ਗੁਰਬਿੰਦਰ ਸਿੰਘ ਰੋਮੀ, ਲੁਧਿਆਣਾ (ਸਮਾਜ ਵੀਕਲੀ): ਸ਼੍ਰੋਮਣੀ ਪੰਜਾਬੀ ਲਿਖ਼ਾਰੀ ਬੋਰਡ, ਪੰਜਾਬ (ਰਜਿ.) ਵੱਲੋਂ ਤੂਫ਼ਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਦੇ ਸਹਿਯੋਗ ਨਾਲ਼ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਦੀ ਪਹਿਲੀ ਮਹਿਲਾ ਪੱਤਰਕਾਰ (ਪੰਜਾਬੀ ਵਿੱਚ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ‘ਤ੍ਰਿੰਝਣ’ ਮੈਗਜ਼ੀਨ ਪ੍ਰਕਾਸ਼ਿਤ ਕਰਨ ਵਾਲ਼ੇ) ਪਹਿਲੀ ਮਹਾਂ ਕਾਵਿ ਰਚੇਤਾ ਅਤੇ ਮਿਉਂਸਪਲ ਕਮੇਟੀ ਵਿੱਚ ਮੈਂਬਰ ਵਜੋਂ ਸ਼ਮੂਲੀਅਤ ਕਰਨ ਵਾਲੀ ਪਹਿਲੀ ਔਰਤ ਸ੍ਰੀਮਤੀ ਨਿਰਅੰਜਨ ਅਵਤਾਰ ਕੌਰ ਜੀ ਦੀ ਸਲਾਨਾ ਬਰਸੀ ਮੌਕੇ ਵਿਸ਼ਾਲ ਸਮਾਰੋਹ ਕਰਵਾਇਆ ਗਿਆ। ਅੰਤਰ-ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਸ ਸਮਾਗਮ ਵਿੱਚ ਵੱਖੋ-ਵੱਖ ਸਾਹਿਤਕ ਸਭਾਵਾਂ/ਵਿਦਿਅਕ ਅਦਾਰਿਆਂ ਦੇ ਮੁਖੀਆਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਪ੍ਰਧਾਨਗੀ ਮੰਡਲ ਵਿੱਚ ਸਿਰਜਣ ਧਾਰਾ ਦੇ ਪ੍ਰਧਾਨ ਕਰਮਜੀਤ ਸਿੰਘ ਔਜਲਾ, ਨੈਸ਼ਨਲ ਤੇ ਸਟੇਟ ਅਵਾਰਡੀ ਡਾ. ਗੁਰਚਰਨ ਕੌਰ ਕੋਚਰ, ਸਿਵਲ ਜੱਜ ਰਸਵੀਨ ਕੌਰ ਪੀ.ਸੀ.ਐਸ., ਸਿਵਲ ਜੱਜ ਇੰਦਰਜੀਤ ਸਿੰਘ ਪੀ.ਸੀ.ਐਸ., ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕਲੈਬੋਰੇਟਰ ਡਾ. ਹਰੀ ਸਿੰਘ ਜਾਚਕ, ਪ੍ਰੀਤ ਸਾਹਿਤ ਸਦਨ ਦੇ ਪ੍ਰਧਾਨ ਮਨੋਜ ਪ੍ਰੀਤ, ਡਾ.ਬਲਵਿੰਦਰ ਸਿੰਘ ਵਾਲੀਆ ਅਤੇ ਉਰਦੂ ਦੇ ਨਾਮਵਰ ਸ਼ਾਇਰ ਵੀਰ ਸਿੰਘ ਵੀਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪੰਜਾਬੀ ਦੀ ਪ੍ਰਸਿੱਧ ਸਾਹਿਤਕਾਰਾ ਡਾ. ਗੁਰਚਰਨ ਕੌਰ ਕੋਚਰ ਨੂੰ ‘ਸ਼੍ਰੀਮਤੀ ਨਿਰਅੰਜਨ ਅਵਤਾਰ ਕੌਰ ਯਾਦਗਾਰੀ ਅਵਾਰਡ’ ਨਾਲ਼ ਸਨਮਾਨਿਤ ਕੀਤਾ ਗਿਆ। ਜਿਸ ਵਿੱਚ 11000/- ਰੁਪਏ ਨਗਦ, ਸ਼ੋਭਾ ਪੱਤਰ ਅਤੇ ਫੁਲਕਾਰੀ ਭੇਟ ਕੀਤੇ ਗਏ।
ਨਾਲ਼ ਹੀ ਪੰਜਾਬੀ ਸਾਹਿਤ ਰਾਹੀਂ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਨਿਰੰਤਰ ਸੇਵਾ ਕਰਨ ਵਾਲੀਆਂ ਪੰਜ ਨਾਮਵਰ ਸ਼ਖ਼ਸੀਅਤਾਂ ਨਾਵਲਕਾਰ ਡਾ .ਕੁਲਵਿੰਦਰ ਕੌਰ ਮਿਨਹਾਸ, ਕਹਾਣੀਕਾਰਾ ਸੁਰਿੰਦਰ ਦੀਪ, ਵਿਦਿਅਕ ਖੇਤਰ ਵਿਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਬੀਬੀ ਰੂਪਲੀਨ ਕੌਰ ਅਤੇ ਨਾਮਵਰ ਗਾਇਕਾ ਭਾਰਤੀ ਸ਼ਰਮਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਸਿੱਧ ਗਾਇਕ ਗੁਰਵਿੰਦਰ ਸ਼ੇਰਗਿੱਲ ਅਤੇ ਸਪੈਸ਼ਲ ਚਾਈਲਡ ਸੁਰੂਤੀ ਨੇ ਸ਼੍ਰੀਮਤੀ ਨਿਰਅੰਜਨ ਦੇ ਲਿਖੇ ਗੀਤ ਗਾ ਕੇ ਖੂਬ ਰੰਗ ਬੰਨ੍ਹਿਆਂ। ਹਾਜਰ ਵਿਦਵਾਨਾਂ ਨੇ ਆਪਣੇ ਵੱਡਮੁੱਲੇ ਵਿਚਾਰਾਂ ਨਾਲ਼ ਪ੍ਰਭਾਵਸ਼ਾਲੀ ਸਾਂਝ ਪਾਈ। ਡਾ. ਜਾਚਕ ਨੇ ਬੀਬੀ ਨਿਰਅੰਜਨ ਅਤੇ ਡਾ. ਕੌਚਰ ਬਾਰੇ ਖ਼ੂਬਸੂਰਤ ਕਾਵਿ ਚਿੱਤਰ ਪੇਸ਼ ਕਰ ਕੇ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਡਾ. ਕੌਚਰ ਨੇ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ, ਉਪ ਪ੍ਰਧਾਨ ਪਵਨ ਪ੍ਰੀਤ, ਜਨਰਲ ਸਕੱਤਰ ਸਰਬਜੀਤ ਵਿਰਦੀ ਅਤੇ ਤੂਫ਼ਾਨ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਸੇਵਾ ਸ. ਵਿਰਦੀ ਨੇ ਬਾਖੂਬੀ ਨਿਭਾਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly