਰੇ ਵਿੱਚ
ਇਸ ਨੂੰ ਨਹੀ,ਇਸ ਉੱਤੇ
ਇਲਜ਼ਾਮ ਲਾਉਣ ਵਾਲਿਆਂ ਨੂੰ
ਖੜਾ ਕਰਨਾ ਹੈ ।
ਜਿਹੜੇ ਕਹਿੰਦੇ ਨੇ
ਇਹ ਆਪ ਵਜ੍ਹਾ ਬਣਦੀ ਐ
ਬਲਾਤਕਾਰ ਹੋਣ ਦੀ
ਘਰੋਂ ਕੁਵੇਲੇ ਇਹ
ਬਾਹਰ ਨਿਕਲਦੀ ਐ
ਤਾਂ ਹੀ ਐਸੀ ਸਜ਼ਾ
ਇਸ ਨੂੰ ਮਿਲਦੀ ਐ।
ਪਰ ਕਾਰਣ ਇਸਦਾ
ਘਰੋਂ ਬਾਹਰ ਹੋਣਾ ਕਿਵੇਂ ਹੈ
ਜੇ ਉਸ ਸਮੇਂ ਬਲਾਤਕਾਰੀ
ਸੜਕਾਂ ਤੇ ਸਰੇਆਮ
ਅਜ਼ਾਦ ਘੁੰਮ ਰਹੇ ਹੋਣ।
ਜੇ ਇਸ ਜਬਰ ਜ਼ਿਨਾਹ ਦਾ ਕਾਰਣ ਹੈ
ਘਰਾਂ ਦੀਆਂ ਜੂਹਾਂ ਟੱਪਣਾ,
ਤਾਂ ਸਫ਼ੈਦ ਇਮਾਰਤਾਂ ਅੰਦਰ
ਜਾਣੇ ਪਛਾਣੇ ਮੁਖੌਟਿਆਂ ਪਿੱਛੇ ਲੁਕੇ
ਦਰਿੰਦਿਆਂ ਹੱਥੋਂ ,ਕਿਉਂ ਪੈਂਦਾ ਐ
ਮਜ਼ਲੂਮ ਨੂੰ ਜਬਰ ਸਹਿਣਾ
ਕਦੇ ਕਹਿਣ ਇਹ ਚਰਿੱਤਰਹੀਣ
ਤਾਂ ਹੋਈ ਇਹਦੀ ਪੱਤ ਲੀਰੋ ਲੀਰ
ਬਾਲੜੀਆਂ ਤੇ ਬਜ਼ੁਰਗ ਬੀਬੀਆਂ ਨਾਲ
ਵਾਪਰੀ ਵਹਿਸ਼ਤ ਦਾ ਕਾਰਣ
ਹੈ ਉਹਨਾਂ ਤੋਂ ਜਾਣਨਾ ।
ਛੋਟੇ ਕੱਪੜੇ ਪਾਏਗੀ ਤਾਂ
ਇਹੀ ਕੁਝ ਕਰਾਏਗੀ
ਸੂਟਾਂ ਸਾੜੀਆਂ ਤੇ
ਬੁਰਕਿਆਂ ਦੇ ਘਾਣ ਪਿੱਛੇ
ਇਹ ਵੀ ਦੱਸ ਦਿਓ
ਕਿਹੜੀ ਦਲੀਲ ਦਿੱਤੀ ਜਾਏਗੀ।
ਬੱਸ ਬਹੁਤ ਹੋ ਗਿਆ
ਹੁਣ ਜਵਾਬ ਦੇਣਾ ਨਹੀਂ ,
ਜਵਾਬ ਮੰਗਣਾ ਹੈ
ਅੱਖ ਨੀਵੀਂ ਕਰ ਨਹੀਂ
ਅੱਖ ਵਿੱਚ ਅੱਖ ਪਾ ਕੇ
ਸਵਾਲ ਪੁੱਛਣਾ ਹੈ
ਸਿਰ ਊਚਾ ਕਰ ਤੁਰਨਾ ਹੈ
ਆਪਣਾ ਸਹਾਰਾ
ਆਪ ਹੀ ਬਣਨਾ ਹੈ।

ਉਹ ਭੀੜ,ਜਿਹੜੀ ਅੱਜ
ਤੇਰੇ ਦੁੱਖ ਵਿੱਚ ਸ਼ਾਮਲ ਹੋ
ਸੜਕਾਂ ਤੇ ਉਤਰੇਗੀ
ਕੁੱਝ ਦਿਨਾਂ ਮਗਰੋਂ ਹੌਲੀ ਹੌਲੀ
ਆਪਣੀ ਆਪਣੀ
ਜ਼ਿੰਦਗੀ ਵਿੱਚ ਪਰਤੇਗੀ ।
ਭੁੱਲ ਜਾਵੇਗੀ
ਅਗਲੀ ਕਿਸੇ ਅਣਹੋਣੀ ਤੱਕ ਸਭ
ਛੱਡ ਦੇਵੇਗੀ ਤੈਨੂੰ, ਤੇਰੇ ਹਾਲ ਤੇ ।
ਨਿਰਣਾ ਤੇਰਾ ਹੈ
ਦਰੋਪਦੀ ਬਣਨਾ ਹੈ ?
ਜਾਂ ਦੁਰਗਾ ਬਣਨਾ ਹੈ ?
ਅਤੇ ਆਪਣੇ ਲਈ
ਆਪ ਲੜਨਾ ਹੈ ।

-ਬੌਬੀ ਗੁਰ ਪਰਵੀਨ

Previous articleਕੁਦਰਤ
Next articleਤਲਾਸ਼